ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਪੀ.ਪੀ.ਈ ਕਿੱਟਾਂ ਅਤੇ ਮਾਸਕ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖ਼ਿਲਾਫ਼ ਚੱਲ ਰਹੀ ਲੜਾਈ ਵਿਚ ਦੇਸ਼ ਦੇ ਲੋਕਾਂ, ਸਮਾਜ ਸੇਵੀਆਂ ਅਤੇ ਧਾਰਮਿਕ ਸੰਸਥਾਵਾਂ ਦਾ ਹੈ ਮਹੱਤਵਪੂਰਨ ਯੋਗਦਾਨ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਪੀ.ਪੀ.ਈ ਕਿੱਟਾਂ ਅਤੇ ਮਾਸਕ

ਫਿਰੋਜ਼ਪੁਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਇੱਕ ਵਫ਼ਦ ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਡਿਪਟੀ ਕਮਿਸ਼ਨਰ ਨੂੰ ਕੋਰੋਨਾ ਵਾਇਰਸ ਦੇ ਵਿਰੁੱਧ ਚੱਲ ਰਹੀ ਲੜਾਈ ਵਿੱਚ ਆਪਣਾ ਯੋਗਦਾਨ ਦਿੱਤਾ ਗਿਆ।  ਟਰੱਸਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਫ਼ਰੰਟ ਲਾਈਨ ਹੈਲਥ ਕੇਅਰ ਵਰਕਰਾਂ ਲਈ ਪੀਪੀਈ ਕਿੱਟਾਂ ਅਤੇ ਮਾਸਕ ਸੌਂਪੇ ਗਏ।
ਟਰੱਸਟ ਵੱਲੋਂ ਕੀਤੇ ਗਏ ਉਪਰਾਲੇ ਦੀ ਡਿਪਟੀ ਕਮਿਸ਼ਨਰ ਸ੍ਰ.ਕੁਲਵੰਤ ਸਿੰਘ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਸਮੂਹਿਕ ਯਤਨਾਂ ਸਦਕਾ ਹੀ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿਚ ਦੇਸ਼ ਦੇ ਲੋਕਾਂ, ਦਾਨੀ ਸੱਜਣਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਯੋਗਦਾਨ ਮਹੱਤਵਪੂਰਨ ਹੈ, ਜੋ ਕਿ ਨਿਰੰਤਰ ਮਨੁੱਖਤਾ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਦਿੱਤੀ ਗਈ ਸਹਾਇਤਾ ਉਨ੍ਹਾਂ ਕਾਮਿਆਂ ਨੂੰ ਮੁਹੱਈਆ ਕਰਵਾਈ ਜਾਵੇਗੀ ਜੋ ਮੋਰਚੇ 'ਤੇ ਖੜੇ ਹਨ ਅਤੇ ਇਸ ਲੜਾਈ ਨੂੰ ਅੱਗੇ ਹੋ ਕੇ ਲੜ ਰਹੇ ਹਨ।
ਸੰਸਥਾ ਦੇ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 25 ਪੀ.ਪੀ.ਈ ਕਿੱਟਾਂ, 50 ਐਨ -95 ਮਾਸਕ ਅਤੇ 250 ਆਮ ਮਾਸਕ ਸੌਂਪੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੰਸਥਾ ਵੱਲੋਂ ਇਸ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ ਗ਼ਰੀਬਾਂ ਅਤੇ ਲੋੜਵੰਦਾਂ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ ਅਤੇ ਸੰਕਟ ਦੀ ਇਸ ਘੜੀ ਵਿੱਚ ਸਾਡਾ ਟਰੱਸਟ ਸਭ ਤੋਂ ਅੱਗੇ ਹੋਵੇਗਾ।