ਲੋਕ ਵਿਰਾਸਤ ਅਕਾਡਮੀ ਵੱਲੋਂ ਦੁੱਲਾ ਭੱਟੀ ਦੇ  432ਵੇਂ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ

ਪ੍ਰਧਾਨਗੀ ਡਾ: ਸੁਰਜੀਤ ਪਾਤਰ ਨੇ  ਕੀਤੀ

ਲੋਕ ਵਿਰਾਸਤ ਅਕਾਡਮੀ ਵੱਲੋਂ ਦੁੱਲਾ ਭੱਟੀ ਦੇ  432ਵੇਂ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ

ਲੁਧਿਆਣਾ: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬ ਕਾਮਰਸ ਤੇ ਬਿਜਨਸ ਮੈਨੇਜਮੈਂਟ ਅਸੋਸੀਏਸ਼ਨ ਦੇ ਸਹਿਯੋਗ ਨਾਲ ਅਕਬਰ ਦੇ ਰਾਜਕਾਲ ਵਿੱਚ ਕਿਸਾਨੀ ਹਿੱਤਾਂ ਦੇ ਪੱਖ ਵਿੱਚ ਆਵਾਜ਼ ਬੁਲੰਦ ਕਰ ਵਾਲੇ ਨਾਬਰ ਲੋਕ ਨਾਇਕ ਤੇ ਧਰਤੀ ਪੁੱਤਰ ਦੁੱਲਾ ਭੱਟੀ ਦੇ ਸ਼ਹੀਦੀ ਦਿਹਾੜੇ ਤੇ ਔਨ ਲਾਈਨ ਅੰਤਰ ਰਾਸ਼ਟਰੀ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਅਮਰੀਕਾ, ਕੈਨੇਡਾ ਤੇ ਯੋਰਪੀਨ ਮੁਲਕਾਂ ਦੇ ਲੇਖਕ ਤੇ ਚਿੰਤਕਾਂ ਨੇ ਭਾਗ ਲਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸੁਆਗਤੀ ਭਾਸ਼ਨ ਦਿੰਦਿਆਂ ਕਿਹਾ ਕਿ ਅੱਜ ਤੋਂ 432 ਸਾਲ ਪਹਿਲਾਂ ਦੁੱਲਾ ਭੱਟੀ ਨਾਮ ਦੇ ਕਿਸਾਨ ਸੂਰਮੇ ਨੂੰ ਲਾਹੌਰ ਦੇ ਨਖਾਸ ਇਲਾਕੇ ਚ ਫਾਂਸੀ ਦੇ ਕੇ  ਸ਼ਹੀਦ ਕੀਤਾ ਗਿਆ ਸੀ। ਉਸ ਸੂਰਮੇ ਦੁੱਲਾ ਭੱਟੀ ਦੀ ਯਾਦ ਵਿੱਚ ਇਹ ਪਹਿਲਾ ਸਮਾਗਮ ਕਰਵਾਉਣ ਦਾ ਸਾਨੂੰ ਮੌਕਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ 2014 ਚ ਲਾਹੌਰ ਵਿਖੇ ਹੋਈ ਵਿਸ਼ਵ ਅਮਨ ਕਾਨਫਰੰਸ ਮੌਕੇ ਫ਼ਖ਼ਰ ਜ਼ਮਾਂ ਸਾਹਿਬ ਦੀ ਅਗਵਾਈ ਹੇਠ ਦੁੱਲਾ ਭੱਟੀ ਦਾ ਬੁੱਤ ਅਤੇ ਯਾਦਗਾਰੀ ਸਮਾਗਮ ਕਰਵਾਉਣ ਦਾ ਐਲਾਨਨਾਮਾ ਕੀਤਾ ਗਿਆ ਸੀ ਪਰ ਸਾਨੂੰ ਕਾਮਯਾਬੀ ਹੁਣ ਮਿਲੀ ਹੈ। ਲੋਕ ਵਿਰਾਸਤ ਅਕਾਡਮੀ ਵੱਲੋਂ ਦੁੱਲਾ ਭੱਟੀ ਦਾ ਬੁੱਤ ਵੀ ਨੇੜ ਭਵਿੱਖ ਚ ਘੱਲ ਕਲਾਂ ਵਾਲੇ ਸ: ਮਨਜੀਤ ਸਿੰਘ ਗਿੱਲ ਬੁੱਤ ਤਰਾਸ਼ ਤੋਂ ਤਿਆਰ ਕਰਵਾਇਆ ਜਾਵੇਗਾਜਿਸ ਨੂੰ ਸਥਾਪਤ ਕਰਨ ਲਈ ਅੰਮ੍ਰਿਤਸਰ ਸਥਿਤ ਮੈਂਬਰਾਂ ਦੀ ਡਿਉਟੀ ਲਾਈ ਜਾਵੇਗੀ ਕਿਉਂਕਿ ਇਸ ਦੀ ਸਥਾਪਨਾ ਵਾਘਾ ਸਰਹੱਦ ਤੋਂ ਪੜਜਾਬ ਆਉਂਦੇ ਮਾਰਗ ਤੇ ਹੀ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਦੁੱਲਾ ਭੱਟੀ ਯਾਦਗਾਰੀ ਸਮਾਗਮ ਹਰ ਸਾਲ ਲੋਕ ਵਿਰਾਸਤ ਅਕਾਡਮੀ ਵੱਲੋਂ ਕਰਵਾਇਆ ਜਾਵੇਗਾ।
ਦੁੱਲਾ ਭੱਟੀ ਬਾਰੇ ਵੱਡ ਆਕਾਰੀ ਪੁਸਤਕ ਲਿਖਣ ਵਾਲੇ ਇਤਿਹਾਸਕਾਰ ਸ: ਧਰਮ ਸਿੰਘ ਗੋਰਾਇਆ ਮੈਰੀਲੈਂਡ(ਅਮਰੀਕਾ) ਨੇ ਮੁੱਖ ਭਾਸ਼ਨ ਦਿੰਦਿਆਂ ਕਿਹਾ ਕਿ
ਇਤਿਹਾਸਕਾਰਾਂ ਦੀਆਂ ਆਪ ਹੁਦਰੀਆਂ ਕਾਰਨ ਸਾਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅੰਦਰ ਕਿੰਨਾ ਕੁਝ ਇਤਿਹਾਸਕਾਰਾਂ ਵੱਲੋਂ ਲਿਖਿਆ ਗਲਤ ਪੜ੍ਹਾਇਆ ਜਾਂਦਾ ਰਿਹਾ ਹੈ ਜਿਵੇਂ ਕਿਸੇ ਸ਼ੇਖੂ ਭਾਵ ਅਕਬਰ ਦੇ ਲੜਕੇ ਸਲੀਮ ਜਹਾਂਗੀਰ ਨੂੰ ਮਾਈ ਲੱਧੀ ਨੇ ਆਪਣਾ ਦੁੱਧ ਪਿਲਾ ਕੇ ਜਵਾਨ ਨਹੀਂ ਸੀ ਕੀਤਾ। ਦੁੱਲਾ ਸਾਂਦਲ ਬਾਰ ਵਿੱਚ 1547 ਨੂੰ ਪੈਦਾ ਹੋਇਆ ਸਲੀਮ ਜਹਾਂਗੀਰ 31ਅਗਸਤ 1569 ਨੂੰ ਫਤਿਹਪੁਰ ਸੀਕਰੀ ਪੈਦਾ ਹੋਇਆ ਸੀ। ਉਮਰ ਦਾ ਫ਼ਰਕ 21 -22 ਸਾਲ ਸੀ। ਦੁੱਲਾ ਭੱਟੀ ਦੇ ਬਾਪ ਦਾਦੇ ਨੂੰ ਅਕਬਰ ਨੇ ਨਹੀਂ,ਲਾਹੌਰ ਦੇ ਮੁਗ਼ਲ ਸ਼ਾਹੀ ਅਹਿਲਕਾਰਾਂ ਵੱਲੋਂ ਫਾਂਸੀ ਦਿੱਤੀ ਗਈ ਸੀ। ਜਦੋਂ ਇਨ੍ਹਾਂ ਭੱਟੀਆਂ ਨੂੰ ਫਾਂਸੀ ਚਾਡ਼੍ਹਿਆ ਗਿਆ ਸੀ ਉਸ ਵਕਤ ਅਕਬਰ ਮਹਿਜ਼ ਪੰਜ ਸਾਲ ( ਜਨਮ  15  ਅਕਤੂਬਰ  1542) ਦਾ ਸੀ ।ਨੰਦੀ ਮਿਰਾਸਣ ਦੇ ਮਿਹਣਿਆਂ ਤਾਨਿਆਂ ਨੇ ਦੁੱਲੇ ਭੱਟੀ ਨੂੰ ਬਦਲਾ ਲੈਣ ਲਈ ਨਹੀਂ ਸੀ ਜਗਾਇਆ। ਪਿੰਡ ਇਲਾਕੇ ਜੂਹ ਵਿੱਚ ਕਤਲ ਹੋਇਆ ਹੋਵੇ ਤਾਂ ਜੱਟਾਂ ਦੇ ਚੌਧਰੀਆਂ ਦੇ ਜਵਾਨ ਪੁੱਤਰਾਂ ਨੂੰ ਪਤਾ ਹੀ ਨਾ ਲੱਗੇ। ਇੰਜ ਪੰਜਾਬ ਅੰਦਰ ਤਾਂ ਨਹੀਂ ਸੀ ਹੋ ਸਕਦਾ।  ਉਨ੍ਹਾਂ ਕਿਹਾ ਕਿ ਦੁੱਲਾ ਭੱਟੀ ਫੜਿਆ ਜਾਣ ਵੇਲੇ ਲਾਹੌਰ ਕਿਲ੍ਹੇ ਅੰਦਰ ਮਹੁਰਾ ਚੱਟ ਕੇ ਆਪਣੇ ਆਪ ਨੂੰ ਖ਼ਤਮ ਕਰ ਲੈਂਦਾ ਦੱਸਣ ਵਾਲੇ ਇਤਿਹਾਸਕਾਰ ਨੂੰ ਜਾਂ ਤਾਂ ਰਾਜਪੂਤਾਂ ਦੇ ਇਤਿਹਾਸ  ਦੀ ਜਾਣਕਾਰੀ ਨਹੀਂ ਤੇ ਜਾਂ ਹਾਕਮਾਂ ਵੱਲੋਂ  ਦਿੱਤੀਆਂ  ਮੋਹਰਾਂ ਦੀ ਚਮਕ ਮੂਹਰੇ ਉਨ੍ਹਾਂ ਦੀਆਂ ਅੱਖਾਂ ਚੁੰਧਿਆਈਆਂ ਗਈਆਂ ਸਨ।  ਇਤਿਹਾਸ ਚ ਦੁੱਲਾ ਭੱਟੀ ਨੂੰ ਡਾਕੂ,ਲੁਟੇਰਾ,ਧਾੜਵੀ ਲਿਖਿਆ  ਗਿਆ। ਇਹ ਸਹੀ ਨਹੀਂ।
  ਉਨ੍ਹਾਂ ਦੱਸਿਆ ਕਿ ਪਿੰਡ ਪਿੰਡੀ ਭੱਟੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੁੱਲਾ ਭੱਟੀ ਸੰਗਤ ਬਣਵਾਈ ਤੇ ਪਿੰਡੀ ਭੱਟੀਆਂ ਦੇ ਲਾਗਲੇ ਪਿੰਡ ਦੁੱਲੇਕੀ ਵਿਖੇ ਦੁੱਲਾ ਭੱਟੀ ਦਾ ਬੁੱਤ ਵੀ ਲਗਾਇਆ।
ਮਾਰਚ 2008 ਦੇ ਸ਼ਹੀਦੀ ਮੇਲੇ ਨੂੰ 5000 ਲੋਕਾਂ ਨਾਲ ਵੱਡੇ ਮੇਲੇ ਵਿਚ ਪਹਿਲੀ ਵਾਰ ਦੁੱਲੇ ਭੱਟੀ ਦਾ ਸ਼ਹੀਦੀ ਦਿਹਾੜਾ ਮਨਾਇਆ।
ਸਮਾਗਮ ਦੇ ਮੁੱਖ ਮਹਿਮਾਨ ਡਾ. ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੀਤੀ ਸ਼ਾਮ ਆਪਣੇ ਨੌਜਵਾਨ ਭਾਣਜੇ ਹਰਪੁਨੀਤ ਸਿੰਘ ਕਪੂਰ ਦੀ ਮੌਤ ਕਾਰਨ ਸਮਾਗਮ ਚ ਸ਼ਾਮਲ ਨਾ ਹੋ ਸਕੇ। ਸ਼ਾਮਿਲ ਲੇਖਕਾਂ  ਨੇ ਹਰਪੁਨੀਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਮਾਗਮ ਦੇ ਸੰਚਾਲਕ ਡਾ: ਅਸ਼ਵਨੀ ਭੱਲਾ ਨੇ ਦੱਸਿਆ ਕਿ ਦੁੱਲਾ ਭੱਟੀ ਦੀ ਸ਼ਹਾਦਤ ਤੇ ਕਿਸਾਨ ਮਸਲਿਆਂ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ,ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ( ਮੋਹਾਲੀ) ਤ੍ਰੈਲੋਚਨ  ਲੋਚੀ(ਲੁਧਿਆਣਾ)ਮੋਹਨ ਗਿੱਲ ( ਕੈਨੇਡਾ)ਦਲਜੀਤ ਸੰਧੂ (ਤਲਵੰਡੀ ਸਾਬੋ)
ਸਰਬਜੀਤ  ਕੌਰ ਜੱਸ (ਪਟਿਆਲਾ) ਹਰਵਿੰਦਰ ਸਿੰਘ (ਚੰਡੀਗੜ੍ਹ)
ਸੁਖਵਿੰਦਰ ਕੰਬੋਜ (ਅਮਰੀਕਾ)ਮਨਜਿੰਦਰ ਧਨੋਆ (ਲੁਧਿਆਣਾ)ਜਗਸੀਰ ਜੀਦਾ (ਬਠਿੰਡਾ)ਸਿਮਰਜੀਤ ਕੌਰ ਗਰੇਵਾਲ (ਚੰਡੀਗੜ੍ਹ)ਡਾ: ਗੁਰਮਿੰਦਰ ਸਿੱਧੂ(ਮੋਹਾਲੀ)ਰਾਮ ਸਿੰਘ ਅਲਬੇਲਾ (ਅਮਲੋਹ)ਦਲਜਿੰਦਰ ਰਹਿਲ (ਇਟਲੀ)
ਗੁਰਬਾਜ਼ ਸਿੰਘ ਛੀਨਾ( ਅੰਮ੍ਰਿਤਸਰ)
ਡਾ. ਅਸ਼ਵਨੀ ਭੱਲਾ (ਲੁਧਿਆਣਾ)
ਕਰਮਜੀਤ ਗਰੇਵਾਲ( ਲੁਧਿਆਣਾ) ਨੇ ਆਪਣਾ ਕਲਾਮ ਪੇਸ਼ ਕੀਤਾ।
ਸੈਮੀਨਾਰ ਤੇ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਸਿਰਮੌਰ ਕਵੀ ਡਾ: ਸੁਰਜੀਤ ਪਾਤਰ ਨੇ ਕਰਦਿਆਂ ਕਿਹਾ ਕਿ ਧਰਤੀ ਪੁੱਤਰ ਲੋਕ ਨਾਇਕਾਂ ਦੀ ਯਾਦ ਵਿੱਚ ਇਹ ਸਰਗਰਮੀਆਂ ਯਕੀਨਨ ਮਹੱਤਵ ਪੂਰਨ ਕਾਰਜ ਹੈ। ਉਨ੍ਹਾਂ ਲੋਕ ਵਿਰਾਸਤ ਅਕਾਡਮੀ ਨੂੰ ਇਸ ਚੰਗੇ ਕਾਰਜ ਲਈ ਮੁਬਾਰਕ ਦਿੱਤੀ। ਉਨ੍ਹਾਂ ਕਿਹਾ ਧਰਮ ਸਿੰਘ ਗੋਰਾਇਆ ਨੇ ਦੁੱਲਾ ਭੱਟੀ ਬਾਰੇ ਲੰਮੀ ਖੋਜ ਕਰਕੇ ਅਨੇਕਾਂ ਭਰਮ ਤੋੜੇ ਹਨ ਜਿਸ ਦਾ ਲਾਭ ਭਵਿੱਖ ਪੀੜ੍ਹੀਆਂ ਨੂੰ ਹੋਵੇਗਾ।
ਇਸ ਔਨ ਲਾਈਨ ਵਿਚਾਰ ਚਰਚਾ ਤੇ ਕਵੀ ਦਰਬਾਰ ਦੀ ਤਕਨੀਕੀ ਦੇਖ ਰੇਖ ਗੌਰਮਿੰਟ ਕਾਲਿਜ ਲੁਧਿਆਣਾ ਦੇ ਪ੍ਰੋਫੈਸਰ ਡਾ: ਅਸ਼ਵਨੀ ਭੱਲਾ ਪ੍ਰਧਾਨ ਕਾਮਰਸ ਤੇ ਬਿਜਨਸ ਮੈਨੇਜਮੈਂਟ ਅਸੋਸੀਏਸ਼ਨ ਨੇ ਕੀਤੀ।