ਟੋਕੀਓ ਓਲੰਪਿਕ 2021: ਭਾਰਤੀ ਹਾਕੀ ਟੀਮ ਤਗ਼ਮਾ ਜਿੱਤਣ ਦੇ ਕਿੰਨੇ ਕੁ ਦਮਖ਼ਮ ਵਿੱਚ ?

ਤਜਰਬੇਕਾਰ ਖਿਡਾਰੀਆਂ  ਨੂੰ ਅਣਗੌਲਿਆ ਕਰਨਾ  ਪੈ ਸਕਦਾ ਮਹਿੰਗਾ

ਟੋਕੀਓ ਓਲੰਪਿਕ 2021: ਭਾਰਤੀ ਹਾਕੀ ਟੀਮ ਤਗ਼ਮਾ ਜਿੱਤਣ ਦੇ ਕਿੰਨੇ ਕੁ ਦਮਖ਼ਮ ਵਿੱਚ ?
ਜਗਰੂਪ ਸਿੰਘ ਜਰਖੜ। 

ਟੋਕੀਓ ਓਲੰਪਿਕ 2021  ਲਈ ਭਾਰਤ ਦੀਆਂ ਮਰਦਾਂ ਅਤੇ ਇਸਤਰੀਆਂ ਦੀਆਂ ਹਾਕੀ ਟੀਮਾਂ ਦਾ ਹਾਕੀ ਇੰਡੀਆ ਨੇ   ਐਲਾਨ ਕਰ ਦਿੱਤਾ ਗਿਆ ਹੈ ਦੋਵੇਂ ਟੀਮਾਂ ਸੀਨੀਅਰ ਅਤੇ ਜੂਨੀਅਰ ਖਿਡਾਰੀਆਂ ਦੇ ਸੁਮੇਲ ਦੀਆਂ ਬਣੀਆਂ ਹਨ ਜਿੱਥੋਂ ਤਕ ਇਸਤਰੀਆਂ ਦੀ ਹਾਕੀ ਟੀਮ ਦਾ ਸਵਾਲ ਹੈ ਕਿ ਰਾਣੀ ਰਾਮਪਾਲ ਦੀ ਅਗਵਾਈ ਹੇਠ  ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜਣ ਲਈ ਨਿੱਤਰੇਗੀ ਪਰ ਕਿਸੇ ਤਗ਼ਮੇ ਦਾ ਜਿਸ ਤਰ੍ਹਾਂ ਸੂਰਜ ਤੋਂ ਤਾਰਾ ਤੋੜਨ ਦੇ ਬਰਾਬਰ ਹੈ ਕਿਉਂਕਿ ਇਸਤਰੀਆਂ ਦੇ ਵਰਗ ਵਿੱਚ ਆਸਟਰੇਲੀਆ ਅਰਜਨਟੀਨਾ ਹਾਲੈਂਡ ਜਰਮਨ  ਇੰਗਲੈਂਡ ਸਪੇਨ ਸਾਡੇ ਨਾਲੋਂ ਤਜਰਬੇ ਪੱਖੋਂ ਕੋਹਾਂ ਅੱਗੇ ਹਨ ਜੇਕਰ ਭਾਰਤ ਦੀ ਇਸਤਰੀਆਂ ਦੀ ਹਾਕੀ ਟੀਮ  ਪਹਿਲੇ ਅੱਠਾਂ ਵਿਚ ਆਪਣੀ ਪਹਿਚਾਣ ਬਣਾ ਲੈਂਦੀ ਹੈ ਤਾਂ ਭਾਰਤੀ ਹਾਕੀ ਟੀਮ ਦੀ ਵੱਡੀ ਪ੍ਰਾਪਤੀ ਹੋਵੇਗੀ । ਚੁਣੀ ਗਈ ਮਹਿਲਾ ਹਾਕੀ ਟੀਮ ਵਿੱਚ 9 ਖਿਡਾਰਨਾਂ ਹਰਿਆਣਾ ਸਟੇਟ ਨਾਲ ਸਬੰਧਤ ਹਨ ਜਦਕਿ ਇੱਕ ਖਿਡਾਰਨ ਗੁਰਜੀਤ ਕੌਰ ਪੰਜਾਬ ਨਾਲ ਸਬੰਧਤ ਹੈ , ਪੰਜਾਬ ਨੂੰ ਇੱਥੇ ਹੀ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਕੁੜੀਆਂ ਦੀ ਹਾਕੀ ਵਿੱਚ ਕਿੱਥੇ ਖੜ੍ਹੇ ਹਾਂ  ?

ਜਿੱਥੋਂ ਤਕ ਮਰਦਾਂ ਦੀ ਹਾਕੀ ਟੀਮ ਦਾ ਸਵਾਲ ਹੈ ਕਿ ਇਸ ਵਾਰ ਭਾਰਤੀ ਹਾਕੀ ਟੀਮ ਤੋਂ ਤਗ਼ਮਾ ਜਿੱਤਣ ਦੀਆਂ ਵੱਡੀਆਂ ਆਸਾਂ ਹਨ ਕਿਉਂਕਿ ਭਾਰਤੀ ਹਾਕੀ ਟੀਮ  ਪਿਛਲੇ  2 ਕੁ ਸਾਲਾਂ ਤੋਂ ਖਾਸ ਕਰਕੇ ਪ੍ਰੋ ਹਾਕੀ ਲੀਗ ਦੇ ਮੈਚ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ ਭਾਰਤੀ ਟੀਮ ਦੀ ਚੋਣ ਹੋਈ ਹੈ  ਉਹ ਸੀਨੀਅਰ ਅਤੇ ਜੂਨੀਅਰ ਖਿਡਾਰੀਆਂ ਦੇ ਤਾਲਮੇਲ ਦੀ ਟੀਮ ਬਣੀ ਹੈ। ਚੁਣੀ ਗਈ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 8 ਖਿਡਾਰੀ ਹਨ ।  ਭਾਰਤ ਕੋਲ ਰੱਖਿਆ ਪੰਕਤੀ ਵਿੱਚ ਅਤੇ ਪਨੈਲਟੀ ਕਾਰਨਰ ਦੀ ਮੁੁਹਾਰਤ  ਰੱਖਣ ਵਾਲੇ ਤਜਰਬੇਕਾਰ ਰੁਪਿੰਦਰਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਭਲਵਾਨ ਮੌਜੂਦ ਹਨ ਜਦਕਿ ਗੋਲਕੀਪਰ ਪੀਆਰ ਸ੍ਰੀਜੇਸ਼ ਤੋਂ ਕਾਫ਼ੀ ਵੱਡੀਆਂ ਆਸਾ ਹਨ। ਇਸ ਤੋਂ ਇਲਾਵਾ ਵੀਰੇਂਦਰ ਲਾਕੜਾ ,ਅਮਿਤ ਰੋਹਿਦਾਸ, ਸੁਰਿੰਦਰ ਕੁਮਾਰ  , ਕਪਤਾਨ ਮਨਪ੍ਰੀਤ ਸਿੰਘ ਵੀ ਰੱਖਿਆ  ਅਤੇ ਮੱਧ ਪੰਕਤੀ ਵਿੱਚ ਵਧੀਆ ਭੂਮਿਕਾ ਨਿਭਾਉਣਗੇ ਜਦਕਿ ਫਾਰਵਰਡ ਲਾਈਨ ਵਿੱਚ ਮਨਦੀਪ ਸਿੰਘ  , ਗੁਰਜੰਟ ਸਿੰਘ ਵਿਰਕ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ ,ਲਲਿਤ ਉਪਾਧਿਆ ਸਾਰੇ ਹੀ ਤੇਜ਼ ਤਰਾਰ ਫਾਰਵਰਡ ਹਨ । ਆਸ ਕਰਦੇ ਹਾਂ ਕਿ  1980 ਮਾਸਕੋ ਓਲੰਪਿਕ ਤੋਂ ਵੱਧ ਤਗ਼ਮੇ ਜਿੱਤਣ ਦਾ ਪਿਆ ਸੋਕਾ ਇਹ ਭਾਰਤੀ ਹਾਕੀ ਖਿਡਾਰੀ ਦੂਰ ਕਰ ਦੇਣਗੇ । ਪੂਰੇ ਭਾਰਤ ਵਾਸੀਆਂ ਅਤੇ ਹਾਕੀ ਪ੍ਰੇਮੀਆਂ ਦੀਆਂ ਸ਼ੁਭ ਇਛਾਵਾਂ ਭਾਰਤੀ ਹਾਕੀ ਟੀਮ ਦੇ ਨਾਲ ਹਨ  ।

  ਪਰ ਦੂਜੇ ਪਾਸੇ ਇਹ ਵੀ ਦਿਸ ਰਿਹਾ ਹੈ ਕਿ ਭਾਰਤੀ ਹਾਕੀ ਦੇ ਚੋਣਕਰਤਾਵਾਂ ਨੇ ਪਿਛਲੇ ਇਤਿਹਾਸ ਤੋਂ ਅਤੇ ਪਿਛਲੇ ਤਜਰਬਿਆਂ ਤੋਂ ਕੋਈ ਸਬਕ ਨਹੀਂ ਲਿਆ ਲਿਆ ਲੱਗਦਾ , ਕਿਉਂਕਿ ਓਲੰਪਿਕ ਖੇਡਾਂ ਅਤੇ ਵਿਸ਼ਵ ਕੱਪ ਹਾਕੀ ਮੁਕਾਬਲਾ ਸਿਰਫ਼ ਤੇ ਸਿਰਫ਼ ਤਜਰਬੇਕਾਰ ਖਿਡਾਰੀਆਂ  ਨਾਲ ਹੀ ਖੇਡਿਆ ਜਾਣਾ ਚਾਹੀਦਾ  ਹੈ ਤੇ ਜਦੋਂ ਜਦੋਂ ਵੀ ਅਸੀਂ ਕਿਸੇ ਵੀ ਵਕਤ ਓਲੰਪਿਕ ਖੇਡਾਂ ਜਾਂ ਵਿਸ਼ਵ ਕੱਪ ਵਿੱਚ  ਨਵੇਂ ਤਜਰਬੇ ਕੀਤੇ ਜਾਂ ਨਵੇਂ ਖਿਡਾਰੀਆਂ ਨੂੰ ਖਿਡਾਉਣ ਦਾ ਦਾਅ ਖੇਡਿਆ ਤਾਂ ਸਾਨੂੰ ਹਾਰ ਦਾ ਹੀ ਖਮਿਆਜ਼ਾ ਭੁਗਤਣਾ ਪਿਆ ਹੈ ਇਹ ਪਿਛਲਾ 30 ਸਾਲ ਦਾ ਇਤਿਹਾਸ ਦੱਸਦਾ ਹੈ  ਬਹੁਤਾ ਦੂਰ ਨਾ ਜਾਈਏ ਭੁਵਨੇਸ਼ਵਰ ਵਿਸ਼ਵ ਕੱਪ ਵਿੱਚ ਸਰਦਾਰਾ ਸਿੰਘ ਅਤੇ ਰੁਪਿੰਦਰਪਾਲ ਟੀਮ ਚ ਹੋਣੇ ਚਾਹੀਦੇ ਸੀ  ਅਸੀਂ ਉਸ ਵਕਤ ਹਾਲੈਂਡ ਹੱਥੋਂ ਕੁਆਰਟਰ ਫਾਈਨਲ ਮੁਕਾਬਲਾ  2  ਨਵੇਂ ਖਿਡਾਰੀਆਂ ਦੀਆਂ ਅੰਤਿਮ ਸਮੇਂ ਵਿਚ ਕੀਤੀਆਂ  ਗ਼ਲਤੀਆਂ ਦੇ ਕਾਰਨ ਹਾਰੇ ਸੀ ਇਸੇ ਤਰ੍ਹਾਂ ਟੋਕੀਓ  ਓਲੰਪਿਕ  2021 ਲਈ ਚੁਣੀ ਟੀਮ ਵਿੱਚ ਤਜ਼ਰਬੇਕਾਰ ਆਕਾਸ਼ਦੀਪ ਸਿੰਘ ,ਰਮਨਦੀਪ ਸਿੰਘ ,ਐਸ ਵੀ ਸੁਨੀਲ ਚਿੰਗਸਿੰਗਲਾਨਾ ਸਿੰਘ,  ਕੋਠਾਜੀਤ ਸਿੰਘ ਆਦਿ ਖਿਡਾਰੀਆਂ ਦਾ ਹੋਣਾ ਬੇਹੱਦ ਜ਼ਰੂਰੀ ਸੀ ਕਿਉਂਕਿ ਇਹ ਖਿਡਾਰੀ ਲੰਬੇ ਸਮੇਂ ਤੋਂ ਭਾਰਤੀ ਹਾਕੀ ਟੀਮ ਨਾਲ ਜੁੜੇ ਹੋਏ ਹਨ  ਆਪਣੇ ਹੁਨਰ ਅਤੇ ਤਜਰਬੇ ਦੇ ਆਧਾਰ ਤੇ ਇਨ੍ਹਾਂ ਨੇ ਸਮੇਂ ਸਮੇਂ ਤੇ ਵਧੀਆ ਨਤੀਜੇ ਵੀ ਦਿੱਤੇ ਹਨ  ਚੋਣਕਰਤਾਵਾਂ ਅਤੇ ਭਾਰਤੀ ਹਾਕੀ ਨੂੰ ਇਨ੍ਹਾਂ ਗਲਤੀਆਂ ਦਾ ਖਮਿਆਜ਼ਾ ਵੱਡੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ  ਪਰ ਰੱਬ ਖ਼ੈਰ ਕਰੇ ਇਹ ਮਾੜਾ ਵਕਤ ਭਾਰਤੀ ਹਾਕੀ ਟੀਮ ਨੂੰ ਦੇਖਣਾ ਨਾ ਪਵੇ ,ਹੁਣ ਇਹ ਸਮਾਂ ਦੱਸੇਗਾ  ਕਿ ਓਲੰਪਿਕ ਵਿੱਚ ਤਗ਼ਮਾ ਜਿੱਤਣ ਲਈ   ਚੁਣੀ ਗਈ ਟੀਮ ਦੇ ਖਿਡਾਰੀ ਕਿੰਨਾ ਕੁ ਜੋਸ਼ ਅਤੇ ਹੋਸ਼ ਨਾਲ  ਖੇਡਦੇ ਹਨ ਅਤੇ ਕੋਚ ਗਰਾਹਡ ਰੀਕ ਕਿਸ ਤਰ੍ਹਾਂ ਦੀ  ਮੈਚ ਦਰ ਮੈਚ ਰਣਨੀਤੀ ਬਣਾਉਂਦਾ ਹੈ ਅਤੇ ਖਿਡਾਰੀਆਂ ਦੇ ਵਿਚ ਕਿੰਨੀ ਕਿੰਨਾ ਕੁ ਜੁਝਾਰੂਪਨ ਭਰਦਾ ਹੈ  ? ਬਿਨਾਂ ਸ਼ੱਕ, ਜੋ ਭਾਰਤੀ ਹਾਕੀ ਟੀਮ ਦੇ ਕੋਚਿੰਗ ਕੈਂਪ ਵਿਚ 33 ਖਿਡਾਰੀ ਸਨ ਉਨ੍ਹਾਂ ਦੇ ਹੁਨਰ ਵਿੱਚ ਉੱਨੀ ਇੱਕੀ ਦਾ ਵੀ ਫ਼ਰਕ ਨਹੀਂ ਹੈ ਕੋਚ ਅਤੇ ਚੋਣਕਰਤਾਵਾਂ ਨੂੰ ਖਿਡਾਰੀਆਂ ਦੀ ਚੋਣ ਕਰਨ ਵਿੱਚ ਬਹੁਤ  ਸਖ਼ਤ ਮੁਸ਼ਕਲ ਪੇਸ਼ ਆਈ ਹੋਵੇਗੀ ਕਿਉਂਕਿ ਚੋਣ ਮੌਕੇ   ਬਰਾਬਰ ਦੇ ਹੁਨਰ ਨਾਲ ਬੇਇਨਸਾਫ਼ੀ ਕਰਨੀ ਮੁਸ਼ਕਲ ਹੋ ਜਾਂਦੀ ਹੈ  । ਕੋਚ ਗੈਰਹਾਰਡ ਰੀਕ ਨੇ ਪ੍ਰੋ ਹਾਕੀ ਲੀਗ ਵਿੱਚ ਹਾਲੈਂਡ ਆਸਟਰੇਲੀਆ ਬੈਲਜੀਅਮ ਅਰਜਨਟੀਨਾ ਅਤੇ ਜਰਮਨੀ ਅਤੇ ਬੈਲਜੀਅਮ ਟੂਰ ਦੌਰਾਨ  ਆਪਣੀ ਬਣਾਈ ਰਣਨੀਤੀ ਤਹਿਤ ਜਿਸ ਤਰ੍ਹਾਂ ਵਿਰੋਧੀ ਟੀਮਾਂ ਨੂੰ ਪਛਾੜਿਆ ਸੀ ਉਹ ਬਹੁਤ ਹੀ ਕਾਬਲੇ ਤਾਰੀਫ਼ ਸੀ  ਟੋਕੀਓ ਓਲੰਪਿਕ 2021  ਵਿੱਚ ਵੀ ਭਾਰਤੀ ਹਾਕੀ ਟੀਮ ਦੇ ਹਰ ਮੈਚ ਵਿੱਚ ਕੋਚ ਗਰਾਹਡ ਰੀਕ ਦੀ ਠੋਸ  ਰਣਨੀਤੀ ਹੋਣੀ ਚਾਹੀਦੀ ਹੈ  । 

ਟੋਕੀਓ ਓਲੰਪਿਕ ਲਈ ਭਾਰਤੀ ਹਾਕੀ ਟੀਮ  ਦੀ ਚੋਣ ਦਾ ਨਿਬੇੜਾ ਹੋ ਚੁੱਕਾ ਹੈ   ਹੁਣ ਮੁੱਢਲਾ ਫ਼ਰਜ਼  ਚੁਣੇ ਖਿਡਾਰੀਅਾਂ ਦਾ ਹੈ ਕਿ ਉਨ੍ਹਾਂ ਨੇ ਆਪਣੇ ਮੁਲਕ ਦੀ ਲਾਜ  ਕਿਸ ਤਰ੍ਹਾਂ ਰੱਖਣੀ ਹੈ ਦੂਸਰਾ ਇਸ ਸਮਾਂ ਦੱਸੇਗਾ ਕਿ ਕੋਚ ਗਰਾਹਡ ਰੀਕ ਆਪਣੇ ਕੋਚਿੰਗ ਹੁਨਰ  ਕਿਸ ਤਰ੍ਹਾਂ ਦਾ ਦਿਖਾਉਦਾਂ ਹੈ ਅਗਰ ਉਸਦਾ ਦਾਅ ਢੁੱਕਵਾਂ ਖੇਡਿਆ ਗਿਆ ਤਾਂ ਯਕੀਨਨ ਭਾਰਤੀ ਹਾਕੀ ਟੀਮ   4 ਦਹਾਕੇ ਬਾਅਦ ਓਲੰਪਿਕ ਖੇਡਾਂ ਵਿੱਚ ਤਗ਼ਮਾ ਜਿੱਤਣ ਦਾ ਇਤਿਹਾਸ ਦੁਹਰਾਏਗੀ ਪਰਮਾਤਮਾ ਭਲੀ ਕਰੇ ,ਭਾਰਤੀ ਹਾਕੀ ਟੀਮ ਦਾ ਰੱਬ ਰਾਖਾ  ।

ਜਗਰੂਪ ਸਿੰਘ ਜਰਖੜ 

ਖੇਡ ਲੇਖਕ