ਜਰਖੜ ਹਾਕੀ ਅਕੈਡਮੀ ਨੇ ਕੈਨੇਡਾ ਤੇ ਅਮਰੀਕਾ ਦੀਆਂ ਮਹਾਨ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

ਜਰਖੜ ਖੇਡਾਂ ਨੂੰ ਹੋਰ ਉੱਚੀਆਂ ਬੁਲੰਦੀਆਂ ’ਤੇ ਲਿਜਾਣ ਲਈ ਵਿਦੇਸ਼ੀ ਖੇਡ ਪ੍ਰੇਮੀਆਂ ਨੇ ਦਿੱਤੇ ਉਸਾਰੂ ਸੁਝਾਅ

ਜਰਖੜ ਹਾਕੀ ਅਕੈਡਮੀ ਨੇ ਕੈਨੇਡਾ ਤੇ ਅਮਰੀਕਾ ਦੀਆਂ ਮਹਾਨ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

ਸਿਆਟਲ/ਕੈਨੇਡਾ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ

ਮਾਲਵੇ ਦੀਆਂ ਬਹੁਚਰਚਿਤ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਅਤੇ ਜਰਖੜ ਵਿਖੇ ਚਲਾਈ ਜਾ ਰਹੀ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿਵਾਉਣ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਵੱਲੋਂ ਆਪਣੇ ਅਮਰੀਕਾ ਅਤੇ ਕੈਨੇਡਾ ਦੌਰੇ ਦੌਰਾਨ ਖੇਡਾਂ, ਪੱਤਰਕਾਰੀ, ਸਾਹਿਤ, ਸੱਭਿਆਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਕਈ ਮਹਾਨ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਵੱਖ-ਵੱਖ ਸਮਾਗਮਾਂ ਦੌਰਾਨ ਸਨਮਾਨਿਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਵਿੱਚ ਅਮਰੀਕਾ ਦੇ ਵੱਡੇ ਖੇਡ ਪ੍ਰਮੋਟਰ ਜੇਐਸਟੀ ਟਰੱਕ ਪਰਮਿਟ ਕੰਪਨੀ ਫਰਿਜ਼ਨੋ ਦੇ ਐਮਡੀ ਜੰਗਸ਼ੇਰ ਸਿੰਘ  ਨੂੰ, ਕੈਨੇਡਾ ਹਾਕੀ ਟੀਮ ਦੇ ਸਾਬਕਾ ਚੀਫ਼ ਕੋਚ ਸ਼ਿਵ ਵੀਰਾ ਜਗਦੇ, ਪੰਜਾਬ ਮੇਲ ਯੂਐਸਏ ਦੇ ਮੁੱਖ ਸੰਪਾਦਕ ਗੁਰਜਿੰਦਰ ਸਿੰਘ ਰੰਧਾਵਾ, ਹਾਕੀ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਤਜਿੰਦਰ ਸਿੰਘ ਔਜਲਾ, ਕੈਲੇਫੋਰਨੀਆ ਅਮਰੀਕਾ ਦੇ ਕਬੱਡੀ ਪ੍ਰਮੋਟਰ ਮਨਮੋਹਣ ਗਰੇਵਾਲ ਮੋਹਣਾ ਜੋਧਾਂ, ਗੀਤਕਾਰ ਮਨਜੀਤ ਸਿੰਘ ਚਾਹਲ, ਨਾਮਵਰ ਲੇਖਕ ਕਰਨੈਲ ਸਿੰਘ ਕੈਲ, ਇੰਡੋ-ਅਮਰੀਕਨ ਯੈਲੋ ਪੇਜ ਡਾਇਰੈਕਟਰੀ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਸੈਹਬੀ, ਇੰਦਰਜੀਤ ਸਿੰਘ ਮਾਂਗਟ, ਪਾਕਿਸਤਾਨ ਵਿੱਚ ਕਬੱਡੀ ਨੂੰ ਵੱਡੇ ਪੱਧਰ ’ਤੇ ਪ੍ਰਮੋਟ ਕਰਨ ਵਾਲੇ ਪਾਲੀ ਅਟਵਾਲ, ਰਾਜਦੀਪ ਸਿੰਘ ਖੰਗੂੜਾ, ਹਰਸਿਮਰਤ ਸਿੰਘ ਚਾਹਲ ਅਤੇ ਹਰਜਿੰਦਰ ਸਿੰਘ ਸਰੀਂਹ , ਹਰਮਨ ਗਰੇਵਾਲ ਗੁੱਜਰਵਾਲ ਮਨਟੀਕਾ, ਖੇਡ ਪ੍ਰਮੋਟਰ ਪੇਮ ਅਟਵਾਲ ਲਾਸ ਏਂਜਲਸ, ਸਰਵਿੰਦਰ ਸਰਾਂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ।

ਜਗਰੂਪ ਸਿੰਘ ਜਰਖੜ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਨੇ ਆਪੋ-ਆਪਣੇ ਖੇਤਰ ਵਿੱਚ ਪੰਜਾਬ ਦੀਆਂ ਖੇਡਾਂ ਅਤੇ ਖੇਡ ਸੱਭਿਆਚਾਰ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਜਰਖੜ ਖੇਡਾਂ ਨੂੰ ਇੱਕ ਪੇਂਡੂ ਖੇਡ ਮੇਲੇ ਤੋਂ ਅੰਤਰਰਾਸ਼ਟਰੀ ਪੱਧਰ ਦੀ ਪਛਾਣ ਦਿਵਾਉਣ ਵਿੱਚ ਦੇਸ਼-ਵਿਦੇਸ਼ ਵਸਦੇ ਖੇਡ ਪ੍ਰੇਮੀਆਂ, ਪ੍ਰਮੋਟਰਾਂ, ਪੱਤਰਕਾਰਾਂ ਅਤੇ ਖੇਡ ਹਸਤੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

*ਜੰਗਸ਼ੇਰ ਸਿੰਘ ਫਰਿਜ਼ਨੋ ਅਤੇ ਕੋਚ ਸ਼ਿਵ ਵੀਰਾ ਨੇ ਦਿੱਤਾ ਜਰਖੜ ਖੇਡਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲਿਜਾਣ ਦਾ ਸੁਝਾਅ*

ਜੇਐਸਟੀ ਟਰੱਕ ਪਰਮਿਟ ਦੇ ਐਮਡੀ ਅਤੇ ਉੱਘੇ ਖੇਡ ਪ੍ਰਮੋਟਰ ਜੰਗਸ਼ੇਰ ਸਿੰਘ ਅਤੇ ਕੈਨੇਡਾ ਹਾਕੀ ਟੀਮ ਦੇ ਸਾਬਕਾ ਚੀਫ਼ ਕੋਚ ਸ਼ਿਵ ਵੀਰਾ ਨੇ ਜਰਖੜ ਖੇਡਾਂ ਦੀ ਲੰਮੀ ਖੇਡ ਯਾਤਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਰਖੜ ਨੇ ਪੇਂਡੂ ਖੇਤਰ ਵਿੱਚ ਹਾਕੀ ਅਤੇ ਹੋਰ ਖੇਡਾਂ ਨੂੰ ਜਿਸ ਤਰ੍ਹਾਂ ਇੱਕ ਵੱਡਾ ਮੰਚ ਦਿੱਤਾ ਹੈ, ਉਹ ਆਪਣੇ ਆਪ ਵਿੱਚ ਮਿਸਾਲ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਰਖੜ ਖੇਡਾਂ ਨੂੰ ਹੋਰ ਅੰਤਰਰਾਸ਼ਟਰੀ ਰੂਪ ਦੇਣ ਲਈ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਖੇਡ ਪ੍ਰੇਮੀਆਂ ਅਤੇ ਸਾਬਕਾ ਖਿਡਾਰੀਆਂ ਨੂੰ ਵੀ ਇਸ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਜਰਖੜ ਵਿੱਚ ਨੌਜਵਾਨ ਖਿਡਾਰੀਆਂ ਲਈ ਕੋਚਿੰਗ ਕੈਂਪ, ਵਿਦੇਸ਼ੀ ਕੋਚਾਂ ਦੇ ਵਿਸ਼ੇਸ਼ ਸੈਸ਼ਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਤਜਰਬਾ ਸਾਂਝਾ ਕਰਨ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਇਸ ਦਾ ਨੌਜਵਾਨਾਂ ਨੂੰ ਵੱਡਾ ਲਾਭ ਮਿਲ ਸਕਦਾ ਹੈ।

*ਗੁਰਜਿੰਦਰ ਰੰਧਾਵਾ ਨੇ ਕਿਹਾ—ਜਰਖੜ ਦੀ ਪਛਾਣ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਦੀ ਲੋੜ*

ਪੰਜਾਬ ਮੇਲ ਯੂਐਸਏ ਦੇ ਮੁੱਖ ਸੰਪਾਦਕ ਗੁਰਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਰਖੜ ਖੇਡਾਂ ਸਿਰਫ਼ ਇੱਕ ਖੇਡ ਮੇਲਾ ਨਹੀਂ, ਸਗੋਂ ਪੰਜਾਬ ਦੇ ਪੇਂਡੂ ਖੇਡ ਸੱਭਿਆਚਾਰ ਦੀ ਇੱਕ ਵਿਲੱਖਣ ਪਛਾਣ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਜਰਖੜ ਖੇਡਾਂ ਨਾਲ ਹੋਰ ਵੱਡੇ ਪੱਧਰ ’ਤੇ ਜੋੜਨ ਲਈ ਮੀਡੀਆ, ਡਿਜੀਟਲ ਪਲੇਟਫਾਰਮਾਂ ਅਤੇ ਵਿਦੇਸ਼ੀ ਪੰਜਾਬੀ ਸੰਸਥਾਵਾਂ ਦੀ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਰਖੜ ਖੇਡਾਂ ਦੀ ਪੂਰੀ ਇਤਿਹਾਸਕ ਯਾਤਰਾ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਿਆ ਜਾਵੇ ਅਤੇ ਜਰਖੜ ਦੇ ਉੱਘੇ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰਬੰਧਕਾਂ ਦੀਆਂ ਪ੍ਰਾਪਤੀਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇ।

*ਮੋਹਣਾ ਜੋਧਾਂ ਨੇ ਕਿਹਾ—ਕਬੱਡੀ ਸਮੇਤ ਹੋਰ ਖੇਡਾਂ ਨੂੰ ਵੀ ਮਿਲੇ ਵੱਡਾ ਮੰਚ*

ਪ੍ਰਸਿੱਧ ਕਬੱਡੀ ਪ੍ਰਮੋਟਰ, ਕੈਲੇਫੋਰਨੀਆ ਵੱਸਦੇ ਮਨਮੋਹਣ ਗਰੇਵਾਲ ਮੋਹਣਾ ਜੋਧਾਂ ਨੇ ਕਿਹਾ ਕਿ ਜਰਖੜ ਖੇਡਾਂ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇੱਥੇ ਪੇਂਡੂ ਖੇਤਰ ਦੇ ਨੌਜਵਾਨਾਂ ਨੂੰ ਆਪਣੀ ਖੇਡ ਕਲਾ ਦਿਖਾਉਣ ਲਈ ਵੱਡਾ ਮੰਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਰਖੜ ਨੂੰ ਸਿਰਫ਼ ਹਾਕੀ ਤੱਕ ਸੀਮਤ ਨਾ ਰੱਖਦਿਆਂ ਕਬੱਡੀ, ਐਥਲੈਟਿਕਸ, ਵਾਲੀਬਾਲ, ਫੁੱਟਬਾਲ ਅਤੇ ਹੋਰ ਪੇਂਡੂ ਖੇਡਾਂ ਨੂੰ ਵੀ ਹੋਰ ਮਜ਼ਬੂਤੀ ਨਾਲ ਜੋੜਿਆ ਜਾਵੇ। ਮੋਹਣਾ ਜੋਧਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਵਿਦੇਸ਼ਾਂ ਵਿੱਚ ਵੱਸਦੇ ਖੇਡ ਪ੍ਰਮੋਟਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਤਿਆਰ ਕਰਕੇ ਜਰਖੜ ਖੇਡਾਂ ਲਈ ਸਪਾਂਸਰਸ਼ਿਪ, ਖਿਡਾਰੀਆਂ ਲਈ ਸਹਾਇਤਾ ਅਤੇ ਅੰਤਰਰਾਸ਼ਟਰੀ ਖੇਡ ਸੰਪਰਕ ਵਧਾਏ ਜਾਣ।

*ਜਰਖੜ ਖੇਡਾਂ ਦੇ ਪ੍ਰਬੰਧਕ ਹਮੇਸ਼ਾ ਰਿਣੀ ਰਹਿਣਗੇ*

ਜਗਰੂਪ ਸਿੰਘ ਜਰਖੜ ਨੇ ਕਿਹਾ ਕਿ ਜਰਖੜ ਖੇਡਾਂ ਦੀ ਸਫ਼ਲਤਾ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਹਜ਼ਾਰਾਂ ਖੇਡ ਪ੍ਰੇਮੀਆਂ, ਖਿਡਾਰੀਆਂ, ਕੋਚਾਂ, ਪ੍ਰਬੰਧਕਾਂ, ਪ੍ਰਵਾਸੀ ਪੰਜਾਬੀਆਂ ਅਤੇ ਸਹਿਯੋਗੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਨੇ ਹਰ ਮੁਸ਼ਕਲ ਸਮੇਂ ਜਰਖੜ ਖੇਡਾਂ ਅਤੇ ਹਾਕੀ ਅਕੈਡਮੀ ਦਾ ਸਾਥ ਦਿੱਤਾ ਹੈ। ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਹਰ ਸਾਲ ਜਰਖੜ ਖੇਡਾਂ ਦੀ ਸਫ਼ਲਤਾ ਲਈ ਦਿੱਤਾ ਜਾਂਦਾ ਸਹਿਯੋਗ ਅਤੇ ਉਸਾਰੂ ਮਾਰਗਦਰਸ਼ਨ ਜਰਖੜ ਖੇਡਾਂ ਦੀ ਤਾਕਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਆਉਣ ਵਾਲੇ ਸਮੇਂ ਵਿੱਚ ਵੀ ਪੇਂਡੂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਨਸ਼ਿਆਂ ਤੋਂ ਦੂਰ ਰੱਖਣ ਅਤੇ ਪੰਜਾਬ ਦੀ ਖੇਡ ਵਿਰਾਸਤ ਨੂੰ ਸੰਭਾਲਣ ਲਈ ਆਪਣੀ ਭੂਮਿਕਾ ਨਿਭਾਉਂਦੀਆਂ ਰਹਿਣਗੀਆਂ।