ਪੰਜਾਬ ਐਸਸੀ ਕਮਿਸ਼ਨ ਦੇ 2 ਮੈਂਬਰੀ ਟੀਮ ਨੇ ਦਾਖਾ ਦਾ ਕੀਤਾ ਦੌਰਾ

12 ਅਪ੍ਰੈਲ ਨੂੰ ਕੀਤੀ ਪੁਲੀਸ ਤੋਂ ਰਿਪੋਰਟ ‘ਤਲਬ’

ਪੰਜਾਬ ਐਸਸੀ ਕਮਿਸ਼ਨ ਦੇ 2 ਮੈਂਬਰੀ ਟੀਮ ਨੇ ਦਾਖਾ ਦਾ ਕੀਤਾ ਦੌਰਾ
ਪੰਜਾਬ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਗਿਆਨ ਚੰਦ ਦੀਵਾਲੀ ਦੌਰੇ ਮੌਕੇ ਘਟਨਾ ਵਾਲੀ ਜਗਾ੍ਹ ਤੇ ਪਹੁੰਚ ਕੇ ਲੋਕਾਂ ਦੀ ਸੁਣਵਾਈ ਕਰਦੇ ਹੋਏ।

ਲੁਧਿਆਣਾ: ਪੀੜਤ ਦਲਿਤ ਮਹਿਲਾ ਹਰਜਿੰਦਰ ਕੌਰ ਤੇ ਬੀਤੇ ਦਿਨੀਂ ਹੋਏ ਜਾਨ ਲੇਵਾ ਹਮਲੇ ਦਾ ਨੋਟਿਸ ਲੈਂਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ 2 ਮੈਂਬਰੀ ਟੀਮ ਅੱਜ ਪਿੰਡ ਦਾਖਾ ਵਿਖੇ ਪਹੁੰਚੀ।

ਚੇਤੇ ਰਹੇ ਕਿ ਬੀਤੇ ਦਿਨੀਂ ਦਲਿਤ ਪੀੜਤ ਮਹਿਲਾ ਹਰਜਿੰਦਰ ਕੌਰ ਤੇ ਜਾਨ ਲੇਵਾ ਹਮਲਾ ਹੋਇਆ ਸੀ।ਜੋ ਕਿ ਇੱਕ ਨਿੱਜੀ ਹਸਪਤਾਲ ਵਿਖੇ ਆਈਸੀਯੂ ਵਿਖੇ ਜ਼ੇਰੇ ਇਲਾਜ ਹੈ।

ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਗਿਆਨ ਚੰਦ ਦੀਵਾਲੀ ਅਧਾਰਿਤ 2 ਮੈਂਬਰੀ ਟੀਮ ਨੇ ਪੀੜਤ ਦਲਿਤ ਮਹਿਲਾ ਦੇ ਹਮਲੇ ਦੇ ਮਾਮਲੇ ‘ਚ ਅੱਜ 1 ਵਜੇ ਲੁਧਿਆਣਾ ਸਥਿਤ ਸਰਕਟ ਹਾਊਸ ਵਿਖੇ ਪੁਲੀਸ ਜ਼ਿਲ੍ਹਾ ਜਗਰਾਓ ਦੇ ਐਸਪੀ (ਡੀ) ਸ੍ਰ ਬਲਵਿੰਦਰ ਸਿੰਘ, ਡੀਐਸਪੀ ਦਲਜੀਤ ਵਿਰਕ,ਤਹਿਸੀਲ ਭਲਾਈ ਅਫਸਰ ਸ੍ਰ ਕੁਲਵੰਤ ਸਿੰਘ ਸੰਧੂ, ਐਸਐਚਓ ਸ੍ਰ ਪ੍ਰੇਮ ਸਿੰਘ ਭੰਗੂ ਨਾਲ ਬੈਠ ਕੇ ਕੇਸ ਦੇ ਸਬੰਧ ‘ਚ ਚਰਚਾ ਕੀਤੀ।

ਇਸ ਮੌਕੇ ਐਸਪੀ (ਡੀ) ਸ੍ਰ ਬਲਵਿੰਦਰ ਸਿੰਘ ਨੇ ਕਮਿਸ਼ਨ ਨੂੰ ਸੂਚਿਤ ਕੀਤਾ ਕਿ ਕਮਿਸ਼ਨ ਦੇ ਦੌਰੇ ਸਬੰਧੀ ਮੀਡੀਆ ‘ਚ ਪ੍ਰਕਾਸ਼ਿਤ ਖਬਰਾਂ ਦਾ ਨੋਟਿਸ ਲੈਂਦਿਆਂ ਪੀੜਤਾ ਦੇ ਪਤੀ ਕਰਮ ਸਿੰਘ ਦੇ ਬਿਆਨਾ ਤੇ ਐਸਸੀਐਸਟੀ ਐਕਟ ਅਤੇ ਹੋਰ ਗੰਭੀਰ ਧਰਾਵਾਂ ਤਹਿਤ ਦੋਸ਼ੀ ਧਿਰ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।

ਪੁਲੀਸ ਕੋਲੋ ਕੇਸ ਦੀ ਸਟੇਟਸ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਕਮਿਸ਼ਨ ਦੀ ਟੀਮ ਨੇ ਪੀੜਤਾ ਤੇ ਜਿਥੇ ਹਮਲਾ ਹੋਇਆ ਸੀ, ਉਥੇ ਪਹੁੰਚ ਕੇ ਮੌਕਾ ਮੁਆਇਨਾ ਕੀਤਾ ਅਤੇ ਕਰਮ ਸਿੰਘ ਜੋ ਕਿ ਸ਼ਿਕਾਇਤ ਧਿਰ ਹੈ ਦੇ ਬਿਆਨ ਕਲਮਬੰਦ ਕੀਤੇ।ਮੌਕੇ ਤੇ ਪੁੱਜੇ ਐਸਡੀਐਮ ਜਗਰਾਓ ਨੇ ਵੀ ‘ਕਮਿਸ਼ਨ’ ਨੂੰ ਬਣਦਾ ਸਹਿਯੋਗ ਦਿੱਤਾ।

ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਡਾ. ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਮਾਮਲਾ ਬੇਹੱਦ ਗੰਭੀਰ ਸੀ। ਜਿਸ ਕਰਕੇ ਕਮਿਸ਼ਨ ਦੇ ਇਸ ਦਾ ਨੋਟਿਸ ਲੈਂਦਿਆਂ ਅੱਜ ਪੀੜਤ ਧਿਰ ਨਾਲ ਮੁਲਾਕਾਤ ਕਰਕੇ ਪੀੜਤ ਪ੍ਰੀਵਾਰ ਦੀ ਸੁਣਵਾਈ ਕਰਨ ਦਾ ਫੈਸਲਾ ਲਿਆ ਹੈ।

ਉਨ੍ਹਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪ੍ਰਸਾਸ਼ਨ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜ਼ੁਰਮ ‘ਚ ਵਾਧਾ ਕਰਦਿਆਂ ਪੀੜਤਾ ਦੇ ਬਿਆਨਾ ਤੇ ਵੱਖਰੇ ਤੌਰਤੇ ਕਾਰਵਾਈ ਕਰਨ ਉਪਰੰਤ 12/04/2021 ਨੂੰ ਦਰਜ ਕੀਤੀ ਗਈ ਐਫਆਈਆਰ ਦੀ ਮੌਜੂਦਾ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਜੋ ਕਿ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੰਡੀਗੜ੍ਹ ਸਥਿਤ  ਦਫਤਰ ਵਿਖੇ ਡੀਐਸਪੀ ਰੈਂਕ  ਦਾ ਅਫਸਰ ਖੁਦ ਲੈ ਕੇ ਕਮਿਸ਼ਨ ਦੇ ਪੇਸ਼ ਹੋਵੇਗਾ।ਉਨਾਂ ਨੇ ਦੱਸਿਆਂ ਕਿ ਭਲਾਈ ਵਿਭਾਗ ਤੋਂ ਵੀ ਪੀੜਤ ਦੀ ਆਰਥਿਕ ਮਦਦ ਕਰਵਾਏ ਜਾ ਰਹੀ ਹੈ।

ਇਸ ਮੌਕੇ ਹੁਸਨਪ੍ਰੀਤ ਸਿੰਘ ਸਿਆਲਕਾ, ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ, ਲਖਵਿੰਦਰ ਸਿੰਘ ਅਟਾਰੀ, ਮੈਡਮ ਹਰਮਿੰਦਰ ਕੌਰ ਸਿੱਧੂ ਅਤੇ ਕਈ ਹੋਰ ਹਾਜਰ ਸਨ।