ਪੁਲਿਸ ਵੱਲੋਂ ਅੰਨ੍ਹੇ ਕਤਲ ਦਾ ਖੁਲਾਸਾ

ਦੋ ਨੌਜਵਾਨਾ ਸਮੇਤ ਇਕ ਔਰਤ ਕਾਬੂ

ਪੁਲਿਸ ਵੱਲੋਂ ਅੰਨ੍ਹੇ ਕਤਲ ਦਾ ਖੁਲਾਸਾ

ਨਵਾਂਸ਼ਹਿਰ: ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ 20 ਤੇ 21 ਮਾਰਚ ਦੀ ਦਰਮਿਆਨੀ ਰਾਤ ਨੂੰ ਪੁਲੀ ਸੂਆ ਮੁਕੰਦਪੁਰ ਰੋਡ ਗਹਿਲ ਮਜਾਰੀ ਵਿਖੇ ਜੋਰਾਵਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਸੂਲਪੁਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਪਿੱਛੋਂ ਖੂਨ ਨਾਲ ਲੱਥਪਥ ਲਾਸ਼ ਬਰਾਮਦ ਹੋਈ ਸੀ, ਜਿਸ ’ਤੇ ਮਿ੍ਰਤਕ ਜੋਰਾਵਰ ਸਿੰਘ ਦੀ ਪਤਨੀ ਨਵਦੀਪ ਕੌਰ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰਬਰ 17 ਮਿਤੀ 21-03-2020 ਜੁਰਮ 302 ਭ.ਦ ਥਾਣਾ ਮੁਕੰਦਪੁਰ ਨਾਮਾਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਕੇ ਇੰਸਪੈਕਟਰ ਗੁਰਮੁੱਖ ਸਿੰਘ ਮੁੱਖ ਅਫਸਰ ਥਾਣਾ ਮੁਕੰਦਪੁਰ ਨੇ ਮੱੁਢਲੀ ਤਫਤੀਸ਼ ਅਮਲ ਵਿਚ ਲਿਆਂਦੀ।
ਇਸ ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਮੁਤਾਬਿਕ ਸ਼੍ਰੀ ਵਜੀਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨਵਾਂਸ਼ਹਿਰ ਅਤੇ ਇੰਸਪੈਕਟਰ ਗੁਰਮੁੱਖ ਸਿੰਘ ਮੁੱਖ ਅਫਸਰ ਥਾਣਾ ਮੁਕੰਦਪੁਰ ਵੱਲੋਂ ਮੁਕੱਦਮੇ ਦੀ ਤਫਤੀਸ਼ ਤੱਥਾਂ ਦੇ ਅਧਾਰ ’ਤੇ ਡੂੰਘਾਈ ਨਾਲ ਅਮਲ ਵਿਚ ਲਿਆਂਦੀ ਤਾਂ ਪਾਇਆ ਗਿਆ ਕਿ ਮਿ੍ਰਤਕ ਜੋਰਾਵਰ ਸਿੰਘ ਦੀ ਪਤਨੀ ਨਵਦੀਪ ਕੌਰ ਉਮਰ ਕਰੀਬ 25 ਸਾਲ ਦੇ ਆਪਣੇ ਪਤੀ ਮਿ੍ਰਤਕ ਜੋਰਾਵਰ ਸਿੰਘ ਦੀ ਮਾਸੀ ਦੇ ਲੜਕੇ ਸੁਖਦੇਵ ਸਿੰਘ ਉਰਫ ਸੱੁਖਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਾਰਦਵਾਜੀਆਂ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਨਾਲ ਪ੍ਰੇਮ ਸਬੰਧ ਸਨ। ਸੁਖਦੇਵ ਸਿੰਘ ਸੁੱਖਾ ਜਿਸਦਾ ਆਪਣੀ ਪਤਨੀ ਇੰਦਰਜੀਤ ਕੌਰ ਪੁੱਤਰੀ ਬਹਾਦਰ ਸਿੰਘ ਵਾਸੀ ਪਿੰਡ ਸਰੀਂਹ ਥਾਣਾ ਨਕੋਦਰ ਜਿਲ੍ਹਾ ਜਲੰਧਰ ਨਾਲ ਫਰਵਰੀ 2020 ਵਿਚ ਤਲਾਕ ਹੋ ਗਿਆ ਸੀ। ਸੁਖਦੇਵ ਸਿੰਘ ਉਰਫ ਸੁੱਖਾ ਵਿਦੇਸ਼ ਸਾਈਪ੍ਰਸ ਤੋਂ ਮਿ੍ਰਤਕ ਜੋਰਾਵਰ ਸਿੰਘ ਦੀ ਪਤਨੀ ਨਵਦੀਪ ਕੌਰ ਨਾਲ ਫੋਨ ਤੇ ਗੱਲਬਾਤ ਕਰਦਾ ਹੁੰਦਾ ਸੀ, ਜਿਸ ਕਰਕੇ ਇਹਨਾਂ ਦੋਹਨਾਂ ਦੀ ਆਪਸ ਵਿਚ ਨੇੜਤਾ ਵੱਧ ਗਈ। ਇਸ ਦੌਰਾਨ ਨਵਦੀਪ ਕੌਰ ਫੋਨ ਤੇ ਸੁਖਦੇਵ ਸਿੰਘ ਉਰਫ ਸੱੁਖਾ ਨੂੰ ਇਹ ਕਹਿੰਦੀ ਹੁੰਦੀ ਸੀ ਕਿ ਉਸਦਾ ਪਤੀ ਜੋਰਾਵਰ ਸਿੰਘ ਜੋ ਜਿਆਦਾ ਨਸ਼ਾ ਕਰਦਾ ਹੈ ਨੇ ਆਪਣੀ ਉਮਰ ਘੱਟ ਦੱਸ ਕੇ ਮੇਰੇ ਨਾਲ ਧੋਖੇ ਨਾਲ ਵਿਆਹ ਕਰਵਾਇਆ ਹੈ ਜਦਕਿ ਉਹ ਮੇਰੇ ਤੋਂ 10/11 ਸਾਲ ਉਮਰ ਵਿਚ ਵੱਡਾ ਹੈ, ਤੇਰਾ ਵੀ ਤਲਾਕ ਹੋ ਗਿਆ ਹੈ ਜੇਕਰ ਤੂੰ ਕੋਈ ਹੱਲ ਕਰ ਦੇਵੇਂ ਤਾਂ ਆਪਾਂ ਹੌਲੀ ਹੌਲੀ ਇਕ ਹੋ ਜਾਵਾਗੇ। ਮਿਤੀ 10-3-2020 ਨੂੰ ਜਦੋਂ ਸੁਖਦੇਵ ਸਿੰਘ ਵਿਦੇਸ਼ ਸਾਈਪ੍ਰਸ ਤੋਂ ਇੰਡੀਆ ਆਇਆ ਤਾਂ ਨਵਦੀਪ ਕੌਰ ਨੇ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਦੱਸਿਆ ਕਿ ਮਿਤੀ 21-03-2020 ਨੂੰ ਉਹਨਾਂ ਦੇ ਮਾਮੇ ਦੀ ਲੜਕੀ ਕਰਨਜੀਤ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਗੋਸਲ ਦੀ ਸ਼ਾਦੀ ਹੈ ਇਸ ਮੌਕੇ ਆਪਾਂ ਵਿਆਹ ਵਿਚ ਇਕੱਠੇ ਹੋਵਾਂਗੇ ਤੇ ਮੌਕਾ ਦੇਖ ਕੇ ਤੂੰ ਮੇਰੇ ਪਤੀ ਨੂੰ ਸ਼ਰਾਬ ਪਿਲਾ ਕੇ ਉਸਨੂੰ ਰਸਤੇ ਵਿਚੋਂ ਹਟਾ ਸਕਦਾ ਹੈ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਵੇਗਾ। ਜੋ ਨਵਦੀਪ ਕੌਰ ਦੇ ਕਹਿਣ ਤੇ ਸੁਖਦੇਵ ਸਿੰਘ ਉਰਫ ਸੁੱਖਾ ਨੇ ਜੋਰਾਵਰ ਸਿੰਘ ਨੂੰ ਰਸਤੇ ਵਿਚੋਂ ਹਟਾਉਣ ਲਈ ਆਪਣੇ ਦੋਸਤ ਦਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਭਾਰਦਵਾਜੀਆਂ ਨੂੰ ਆਪਣੇ ਨਾਲ ਮਿਲਾ ਲਿਆ ਤੇ ਬਣਾਈ ਗਈ ਸਲਾਹ ਮੁਤਾਬਿਕ ਮਿਤੀ 20-03-2020 ਨੂੰ ਕਰਨਜੀਤ ਕੌਰ ਵਾਸੀ ਗੋਸਲ ਦੀ ਸ਼ਾਦੀ ਮੌਕੇ ਸ਼੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਅਤੇ ਰਾਤ ਨੂੰ ਜਾਗੋ ਦਾ ਪ੍ਰੋਗਰਾਮ ਅਟੈਂਡ ਕਰਨ ਲਈ ਹੋਰ ਰਿਸ਼ਤੇਦਾਰਾਂ ਸਮੇਤ ਮਿ੍ਰਤਕ ਜੋਰਾਵਰ ਸਿੰਘ ਆਪਣੀ ਪਤਨੀ ਨਵਦੀਪ ਕੌਰ ਅਤੇ ਲੜਕੇ ਐਸ਼ਵੀਰ ਸਿੰਘ ਉਮਰ ਕ੍ਰੀਬ 4 ਸਾਲ ਨਾਲ ਪਿੰਡ ਗੋਸਲ ਵਿਖੇ ਆਇਆ ਹੋਇਆ ਸੀ। ਇਸ ਮੌਕੇ ਸੁਖਦੇਵ ਸਿੰਘ ਉਰਫ ਸੁੱਖਾ ਆਪਣੇ ਮਾਤਾ ਪਿਤਾ ਅਤੇ ਆਪਣੇ ਸਾਥੀ ਦਲਜਿੰਦਰ ਸਿੰਘ ਨਾਲ ਪਿੰਡ ਗੋਸਲ ਵਿਖੇ ਮੌਜੂਦ ਸੀ, ਜਿੱਥੇ ਰਾਤ ਨੂੰ ਜਾਗੋ ਦੇ ਪ੍ਰੋਗਰਾਮ ਸਮੇਂ ਸੁਖਦੇਵ ਸਿੰਘ ਉਰਫ ਸੁੱਖਾ ਨੇ ਬਣਾਈ ਹੋਈ ਸਲਾਹ ਮੁਤਾਬਿਕ ਮਿ੍ਰਤਕ ਜੋਰਾਵਰ ਸਿੰਘ ਨੂੰ ਜਿਆਦਾ ਸ਼ਰਾਬ ਪਿਲਾਈ ਤੇ ਵਕਤ ਕਰੀਬ 08.30 ਵਜੇ ਉਹ ਜੋਰਾਵਰ ਸਿੰਘ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਚਲ ਕਿਧਰੇ ਬਾਹਰ ਘੁੰਮ ਕੇ ਆਉਦੇ ਹਾਂ। ਇਸ ਮੌਕੇ ਮਿ੍ਰਤਕ ਜੋਰਾਵਰ ਸਿੰਘ ਆਪਣਾ ਮੋਟਰਸਾਈਕਲ ਪਿੰਡ ਗੋਸਲ ਤੋਂ ਲੈ ਕੇ ਸੁਖਦੇਵ ਸਿੰਘ ਸੁੱਖਾ ਨਾਲ ਚੱਲ ਪਿਆ। ਜੋ ਪੁਲੀ ਸੂਆ ਮੁਕੰਦਪੁਰ ਰੋਡ ਗਹਿਲ ਮਜਾਰੀ ਨਜਦੀਕ ਸੁਖਦੇਵ ਸਿੰਘ ਉਰਫ ਸੁੱਖਾ ਨੇ ਬਹਾਨੇ ਨਾਲ ਮੋਟਰਸਾਈਕਲ ਰੁਕਵਾ ਕੇ ਜੋਰਾਵਰ ਸਿੰਘ ਨੂੰ ਮੋਟਰਸਾਈਕਲ ਤੋਂ ਥੱਲੇ ਉਤਾਰ ਕੇ ਆਪਣੇ ਪਾਸ ਪਹਿਲਾਂ ਹੀ ਮੌਜੂਦ ਚਾਕੂ ਨਾਲ ਸ਼ਰਾਬ ਦੇ ਨਸ਼ੇ ਵਿਚ ਚੂਰ ਜੋਰਾਵਰ ਸਿੰਘ ਦੇ ਗਲੇ ਅਤੇ ਹੋਰ ਸਰੀਰ ਤੇ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮਿ੍ਰਤਕ ਜੋਰਾਵਰ ਸਿੰਘ ਦੀ ਜੇਬ ਵਿਚੋਂ ਉਸਦਾ ਮੋਬਾਇਲ ਫੋਨ, ਪਰਸ ਜਿਸ ਵਿਚ ਕ੍ਰੀਬ 2200 ਰੁਪਏ ਸਨ ਕੱਢ ਲਏ। ਇਸ ਤੋਂ ਬਾਅਦ ਸੁਖਦੇਵ ਸਿੰਘ ਨੇ ਬਣਾਈ ਹੋਈ ਸਲਾਹ ਮੁਤਾਬਿਕ ਆਪਣੇ ਸਾਥੀ ਦਲਜਿੰਦਰ ਸਿੰਘ ਨੂੰ ਫੋਨ ਕਰਕੇ ਮੋਟਰਸਾਈਕਲ ਮੰਗਵਾਇਆ ਤੇ ਉਸਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਪਿੰਡ ਗੋਸਲ ਵਿਖੇ ਆਪਣੇ ਰਿਸ਼ਤੇਦਾਰਾਂ ਜਿਹਨਾਂ ਦੇ ਘਰ ਸ਼ਾਦੀ ਸੀ ਦੇ ਪੁਰਾਣੇ ਘਰ ਪੁੱਜੇ ਜਿੱਥੇ ਸੁਖਦੇਵ ਸਿੰਘ ਜਿਸਦੇ ਕੱਪੜਿਆ ਨੂੰ ਖੂਨ ਲੱਗਾ ਹੋਇਆ ਸੀ ਕੱਪੜੇ ਧੋਅ ਕੇ ਹੋਰ ਕੱਪੜੇ ਪਾ ਕੇ ਦੁਬਾਰਾ ਫਿਰ ਸ਼ਾਦੀ ਵਿਚ ਸ਼ਾਮਲ ਹੋ ਗਿਆ। ਜੋਰਾਵਰ ਸਿੰਘ ਦੇ ਕਤਲ ਕੇਸ ਵਿਚ ਉਸਦੀ ਪਤਨੀ ਨਵਦੀਪ ਕੌਰ ਸਮੇਤ ਸੁਖਦੇਵ ਸਿੰਘ ਅਤੇ ਉਸਦੇ ਦੋਸਤ ਦਲਜਿੰਦਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ। ਜਿਹਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਢੁਕਵਾ ਰਿਮਾਂਡ ਹਾਸਲ ਕਰਕੇ ਮਿ੍ਰਤਕ ਦੇ ਕਤਲ ਵਿਚ ਵਰਤਿਆ ਚਾਕੂ, ਉਸਦਾ ਮੋਬਾਇਲ ਫੋਨ ਅਤੇ ਪਰਸ ਬ੍ਰਾਮਦ ਕੀਤਾ ਜਾਵੇਗਾ। ਦੌਰਾਨੇ ਤਫਤੀਸ਼ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।