ਨਿਆਂ ਤੇ ਬਰਾਬਰੀ ਤੇ ਆਧਾਰਤ ਸਮਾਜ ਦੀ ਸਿਰਜਣਾ ਲਈ ਲੈਨਿਨ ਵੱਲੋਂ ਕੀਤੇ ਗਏ ਕੰਮ ਅੱਗੇ ਵਧਾਉਣ ਦੀ ਲੋੜ: ਅਮਰਜੀਤ ਕੌਰ

ਨਿਆਂ ਤੇ ਬਰਾਬਰੀ ਤੇ ਆਧਾਰਤ ਸਮਾਜ ਦੀ ਸਿਰਜਣਾ ਲਈ ਲੈਨਿਨ ਵੱਲੋਂ ਕੀਤੇ ਗਏ ਕੰਮ ਅੱਗੇ ਵਧਾਉਣ ਦੀ ਲੋੜ: ਅਮਰਜੀਤ ਕੌਰ

ਲੁਧਿਆਣਾ: 

ਪਿਛਲੀ ਸਦੀ ਵਿਚ  1917 ਵਿਚ ਸੋਵੀਅਤ ਸੰਘ ਦੀ ਸਥਾਪਨਾ ਕਰਕੇ ਲੈਨਿਨ ਦੀ ਅਗਵਾਈ ਹੇਠ ਕਮਿਊਨਿਸਟ ਪਾਰਟੀ ਵੱਲੋਂ  ਨਿਆਂ ਤੇ ਬਰਾਬਰੀ ਤੇ ਆਧਾਰਤ ਨਿਜ਼ਾਮ ਸਦੀ ਦੀ ਇਕ ਮਹਾਨਤਮ ਘਟਨਾ ਸੀ  . ਉਸ ਵੇਲੇ ਜਦੋਂ ਕਿ ਰੂਸ ਤੇ ਉਸ ਦੇ ਆਲੇ ਦੁਆਲੇ ਦਾ ਸਾਰਾ ਖਿੱਤਾ ਜਹਾਲਤ ਨਾਲ ਭਰਿਆ ਹੋਇਆ ਸੀ ਅਤੇ ਗ਼ਰੀਬੀ ਦਾ ਸ਼ਿਕਾਰ ਸੀ ਲੈਨਿਨ ਨੇ  ਇਨਕਲਾਬ ਕਰ ਕੇ ਕਾਮਿਆਂ ਨੂੰ ਸੱਤਾ ਸੌਂਪ ਦਿੱਤੀ ਅਤੇ ਉਪਰੰਤ ਇੱਕ ਨਵੇਂ ਕਿਸਮ ਦੀ ਸਮਾਜ ਦੀ ਸਿਰਜਣਾ ਆਰੰਭ ਕੀਤੀ .

ਸੋਸ਼ਲ ਥਿੰਕਰਜ਼ ਫੋਰਮ ਲੁਧਿਆਣਾ ਵੱਲੋਂ ਜਥੇਬੰਦ ਕੀਤੇ ਗਏ ਵੈਬੀਨਾਰ ਵਿਚ ਬੋਲਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਜਨਰਲ ਸਕੱਤਰ ਅਮਰਜੀਤ  ਕੌਰ ਨੇ ਦੱਸਿਆ ਕਿ  ਸਿੱਖਿਆ, ਸਿਹਤ ਸੇਵਾਵਾਂ ਅਤੇ ਇਸਤਰੀਆਂ ਦੀ ਬਰਾਬਰੀ ਸਭ ਤੋਂ ਪਹਿਲੇ ਫ਼ੈਸਲੇ ਸਨ ਜੋ ਕਿ ਲੈਨਿਨ ਨੇ ਸੱਤਾ ਵਿੱਚ ਆ ਕੇ ਲਏ  . ਉਸ ਵੇਲੇ ਵਿਸ਼ਵ ਭਰ ਦੇ ਸਾਮਰਾਜੀਆਂ ਵੱਲੋਂ ਦੁਨੀਆਂ ਦੀਆਂ ਮੰਡੀਆਂ ਤੇ ਕਬਜ਼ਾ ਕਰਨ ਦੇ ਲਈ ਪਹਿਲੀ ਵਿਸ਼ਵ ਜੰਗ ਲੜੀ ਜਾ ਰਹੀ ਸੀ  . ਪਰ ਲੈਨਿਨ ਨੇ ਇਸ ਨੂੰ ਸਾਮਰਾਜੀਆਂ ਦੀ ਆਪਸੀ ਲੜਾਈ ਦੱਸੀ ਅਤੇ ਇਹ ਗੱਲ ਕਹੀ ਕਿ ਅਸੀਂ ਸਮਾਜਵਾਦ ਸਿਰਜਣਾ ਹੈ ਜੋ ਕਿ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਹੋਏਗਾ  . ਇਕ ਮਜ਼ਬੂਤ ਸਮਾਜ ਸਿਰਜ ਕੇ ਲੈਨਿਨ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਸੁਖਾਲਾ ਬਣਾਉਣ ਦਾ ਪ੍ਰਣ ਲਿਆ  . ਇਸ ਦੇ ਸਿੱਟੇ ਵਜੋਂ ਹੀ ਅਸੀਂ ਦੇਖਦੇ ਹਾਂ ਕਿ ਦੂਸਰੀ ਜੰਗ ਦੇ ਵਿੱਚ ਸੋਵੀਅਤ ਦੀ ਲਾਲ ਫ਼ੌਜ ਦੁਆਰਾ ਹਿਟਲਰ ਨੂੰ  ਖਦੇੜ ਦਿੱਤਾ ਗਿਆ  . ਲੈਨਿਨ ਨੇ ਕਿਹਾ ਕਿ ਸਰਮਾਏਦਾਰੀ ਨਿਜ਼ਾਮ ਕਦੇ ਵੀ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਸਕਦਾ  . ਅਜੋਕੇ ਸਮੇਂ ਫੇਰ ਉਸੇ ਕਿਸਮ ਦੀ ਸਥਿਤੀ ਬਣੀ ਹੋਈ ਹੈ  . ਸਰਮਾਏਦਾਰੀ ਨਿਜ਼ਾਮ ਹੇਠ ਸਾਰੀ ਦੁਨੀਆਂ ਵਿੱਚ ਅਤੇ ਸਾਡੇ ਦੇਸ਼ ਵਿਚ ਵੀ ਕਾਮਿਆਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ  ਅਤੇ ਸਮਾਜਿਕ ਤੇ ਆਰਥਿਕ ਨਾ ਬਰਾਬਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ  . ਸਾਮਰਾਜੀਆਂ ਵੱਲੋਂ ਦੁਨੀਆਂ ਵਿੱਚ ਹਥਿਆਰਾਂ ਦੀ ਦੌੜ ਨੂੰ ਵਧਾਇਆ ਜਾ ਰਿਹਾ ਹੈ ਅਤੇ ਹਥਿਆਰ ਵੇਚ ਕੇ ਧਨ ਕਮਾਇਆ ਜਾ ਰਿਹਾ ਹੈ  . ਲੋਕਤੰਤਰ ਬਹਾਲੀ  ਦੇ ਨਾਮ ਤੇ ਦੂਸਰੇ ਦੇਸ਼ਾਂ ਤੇ ਹਮਲੇ ਕੀਤੇ ਜਾ ਰਹੇ ਹਨ  . ਭਾਰਤ ਵਿਚ ਕੋਵਿਡ ਦੇ ਸੰਕਟ ਦੇ ਦੌਰਾਨ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਕਾਨੂੰਨ ਲੈ ਕੇ ਆਣੇ ਅਤੇ ਸਿੱਖਿਆ ਨੀਤੀ ਵਿਚ  ਨਾ ਪੱਖੀ ਪਰਿਵਰਤਨ ਕਰਨੇ ਸਰਕਾਰ ਦੀਆ  ਸਰਮਾਏਦਾਰ ਪੱਖੀ ਨੀਤੀਆਂ  ਨੂੰ ਨੰਗੇ ਚਿੱਟੇ ਤੌਰ ਤੇ ਦਰਸਾਉਂਦੀਆਂ ਹਨ . ਇਸ ਸਭ ਦੇ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ ਤੇ ਲੈਨਿਨ ਵੱਲੋਂ ਦਿਖਾਏ ਗਏ ਰਾਹ ਤੇ ਚੱਲ ਕੇ ਸਾਨੂੰ ਅੱਗੇ ਵਧਣਾ ਪਵੇਗਾ  .

ਇਸ ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਡਾ ਅਰੁਣ ਮਿੱਤਰਾ, ਐੱਮ ਐੱਸ ਭਾਟੀਆ  ਨੇ ਵੀ ਆਪਣੇ ਵਿਚਾਰ ਦਿੱਤੇ.