ਮਰਹੂਮ ਸ਼ਾਇਰ ਸੁਖਬੀਰ ਸਿੰਘ ਸੰਧੂ ਦੀ ਕਾਵਿ ਕਿਤਾਬ “ਪਾਇਲ” (ਸੱਰੀ)ਕੈਨੇਡਾ 'ਚ ਲੋਕ ਅਰਪਣ

ਸਰੀ 'ਚ 'ਰੇਡੀਓ ਇੰਡੀਆ' ਵੱਲੋਂ ਮਾਣਮੱਤਾ ਸਮਾਗਮ

ਮਰਹੂਮ ਸ਼ਾਇਰ ਸੁਖਬੀਰ ਸਿੰਘ ਸੰਧੂ ਦੀ ਕਾਵਿ ਕਿਤਾਬ “ਪਾਇਲ” (ਸੱਰੀ)ਕੈਨੇਡਾ 'ਚ ਲੋਕ ਅਰਪਣ

ਲੁਧਿਆਣਾ, 6 ਅਕਤੂਬਰ, 2026: ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਸਾਊਥ ਏਸ਼ੀਅਨ ਪਰਵਾਸੀ ਭਾਈਚਾਰੇ ਦੇ ਹੱਕਾਂ ਹਿਤਾਂ ਦੀ ਤਰਜ਼ਮਾਨੀ ਕਰਦੇ ਆ ਰਹੇ ਮਨਿੰਦਰ ਸਿੰਘ ਗਿੱਲ ਦੀ ਅਗਵਾਈ ਹੋਠ ਸਰਗਰਮ ਨਾਮਵਰ ਮੀਡੀਆ ਅਦਾਰੇ 'ਰੇਡੀਓ ਇੰਡੀਆ' ਵੱਲੋਂ ਸਥਾਨਕ ਬੰਬੇ ਬੈਂਕੁਟ ਹਾਲ ਵਿਖੇ ਇੱਕ ਵਿਸ਼ਾਲ ਸਾਹਿੱਤਕ ਤੇ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿਚ ਸਰੀ ਸਿਟੀ ਦੀ ਮੇਅਰ ਬ੍ਰੈਂਡਾ ਲੌਕ, ਮੈਂਬਰ ਪਾਰਲੀਮੈਂਟ  ਸੁੱਖ ਧਾਲੀਵਾਲ, ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਸੈਣੀ, ਸਾਬਕਾ ਮੈਂਬਰ ਪਾਰਲੀਮੈਂਟ ਗੁਰਮੰਤ ਸਿੰਘ ਗਰੇਵਾਲ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਤੋਂ ਇਲਾਵਾ ਸ਼ਹਿਰ ਦੀਆਂ ਨਾਮੀ ਸਾਹਿੱਤਕ, ਸੱਭਿਆਚਾਰਕ ਤੇ ਸਮਾਜਿਕ ਸਖਸ਼ੀਅਤਾਂ, ਸਿੱਖ ਸੁਸਾਇਟੀਆਂ, ਵੱਖ ਵੱਖ ਗੁਰਦੁਆਰਾ ਸਾਹਿਬਾਨ ਤੇ ਮੰਦਰਾਂ ਦੇ ਪ੍ਰਬੰਧਕ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਸਮੇਤ ਵੱਡੀ ਗਿਣਤੀ ਚ ਸ਼ਹਿਰੀ ਸ਼ਾਮਲ ਸਨ।
ਵਿਸ਼ਾਲ ਹਾਜ਼ਰੀ ਭਰੇ ਇਸ ਸਮਾਗਮ ਦੇ ਮੰਚ  ਤੋਂ ਸਾਰੀਆਂ ਮਾਨਯੋਗ ਸਖਸ਼ੀਅਤਾਂ ਨ੍ਹੇ ਸਾਂਝੇ ਰੂਪ ਵਿਚ ਨਾਮਵਰ ਸ਼ਾਇਰ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਮਰਹੂਮ ਸ਼ਾਇਰ ਸੁਖਬੀਰ ਸਿੰਘ ਸੰਧੂ ਦੀਆਂ ਅਲੋਪ ਹੋਈਆਂ ਰਚਨਾਵਾਂ  ਦੇ ਸੰਗ੍ਰਹਿ “ਪਾਇਲ”ਨੂੰ 53 ਵਰ੍ਹਿਆਂ ਬਾਅਦ ਮੁੜ ਸੰਪਾਦਿਤ ਕੀਤੀ ਕਿਤਾਬ ਨੂੰ  ਲੋਕ ਅਰਪਣ ਕੀਤਾ ਗਿਆ। ਇਸ ਕਿਤਾਬ ਨੂੰ ਸੁਖਬੀਰ ਸਿੰਘ ਸੰਧੂ ਪਰਿਵਾਰ ਤੇ ਕਰਨਲ ਜਸਬੀਰ ਭੁੱਲਰ ਦੇ ਸਹਿਯੋਗ ਨਾਲ  ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਸੰਗ੍ਰਹਿ ਦੀ ਇੱਕ ਮਹੱਤਵਪੂਰਨ ਰਚਨਾ 'ਦੋ ਜਣੀਆਂ' ਨੂੰ ਉੱਘੇ ਲੋਕ ਗਾਇਕ ਤੇ ਕੈਨੇਡੀਅਨ ਕਾਰੋਬਾਰੀ ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗਾਕੇ ਸੁਣਾਇਆ। ਸੁਰਜੀਤ ਮਾਧੋਪੁਰੀ ਨੇ ਦੱਸਿਆ ਕਿ ਪਿਛਲੀ ਪੰਜਾਬ ਫੇਰੀ ਦੌਰਾਨ ਮੈਂ ਇਹ ਗ਼ਜ਼ਲ ਰੀਕਾਰਡ ਕਰਵਾਈ ਪਰ ਇਸ ਦੇ ਮੂਲ ਲੇਖਕ ਦਾ ਇਹ ਕਿਤਾਬ ਪ੍ਰਾਪਤ ਕਰਕੇ ਪਤਾ ਲੱਗਾ ਹੈ।
ਇਸ ਮੌਕੇ ਰੇਡੀਓ ਦੇ ਮੈਨਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨੁਸਰਤ ਫ਼ਤਹਿ ਅਲੀ ਖਾਂ ਸਾਹਿਬ, ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਵੀ ਜਿਥੇ 1985 ਵਿੱਚ ਸੁਰਗਵਾਸ ਹੋਏ ਸ਼ਾਇਰ ਸੁਖਬੀਰ ਸਿੰਘ ਸੰਧੂ ਦੀ ਰਚਨਾ “ ਉਸ ਬੇਵਫ਼ਾ ਦੀ ਯਾਦ ਵਿੱਚ ਰੋਇਆ ਕਰਾਂ ਕਿ ਨਾ”ਗਾਇਆ ਹੈ ਉੱਥੇ ਭਾਰਤੀ ਪੰਜਾਬ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਸ ਰਚਨਾ ਦਾ ਮਹਾਨ ਕਵੀ ਕੌਣ ਹੈ?
ਉਨ੍ਹਾਂ ਕਿਤਾਬ ਦੇ ਸੰਪਾਦਕ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਨੂੰ ਦਿੱਤੀ ਦੇਣ ਦਾ ਭਾਵਪੂਰਤ ਸ਼ਬਦਾਂ ਨਾਲ ਉਲੇਖ ਕੀਤਾ।
ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜਿੰਮੇਵਾਰੀ ਨਾਮਵਰ ਬੈਰਿਸਟਰ ਤੇ ਸੋਲਿਸਟਰ ਲਵਲੀਨ ਸਿੰਘ ਗਿੱਲ ਨੇ ਬਾਖੂਬੀ ਨਿਭਾਈ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਪਲਵਿੰਦਰ ਸਿੰਘ ਰੰਧਾਵਾ, ਦਰਸ਼ਨ ਸਿੰਘ ਸੰਘਾ, ਬਿੱਕਰ ਸਿੰਘ ਖੋਸਾ, ਜਸਵੀਰ ਸਿੰਘ ਭਲੂਰੀਆ, ਇੰਦਰਪਾਲ ਸਿੰਘ ਸੰਧੂ ਅਤੇ ਐਡਵੋਕੇਟ ਸੰਘਾ ਤੋਂ ਇਲਾਵਾ ਸ਼ੱਬਾ ਹੁੰਦਲ, ਬੂਟਾ ਸਿੰਘ ਢਿੱਲੋਂ, ਬਲਬੀਰ ਸਿੰਘ ਪੱਡਾ, ਬਲਬੀਰ ਸਿੰਘ ਬੋਪਾਰਾਏ, ਰਣਜੀਤ ਸਿੰਘ ਵਾਲੀਆ ਅਤੇ ਵੱਡੀ ਗਿਣਤੀ ਵਿੱਚ ਮੀਡੀਆ ਨਾਲ ਸਬੰਧਿਤ ਸ਼ਖਸ਼ੀਅਤਾਂ ਵੀ ਹਾਜ਼ਰ  ਸਨ।
“ਰੇਡੀਓ ਇੰਡੀਆ” ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਵੱਲੋਂ “ਪਾਇਲ” ਗ਼ਜ਼ਲ ਸੰਗ੍ਹਹਿ ਦੀਆਂ 200 ਕਾਪੀਆਂ ਪੰਜਾਬ ਤੋਂ ਮੰਗਵਾ ਕੇ ਪੰਜਾਬੀ ਪਾਠਕਾਂ ਤੀਕ ਪਹੁੰਚਾਉਣ ਲਈ ਕਿਤਾਬ ਦੇ ਸੰਪਾਦਕ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਧੰਨਵਾਦ ਕੀਤਾ ਹੈ।