ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ (ਬੋਰਡ) ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਲਈ ਰਜਿਸਟਰੇਸ਼ਨ ਸ਼ੁਰੂ-ਜ਼ਿਲ੍ਹਾ ਚੋਣ ਅਫ਼ਸਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ (ਬੋਰਡ) ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਲਈ ਰਜਿਸਟਰੇਸ਼ਨ ਸ਼ੁਰੂ-ਜ਼ਿਲ੍ਹਾ ਚੋਣ ਅਫ਼ਸਰ

ਮਾਲੇਰਕੋਟਲਾ 25 ਅਕਤੂਬਰ, 2023: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀ ਦੀ ਤਿਆਰੀ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਲਈ ਸਮਾਂ ਸਾਰਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਵਿਚ ਰਜਿਸਟਰੇਸ਼ਨ 21 ਅਕਤੂਬਰ 2023 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸਬੰਧੀ ਫਾਰਮ 15 ਨਵੰਬਰ 2023 ਤੱਕ ਪ੍ਰਾਪਤ ਕੀਤੇ ਜਾਣਗੇ। ਇਸ ਉਪਰੰਤ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ 05 ਦਸੰਬਰ 2023 ਨੂੰ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮੁੱਢਲੀ ਪ੍ਰਕਾਸ਼ਿਤ ਵੋਟਰ ਸੂਚੀ ਤੇ ਦਾਅਵੇ/ਇਤਰਾਜ਼ 26 ਦਸੰਬਰ 2023 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 16 ਜਨਵਰੀ 2024 ਨੂੰ ਕੀਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ)  ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਦੇ ਚਾਹਵਾਨ ਸੋਧਿਆ ਫਾਰਮ ਨੰਬਰ 01 ਭਰ ਕੇ 15 ਨਵੰਬਰ ਤੱਕ ਆਪਣਾ ਫਾਰਮ ਜਮ੍ਹਾਂ ਕਰਵਾ ਸਕਦੇ ਹਨ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੋ ਵੀ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ (ਬੋਰਡ) ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣਾ ਚਾਹੁੰਦਾ ਹੈ ਉਹ malerkotla.nic.in ਵੈੱਬ ਸਾਈਟ ਤੋਂ ਸੋਧਿਆ ਫਾਰਮ ਨੰਬਰ 1 ਡਾਊਨਲੋਡ ਕਰਕੇ ਪੇਂਡੂ ਖੇਤਰਾਂ ਵਿੱਚ ਸਬੰਧਤ ਹਲਕਾ ਪਟਵਾਰੀ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ,ਨਗਰ ਪੰਚਾਇਤ ਜਾਂ ਲੋਕਲ ਅਥਾਰਟੀ ਦੇ ਕਰਮਚਾਰੀ ਜਿਨ੍ਹਾਂ ਨੂੰ ਰਿਵਾਈਜ਼ ਅਥਾਰਟੀ ਵਜੋਂ ਨਿਯੁਕਤ ਕੀਤਾ ਗਿਆ ਹੈ, ਪਾਸ ਜਮ੍ਹਾਂ ਕਰਵਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਬਿਨੈਕਾਰ ਸਿੱਖ ਗੁਰਦੁਆਰਾ ਬੋਰਡ ਰੂਲਜ਼ 1959 ਦੇ ਰੂਲ ਨੰਬਰ 3 ਅਧੀਨ ਸਾਰੀ ਸ਼ਰਤਾਂ ਪੂਰੀਆਂ ਕਰਦੇ ਹਨ ਉਹ ਵਿਅਕਤੀ ਹੀ ਸੋਧਿਆ ਫਾਰਮ ਨੰਬਰ 1 ਭਰ ਸਕਦੇ ਹਨ। ਫਾਰਮ ਭਰਨ ਸਮੇਂ ਜ਼ਰੂਰੀ ਹਦਾਇਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ। ਬਿਨੈਕਾਰ ਮਿਤੀ 21 ਅਕਤੂਬਰ 2023 ਨੂੰ 21 ਸਾਲ ਜਾਂ ਉਸ ਤੋਂ ਵੱਧ ਉਮਰ ਪੂਰੀ ਕਰਦਾ ਹੋਵੇ, ਬਿਨੈਕਾਰ ਆਪਣੀ ਤਾਜ਼ਾ ਸਵੈ-ਤਸਦੀਕਸ਼ੁਦਾ ਫ਼ੋਟੋ ਨਾਲ ਨੱਥੀ ਕਰੇਗਾ, ਫਾਰਮ ਨੰਬਰ 1 ਵਿੱਚ ਦਰਜ਼ ਸਵੈ ਘੋਸ਼ਣਾ ਭਰਨੀ ਲਾਜ਼ਮੀ ਹੈ ਅਤੇ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ, ਸਰਵਿਸ ਪਹਿਚਾਣ ਪੱਤਰ ਸਮੇਤ ਫ਼ੋਟੋਗਰਾਫ,  ਬੈਂਕ ਜਾਂ ਡਾਕਘਰ ਦੀ ਪਾਸ-ਬੁੱਕ ਸਮੇਤ ਫ਼ੋਟੋਗਰਾਫੀ, ਪੈਨ ਕਾਰਡ, ਸਮਾਰਟ ਕਾਰਡ, ਨੈਸ਼ਨਲ ਪਾਪੂਲੇਸ਼ਨ ਰਜਿਸਟਰਡ ਦਾ ਆਰ.ਜੀ.ਆਈ. ਕਾਰਡ, ਮਗਨਰੇਗਾ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼ ਸਮੇਤ ਫ਼ੋਟੋਗਰਾਫੀ, ਐਮ.ਪੀ., ਐਮ.ਐਲ.ਏ. ਮੈਂਬਰ ਵਿਧਾਨ ਪ੍ਰੀਸ਼ਦ ਨੂੰ ਜਾਰੀ ਦਫ਼ਤਰੀ ਪਹਿਚਾਣ ਪੱਤਰ ਆਦਿ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼ ਨਾਲ ਨੱਥੀ ਕਰੇਗਾ ।