ਅੱਜ ਬਰਸੀ ਤੇ ਵਿਸ਼ੇਸ਼-- ਉੱਡਣਾ ਸਿੱਖ ਮਿਲਖਾ ਸਿੰਘ ਦਾ ਸਮਕਾਲੀ ਓਲੰਪੀਅਨ ਅਥਲੀਟ ਦਲਜੀਤ ਸਿੰਘ ਗਰੇਵਾਲ ਲਲਤੋਂ ਵਾਲਾ 

ਜਗਰੂਪ ਸਿੰਘ ਜਰਖੜ ਦੀ ਕਲਮ ਤੋਂ -

ਅੱਜ ਬਰਸੀ ਤੇ ਵਿਸ਼ੇਸ਼-- ਉੱਡਣਾ ਸਿੱਖ ਮਿਲਖਾ ਸਿੰਘ ਦਾ ਸਮਕਾਲੀ ਓਲੰਪੀਅਨ ਅਥਲੀਟ ਦਲਜੀਤ ਸਿੰਘ ਗਰੇਵਾਲ ਲਲਤੋਂ ਵਾਲਾ 
ਓਲੰਪੀਅਨ ਅਥਲੀਟ ਦਲਜੀਤ ਸਿੰਘ ਗਰੇਵਾਲ ਲਲਤੋਂ ਵਾਲਾ 

ਫਿਲਮੀ ਸਿਤਾਰੇ ਨਹੀਂ ਸਗੋਂ ਖੇਡ ਸਿਤਾਰੇ ਸਮਾਜ ਦੇ ਅਸਲ ਹੀਰੋ ਹੁੰਦੇ ਹਨ ,ਖੇਡ ਸਿਤਾਰੇ ਆਉਂਦੇ ਹਨ ਅਤੇ ਚਲੇ ਜਾਂਦੇ ਹਨ ਪਰ ਜੋ ਅਥਲੀਟ ਇੱਕ ਨਵੇਂ ਰਿਕਾਰਡ ਕਾਇਮ ਕਰਦਾ ਹੈ ਉਹ ਆਪਣੀਆਂ ਪ੍ਰਾਪਤੀਆ ਨਾਲ ਇੱਕ ਇਤਿਹਾਸ ਦਾ ਪੰਨਾ ਵੀ ਰੱਚ ਕੇ ਜਾਂਦਾ ਹੈ ਅਜਿਹੇ ਹੀ ਸਮਾਜ ਦੇ ਅਸਲ ਹੀਰੋ ਸਨ ਓਲੰਪੀਅਨ ਅਥਲੀਟ ਦਲਜੀਤ ਸਿੰਘ ਗਰੇਵਾਲ ਜੋ ਉੱਡਣਾ ਸਿੱਖ ਓਲੰਪੀਅਨ ਅਥਲੀਟ ਮਿਲਖਾ ਸਿੰਘ ਹੁਰਾਂ ਦੇ ਸਮਕਾਲੀ ਹੀ ਨਹੀਂ ਸਗੋਂ ਉਨ੍ਹਾਂ ਦੇ ਨਾਲ ਵੀ ਉਹ ਦੌੜਦੇ ਰਹੇ ਹਨ ।
ਦਲਜੀਤ ਸਿੰਘ ਗਰੇਵਾਲ ਜੋ ਪਿੰਡ ਲਲਤੋਂ ਖੁਰਦ ਜ਼ਿਲ੍ਹਾ ਲੁਧਿਆਣਾ ਦੇ ਜੰਮਪਲ ਸਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਪਿਤਾ ਕਰਤਾਰ ਸਿੰਘ ਮਾਤਾ ਪ੍ਰੇਮ ਕੌਰ ਦੇ ਕੁੱਖੋਂ ਜਨਮ ਲੈ ਕੇ ਸਾਲ 1935 ਤੋਂ ਸ਼ੁਰੂ ਕੀਤਾ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਲਲਤੋਂ ਕਲਾਂ ਸਕੂਲ ਤੋਂ ਕੀਤੀ ਅਤੇ ਆਪਣਾ ਖੇਡ ਕੈਰੀਅਰ ਵੀ ਇਸੇ ਸਕੂਲ ਤੋਂ ਸ਼ੁਰੂ ਕੀਤਾ ਉਹ ਹਾਕੀ ਦੇ ਬਹੁਤ ਵਧੀਆ ਸਕੂਲੀ ਪੱਧਰ ਦੇ ਖਿਡਾਰੀ ਸਨ ਆਪਣੀਆਂ ਖੇਡ ਪ੍ਰਾਪਤੀਆਂ ਜ਼ਰੀਏ ਫੌਜ ਦੇ ਵਿੱਚ ਚਲੇ ਗਏ ਜਿੱਥੇ ਉਨ੍ਹਾਂ ਨੇ ਹਾਕੀ ਦੇ ਨਾਲ ਨਾਲ ਅਥਲੈਟਿਕਸ ਦੇ ਕਰਨੀ ਸ਼ੁਰੂ ਕੀਤੀ। ਦਲਜੀਤ ਸਿੰਘ ਗਰੇਵਾਲ ਨੇ ਸਿੱਖ ਰੈਜਮੈਂਟ ਦੀ ਹਾਕੀ ਟੀਮ ਵੱਲੋਂ ਖੇਡਦਿਆਂ ਕਾਫੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਓਲੰਪੀਅਨ ਹਰੀਪਾਲ ਕੌਸ਼ਿਕ ਓਲੰਪੀਅਨ ਹਰਦਿਆਲ ਸਿੰਘ ਹੋਰਾਂ ਦੇ ਨਾਲ ਉਨ੍ਹਾਂ ਲੰਬਾ ਅਰਸਾ ਹਾਕੀ ਖੇਡੀ ਪਰ ਮੇਜਰ ਕਰਨੈਲ ਸਿੰਘ ਸਿੱਧੂ ਦੀ ਪ੍ਰੇਰਨਾ ਦੇ ਨਾਲ ਉਹ ਸਾਲ 1957 ਵਿੱਚ ਅਥਲੈਟਿਕ ਕਰਨੀ ਸ਼ੁਰੂ ਕੀਤੀ ਕੌਮੀ ਪੱਧਰ ਤੇ ਵਧੀਆ ਨਤੀਜੇ ਦੇਣ ਤੋਂ ਬਾਅਦ ਉਨ੍ਹਾਂ ਦੀ ਚੋਣ 1958 ਦੀਆਂ ਏਸ਼ੀਅਨ ਖੇਡਾਂ ਵਾਸਤੇ ਹੋਈ ਪਰ 800ਮੀਟਰ ਦੀ ਦੌੜ ਵਿੱਚ ਟਰੈਕ ਲਾਇਨ ਟੱਚ ਹੋਣ ਕਾਰਨ ਉਹ ਤਗਮਾ ਜਿੱਤਣ ਤੋਂ ਖੁੰਝ ਗਏ ਨਾਲ ਹੀ ਬਦਕਿਸਮਤੀ ਨੂੰ ਰਿਲੇਅ ਦੌੜ 4*400 ਮੀਟਰ ਵਿੱਚ ਵੀ ਸਾਥੀ ਅਥਲੀਟ ਦੇ ਸਲਿੱਪ ਹੋਣ ਕਾਰਨ ਭਾਰਤੀ ਟੀਮ ਤਗਮੇ ਤੋਂ ਖੁੰਝ ਗਈ ਪਰ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਉਨ੍ਹਾਂ ਨੇ 1957 ਤੋੰ 1966 ਤੱਕ ਕੌਮੀ ਅਤੇ ਅੰਤਰਰਾਸਟਰੀ ਪੱਧਰ ਦੀ ਅਥਲੈਟਿਕ ਵਿੱਚ ਸਰਗਰਮ ਹਿੱਸਾ ਲਿਆ ਅਤੇ ਢੇਰ ਸਾਰੀਆਂ ਪ੍ਰਾਪਤੀਆਂ ਅਤੇ ਤਗਮੇ ਜਿੱਤੇ ।
1962 ਜਕਾਰਤਾ ਏਸ਼ੀਅਨ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਤੇ ਫਿਰ 4*400 ਰਿਲੇਅ ਦੌੜ ਵਿੱਚ ਆਪਣੇ ਸਾਥੀ ਉੱਡਣਾ ਸਿੱਖ ਮਿਲਖਾ ਸਿੰਘ ,ਮੱਖਣ ਸਿੰਘ ਜਗਦੀਸ਼ ਸਿੰਘ ਨਾਲ ਸੋਨ ਤਗਮਾ ਜਿੱਤ ਕੇ ਇੱਕ ਨਵਾਂ ਕੀਰਤੀਮਾਨ ਰਚਿਆ ਇਸ ਤੋਂ ਇਲਾਵਾ 1960 ਰੋਮ ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ 1960 ਇੰਡੋ ਪਾਕਿ ਖੇਡਾਂ ਵਿੱਚ ਚਾਂਦੀ ਦਾ ਤਗਮਾ ਨਵਾਂ ਕੀਰਤੀਮਾਨ ਰੱਚ ਕੇ ਜਿੱਤਿਆ ।
ਫੌਜ ਨੇ ਉਨ੍ਹਾਂ ਨੂੰ ਬੜੇ ਮਾਣ ਸਤਿਕਾਰ ਅਤੇ ਕਈ ਐਵਾਰਡਾਂ ਦੇ ਨਾਲ ਨਿਵਾਜਿਆ ਓਲੰਪੀਅਨ ਦਲਜੀਤ ਸਿੰਘ ਗਰੇਵਾਲ ਹੋਰਾਂ ਦੀਆਂ ਪ੍ਰਾਪਤੀਆਂ ਦੀ ਸੂਚੀ ਕਾਫੀ ਲੰਬੀ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਕਦੇ ਬਣਦਾ ਸਤਿਕਾਰ ਜਾਂ ਸਨਮਾਨ ਨਹੀਂ ਦਿੱਤਾ ।ਉਹ ਓਲੰਪੀਅਨ ਉੱਡਣੇ ਸਿੱਖ ਮਿਲਖਾ ਸਿੰਘ ਦਾ ਸਮਕਾਲੀ ਅਤੇ ਹਾਣੀ ਅਥਲੀਟ ਸੀ ਮਿਲਖਾ ਸਿੰਘ ਨੂੰ ਤਾਂ “ਭਾਗ ਮਿਲਖਾ ਭਾਗ“ ਉਨ੍ਹਾਂ ਦੇ ਨਾਮ ਤੇ ਬਣੀ ਫਿਲਮ ਨੇ  ਨੇ ਦੁਨੀਆਂ ਦਾ ਨਾਇਕ ਬਣਾ ਦਿੱਤਾ ਅਤੇ ਸਰਕਾਰਾਂ ਨਵੇਂ ਵੱਡਾ ਮਾਣ ਸਤਕਾਰ ਦਿੱਤਾ ਪਰ ਓਲੰਪੀਅਨ ਅਥਲੀਟ ਦਲਜੀਤ ਸਿੰਘ ਗਰੇਵਾਲ ਦੀ ਕਿਸੇ ਨੇ ਸਾਰ ਨਹੀਂ ਲਈ । ਜਵਾਨੀ ਗਈ ਬੁਢਾਪਾ ਆਇਆ ਗੋਡਿਆਂ ਦੇ ਇਲਾਜ ਲਈ ਵੀ ਇੱਕ ਵਾਰ ਉੱਡਣੇ ਸਿੱਖ ਮਿਲਖਾ  ਸਿੰਘ ਨੇ ਵਿੱਤੀ ਮਦਦ ਕੀਤੀ ਪਰ ਸਾਡੇ ਰਾਜਨੀਤਕ ਆਕਾ ਹੁਕਮਰਾਨਾਂ ਨੂੰ ਇਹ ਪਤਾ ਹੀ ਨਹੀਂ ਕਿ ਕਿਸੇ ਖੇਡ ਸਿਤਾਰੇ ਦੀ ਕੀਮਤ ਕੀ ਹੁੰਦੀ ਹੈ ਚਲੋ ਜਿੱਥੇ ਰਾਜਨੀਤਕ ਢਾਂਚਾ ਹੀ ਕੁਰੱਪਟ ਹੋਵੇ ਉੱਥੇ ਆਸ ਰੱਖਣੀ ਵੀ ਮੂਰਖਤਾ ਹੀ ਹੁੰਦੀ ਹੈ।
ਪਰ ਪਿੰਡ ਵਾਸੀਆਂ ਅਤੇ ਇਲਾਕੇ ਨੇ ਓਲੰਪੀਅਨ ਦਲਜੀਤ ਸਿੰਘ ਗਰੇਵਾਲ ਦੀਆਂ ਪ੍ਰਾਪਤੀਆਂ ਨੂੰ ਹੱਦੋਂ ਵੱਧ ਮਾਣ ਸਤਿਕਾਰ ਅਤੇ ਸਨਮਾਨ ਦਿੱਤਾ ਉਨ੍ਹਾਂ ਨੇ ਆਪਣੇ ਪਿੰਡ ਲਲਤੋਂ ਖੁਰਦ ਵਿੱਚ ਜਿਉਂਦੇ ਜੀ ਬੱਚਿਆਂ ਦੇ ਖੇਡਣ ਲਈ ਖੇਡ ਪਾਰਕ ਬਣਾਇਆ ਉਨ੍ਹਾਂ ਦੇ ਨਾਮ ਤੇ ਓਲੰਪੀਅਨ ਦਲਜੀਤ ਸਿੰਘ ਗਰੇਵਾਲ ਅਥਲੈਟਿਕਸ ਕਲੱਬ ਬਣੀ ਜੋ ਹਰ ਸਾਲ ਜੂਨੀਅਰ ਬੱਚਿਆਂ ਦੇ ਅਥਲੈਟਿਕਸ ਮੀਟ ਕਰਵਾਉਂਦੀ ਹੈ ਅਤੇ ਜੇਤੂ ਬੱਚਿਆਂ ਨੂੰ ਮਾਨ ਸਨਮਾਨ ਵੀ ਦਿੰਦੀ ਹੈ ਅੱਜ ਤੋਂ ਪੰਜ ਵਰ੍ਹੇ ਪਹਿਲਾਂ 9ਅਪ੍ਰੈਲ 2015 ਨੂੰ ਓਲੰਪੀਅਨ ਦਲਜੀਤ ਸਿੰਘ ਗਰੇਵਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅਸੀਂ ਉਨ੍ਹਾਂ ਨੂੰ ਇਕ ਖੇਡ ਭਾਵਨਾ ਦੇ ਸਤਿਕਾਰ ਵਜੋਂ ਯਾਦ ਕਰਦੇ ਹਾਂ ਅਤੇ ਹਮੇਸ਼ਾ ਹੀ ਯਾਦ ਕਰਦੇ ਰਹਾਂਗੇ ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਹਾਨ ਖੇਡ ਸਿਤਾਰਿਆਂ ਦੀ ਢੁੱਕਵੀਂ ਯਾਦਗਾਰ ਉਨ੍ਹਾਂ ਦੇ ਪਿੰਡ  ਲ਼ਲਤੋਂ ਖੁਰਦ ਵਿੱਚ ਬਣਾਈ ਜਾਵੇ ਅਤੇ ਉਨ੍ਹਾਂ ਦੇ ਨਾਮ ਦੇ ਉੱਤੇ ਕੋਈ ਸਟੇਟ ਖੇਡ ਐਵਾਰਡ ਰੱਖ ਕੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਉੱਭਰਦੇ ਅਥਲੀਟ ਨੂੰ ਦਿੱਤਾ ਜਾਵੇ ਇਹੋ ਓੁਸ ਮਹਾਨ ਅਥਲੀਟ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ।
ਰੱਬ ਰਾਖਾ...