ਪ੍ਰਮੱਖ ਸ਼ਖਸੀਅਤਾਂ  ਨੇ ਸ਼੍ਰੋਮਣੀ ਪੱਤਰਕਾਰ ਹਰਬੀਰ ਸਿੰਘ ਭੰਵਰ ਦੇ ਜੀਵਨ ਉਪਰ ਲਿਖੇ  ਅਭਿਨੰਦਨ ਗ੍ਰੰਥ  ਨੂੰ ਕੀਤਾ ਸਾਹਿਤ ਅਰਪਣ

ਹਰਬੀਰ ਸਿੰਘ ਭੰਵਰ ਨੇ ਆਪਣੀ ਕਲਮ ਰਾਹੀਂ ਨਿਰਪੱਖ ਪੱਤਰਕਾਰੀ ਦਾ ਇਤਿਹਾਸ ਸਿਰਜਿਆ-  ਵਰਿੰਦਰ ਸਿੰਘ ਵਾਲੀਆ

ਪ੍ਰਮੱਖ ਸ਼ਖਸੀਅਤਾਂ  ਨੇ ਸ਼੍ਰੋਮਣੀ ਪੱਤਰਕਾਰ ਹਰਬੀਰ ਸਿੰਘ ਭੰਵਰ ਦੇ ਜੀਵਨ ਉਪਰ ਲਿਖੇ  ਅਭਿਨੰਦਨ ਗ੍ਰੰਥ  ਨੂੰ ਕੀਤਾ ਸਾਹਿਤ ਅਰਪਣ

ਲੁਧਿਆਣਾ: ਨਿਰਪੱਖ ਸੋਚ ਰੱਖਣ ਵਾਲੇ ਸ.ਹਰਬੀਰ ਸਿੰਘ ਭੰਵਰ ਉਨ੍ਹਾ  ਚੌਣਵੇ ਪੱਤਰਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੀ ਕਲਮ ਰਾਹੀਂ  ਲਫਜ਼ਾਂ  ਦੇ ਵਿੱਚੋ ਸੱਚ ਨੂੰ ਸਿਰਜ ਕੇ ਪੱਤਰਕਾਰੀ ਦੇ  ਇਤਿਹਾਸ  ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਦੀ ਦਲੇਰਾਨਾ ਕੋਸ਼ਿਸ਼ ਕਰਕੇ ਨਵੀਂ ਮਿਸਾਲ ਪੈਦਾ ਕੀਤੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ.ਵਰਿੰਦਰ ਸਿੰਘ ਵਾਲੀਆ ਸੰਪਾਦਕ ਪੰਜਾਬੀ ਜਾਗਰਣ ਨੇ ਅੱਜ ਪੰਜਾਬੀ ਭਵਨ ਲੁਧਿਆਣਾ ਦੇ ਸੈਮੀਨਾਰ ਹਾਲ ਵਿਖੇ ਸਿਰਜਣਧਾਰਾ ਵੱਲੋ ਲੋਕ ਸਾਹਿਤ ਮੰਚ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਪੰਜਾਬੀ ਮਾਂ.ਕਾਮ ਦੇ ਸਹਿਯੋਗ ਨਾਲ ਉੱਘੇ ਪੱਤਰਕਾਰ ਸ.ਹਰਬੀਰ ਸਿੰਘ ਭੰਵਰ ਦੇ ਸਮੁੱਚੇ ਜੀਵਨ ,ਪ੍ਰਾਪਤੀਆਂ ਤੇ ਸਰਗਰਮੀਆਂ ਤੇ ਅਧਾਰਿਤ ਉੱਘੇ ਨਾਵਲਕਾਰ ਦਵਿੰਦਰ ਸਿੰਘ ਸੇਖਾ ਵੱਲੌਂ ਸੰਪਾਦਿਤ ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ ਦਾ ਸਾਹਿਤ ਅਰਪਣ ਕਰਨ ਲਈ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।

ਸ.ਵਰਿੰਦਰ ਸਿੰਘ ਵਾਲੀਆ ਨੇ ਅਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਨਿਰਪੱਖ ਪੱਤਰਕਾਰੀ ਦੇ ਥੰਮ ਵੱਜੋਂ ਜਾਣੇ ਜਾਦੇ ਸ.ਹਰਬੀਰ ਸਿੰਘ ਭੰਵਰ ਵੱਲੋਂ ਲਿਖੀਆਂ ਕਈ ਪ੍ਰਮੁੱਖ ਖਬਰਾਂ , ਲੇਖ ਅਤੇ ਪੁਸਤਕਾਂ ਇੱਕ ਇਤਿਹਾਸਕ ਦਸਤਾਵੇਜ਼ ਦੇ ਰੂਪ ਵੱਜੋਂ ਸਾਡਾ ਮਾਰਗ ਦਰਸ਼ਨ ਕਰਨ ਵਿੱਚ ਸਹਾਈ ਹੋ ਰਹੀਆਂ ਹਨ, ਖਾਸ ਕਰਕੇ ਉਨ੍ਹਾਂ ਵੱਲੋ ਸਾਕਾ ਨੀਲਾ ਤਾਰਾ ਦੀ ਲਿਖੀ ਤਿਥੀਵਾਰ ਡਾਇਰੀ ਨੇ ਸ. ਭੰਵਰ ਨੂੰ ਇਤਿਹਾਸਕਾਰਾਂ ਦੀ ਕਤਾਰ ਵਿੱਚ ਖੜਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ.ਹਰਬੀਰ ਸਿੰਘ ਭੰਵਰ ਜੀ ਦੀ ਚੰਗੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਸਾਡੇ ਸਾਰਿਆਂ ਦੇ ਲਈ ਇੱਕ ਚਾਨਣ ਦਾ ਮੁਨਾਰਾ ਹਨ। ਜਿਸ ਤੋ ਉਭਰਦੇ ਹੋਏ ਪੱਤਰਕਾਰਾਂ ਨੂੰ ਸੇਧ ਲੈਣੀ ਚਾਹੀਦੀ ਹੈ।

ਇਸ  ਮੌਕੇ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਪੁੱਜੇ ਪ੍ਰੋ.ਚਮਨ ਲਾਲ ਸਾਬਕਾ ਡੀਨ ਸੀਨੀਅਰ ਪ੍ਰੋਫੈਸਰ, ਸ਼੍ਰੀ ਮਿੱਤਰ ਸੈਨ ਮੀਤ (ਲੋਕ ਸਾਹਿਤ ਮੰਚ) ਹਰਬਖਸ਼ ਸਿੰਘ ਗਰੇਵਾਲ, ਨਰਿੰਦਰ ਸਿੰਘ ਸੇਖੋਂ ਨੇ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਮੁੱਚੀ ਜਿੰਦਗੀ ਸੱਚੀ ਪੱਤਰਕਾਰੀ ਦਾ ਮੁਦੱਈ ਬਣ ਕੇ ਅਪਣਾ ਜੀਵਨ ਜਿਉਣ ਵਾਲਾ ਸ.ਹਰਬੀਰ ਸਿੰਘ ਭੰਵਰ ਬੁਹਪੱਖੀ ਸ਼ਖਸੀਅਤ ਦਾ ਮਾਲਕ ਹੈ। ਜਿਨ੍ਹਾ ਨੂੰ ਬੇਸ਼ੱਕ ਪੰਜਾਬ ਸਰਕਾਰ ਵੱਲੋ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਤ ਕਰਨ ਦਾ ਰਸਮੀ ਐਲਾਨ ਕੀਤਾ ਹੋਇਆ ਹੈ। ਪਰ ਅੱਜ ਦਾ ਸਮਾਗਮ ਤੇ ਸਨਮਾਨ ਉਨ੍ਹਾਂ ਦੇ ਸਾਫ ਸੁਥਰੇ ਕਿਰਦਾਰ, ਸੱਚੀ ਪੱਤਰਕਾਰਤਾ ਨੂੰ ਸਮਰਪਿਤ ਹੈ।

ਸਮੂਹ ਮਹਿਮਾਨ ਸ਼ਖਸ਼ੀਅਤਾਂ ਨੇ  ਦਵਿੰਦਰ ਸਿੰਘ ਸੇਖਾ ਵੱਲੋ ਬੜੀ ਸ਼ਿੱਦਤ ਤੇ ਲਗਨ ਨਾਲ ਸੰਪਾਦਿਤ ਕੀਤੇ ਗਏ ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਗ੍ਰੰਥ ਅਜੌਕੀ ਨੌਜਵਾਨ ਪੀੜ੍ਹੀ ਤੇ ਪੱਤਰਕਾਰਾਂ ਦੇ ਲਈ ਇੱਕ ਖੋਜ ਭਰਪੂਰ ਲੇਖਾਂ  ਦਾ ਇਤਿਹਾਸਕ ਸੰਗ੍ਰਹਿ ਬਣੇਗਾ।

ਸਮਾਗਮ ਦੌਰਾਨ ਸਟੇਜ਼ ਦਾ ਸੰਚਾਲਨ ਕਰ ਰਹੇ ਸ਼੍ਰੀ ਗੁਲਜ਼ਾਰ ਪੰਧੇਰ ਨੇ ਜਿੱਥੇ ਬੜੇ ਖੂਬਸੂਰਤ ਢੰਗ ਨਾਲ ਸ਼੍ਰੋਮਣੀ ਪੱਤਰਕਾਰ ਤੇ ਨਾਮਵਰ ਸਾਹਿਤਕਾਰ ਸ.ਹਰਬੀਰ ਸਿੰਘ ਭੰਵਰ ਦੀਆਂ ਸਮੁੱਚੇ ਜੀਵਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਇੱਕਤਰ ਹੋਈਆਂ ਸ਼ਖਸ਼ੀਅਤਾਂ ਦੇ ਸਨਮੁੱਖ ਕੀਤਾ ਉੱਥੇ ਨਾਲ ਹੀ ਸਿਰਜਣਧਾਰਾ ਦੇ ਪ੍ਰਧਾਨ ਸ. ਕਰਮਜੀਤ  ਸਿੰਘ ਔਜਲਾ ਦੇ ਵੱਲੋਂ ਭੇਜਿਆ ਗਿਆ ਮੁਬਾਰਕਬਾਦ ਦਾ ਸ਼ੰਦੇਸ਼ ਵੀ ਪੜਿਆ।

ਇਸ ਮੌਕੇ ਸ.ਵਰਿੰਦਰ ਸਿੰਘ ਵਾਲੀਆ, ਪ੍ਰੋ ਚਮਨ ਲਾਲ, ਹਰਬਖਸ਼ ਸਿੰਘ ਗਰੇਵਾਲ, ਨਰਿੰਦਰ ਸਿੰਘ ਸੇਖੋਂ, ਸ਼੍ਰੀ ਮਤੀ ਸਰੋਜ,ਸੁਖਦੇਵ ਸਿੰਘ ਲਾਜ,ਪ੍ਰਿੰ ਰਣਜੀਤ ਸਿੰਘ, ਸਤਨਾਮ ਸਿੰਘ ਕੋਮਲ,ਅਮਰਜੀਤ ਸ਼ੇਰਗਿੱਲ ਤੇ ਗੁਲਜਾਰ ਪੰਧੇਰ ,ਦਲਬੀਰ ਸਿੰਘ ਲੁਧਿਆਣਵੀ ਨੇ ਸਾਂਝੇ ਤੌਰ ਤੇ ਦਵਿੰਦਰ ਸਿੰਘ ਸੇਖਾ ਵੱਲੋ ਸੰਪਾਦਿਤ ਅਭਿਨੰਦਨ ਗ੍ਰੰਥ ਹਰਬੀਰ ਸਿੰਘ ਭੰਵਰ ਨੂੰ ਲੋਕ ਅਰਪਿਤ ਕੀਤਾ ਅਤੇ ਨਾਲ ਹੀ ਸ.ਹਰਬੀਰ ਸਿੰਘ ਭੰਵਰ ਨੂੰ ਯਾਦਗਾਰੀ ਸਨਮਾਨ ਭੇਟ ਕਰਕੇ ਸਨਮਾਨਿਤ ਵੀ ਕੀਤਾ।

ਸਮਾਗਮ ਦੀ ਸਮਾਪਤੀ ਮੌਕੇ ਦਵਿੰਦਰ ਸਿੰਘ ਸੇਖਾ ਨੇ ਸਮੂਹ ਮਹਿਮਾਨ ਸ਼ਖਸ਼ੀਅਤਾਂ ਦਾ ਧੰਨਵਾਦ ਪ੍ਰਗਟ ਕੀਤਾ।