ਨਵਾਂਸ਼ਹਿਰ ਜ਼ਿਲ੍ਹੇ ’ਚ ਮਿ੍ਰਤਕ ਗਿਆਨੀ ਬਲਦੇਵ ਸਿੰਘ ਸਮੇਤ ਪਾਜ਼ੇਟਿਵ ਕੇਸਾਂ ਦੀ ਗਿਣਤੀ 18 ਹੋਈ

ਹੁਣ ਤੱਕ 10 ਨੈਗੇਟਿਵ, ਇੱਕ ਰੀਜੈਕਟਡ, ਇੱਕ ਰੀਪੀਟਡ ਤੇ 9 ਪੈਂਡਿੰਗ

ਨਵਾਂਸ਼ਹਿਰ ਜ਼ਿਲ੍ਹੇ ’ਚ ਮਿ੍ਰਤਕ ਗਿਆਨੀ ਬਲਦੇਵ ਸਿੰਘ ਸਮੇਤ ਪਾਜ਼ੇਟਿਵ ਕੇਸਾਂ ਦੀ ਗਿਣਤੀ 18 ਹੋਈ
ਡੀ ਸੀ ਵਿਨੈ ਬਬਲਾਨੀ ਆਰ ਆਰ ਟੀ ਟੀਮਾਂ ਤੇ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਕਰਦੇ ਹੋਏ।

ਨਵਾਂਸ਼ਹਿਰ: ਕੋਰੋਨਾ ਵਾਇਰਸ ਦੇ ਪ੍ਰਭਾਵ ’ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕਲ੍ਹ ਲਾਏ ਗਏ ਕਰਫ਼ਿਊ ਤੋਂ ਬਾਅਦ ਅੱਜ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਐਮ ਐਲ ਏ ਅੰਗਦ ਸਿੰਘ, ਕਮਿਸ਼ਨਰ ਰਾਹੁਲ ਤਿਵਾੜੀ , ਆਈ ਜੀ ਜਸਕਰਨ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ, ਜ਼ਿਲ੍ਹੇ ’ਚ ਉਤਪੰਨ ਸਥਿਤੀ ਅਤੇ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਵਿਚਾਰ ਕੀਤੀ ਗਈ।
ਉਪਰੰਤ ਇਹ ਫ਼ੈਸਲਾ ਲਿਆ ਗਿਆ ਕਿ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਆਮ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਮਨੁੱਖੀ ਕੜੀ ਨੂੰ ਤੋੜ ਕੇ, ਇਸ ਦਾ ਹੋਰ ਪ੍ਰਭਾਵ ਬਣਨ ਜਾਂ ਇਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੇਰ ਸ਼ਾਮ ਮੀਟਿੰਗਾਂ ਦੌਰਾਨ ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਫ਼ਿਊ ਦੌਰਾਨ ਜ਼ਿਲ੍ਹੇ ’ਚ ਦੁੱਧ-ਦਹੀਂ ਘਰਾਂ ਤੱਕ ਸਪਲਾਈ ਦੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਛੋਟ ਤੋਂ  ਬਾਅਦ ਕਲ੍ਹ ਸਵੇਰ ਬੁੱਧਵਾਰ ਤੋਂ ਦਵਾਈਆਂ, ਸੁੱਕੇ ਰਾਸ਼ਨ ਅਤੇ ਸਬਜ਼ੀਆਂ ਦੀ ‘ਹੋਮ ਡਿਲਿਵਰੀ’ ਸ਼ੁਰੂ ਕਰਵਾ ਦਿੱਤੀ ਜਾਵੇ ਪਰ ਨਾਲ ਹੀ ਲੋਕਾਂ ਨੂੰ ਇਹ ਸਾਵਧਾਨੀ ਵੀ ਵਰਤਣ ਲਈ ਕਿਹਾ ਗਿਆ ਹੈ ਕਿ ਉਹ ਰਾਸ਼ਨ ਅਤੇ ਸਬਜ਼ੀ ਸਪਲਾਈ ਲੈ ਕੇ ਆਉਣ ਵਾਲੀਆਂ ਗੱਡੀਆਂ/ਠੇਲ੍ਹਾ ਰੇਹੜੀਆਂ ’ਤੇ ਭੀੜ ਨਾ ਇਕੱਠੀ ਕਰਨ ਅਤੇ ਇੱਕ ਸਮੇਂ ਕੇਵਲ ਇੱਕ ਵਿਅਕਤੀ ਘਰ ਤੋਂ ਬਾਹਰ ਨਿਕਲੇ।
ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ‘ਹੋਮ ਡਿਲਿਵਰੀ’ ਲਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰਾਂ 01823- 227471, 227473 ਅਤੇ 227474 ’ਤੇ ਆਪਣੀ ਫ਼ੋਨ ਕਰਕੇ ਆਪਣੇ ਇਲਾਕੇ ਨਾਲ ਸਬੰਧਤ ਕੈਮਿਸਟ ਦਾ ਫ਼ੋਨ ਨੰਬਰ ਲੈ ਕੇ ਉਸ ਨੂੰ ਦਵਾਈ ਲਿਖਵਾਈ ਜਾ ਸਕੇਗੀ ਅਤੇ ਅੱਗੋਂ ਉਸ ਵੱਲੋਂ ਹੀ ਆਪਣੇ ਕਿਸੇ ਸਾਧਨ ਰਾਹੀਂ ਇਸ ਦੀ ਸਪਲਾਈ ਸਬੰਧਤ ਵਿਅਕਤੀ ਦੇ ਘਰ ਤੱਕ ਯਕੀਨੀ ਬਣਾਈ ਜਾ ਸਕੇਗੀ।
ਇਸੇ ਤਰ੍ਹਾਂ ਸ਼ਹਿਰਾਂ ’ਚ ਰਾਸ਼ਨ ਦੀਆਂ ਗੱਡੀਆਂ ਸਵੇਰੇ 11 ਵਜੇ ਤੋਂ ਅਲੱਗ-ਅਲੱਗ ਮੁਹੱਲਿਆਂ ’ਚ ਜਾ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਉਣਗੀਆਂ।
ਸਬਜ਼ੀ ਤੇ ਫ਼ਲ ਬੁੱਧਵਾਰ ਨੂੰ ਨਵਾਂਸ਼ਹਿਰ ਦੇ ਸ਼ਹਿਰੀ ਇਲਾਕੇ ’ਚ ਘਰਾਂ ਤੱਕ ਪਹੁੰਚਾਉਣ ਲਈ 8 ਤੋਂ 10 ਰੇਹੜੀਆਂ-ਠੇਲ੍ਹੇ ਚਲਾਏ ਜਾਣਗੇ ਅਤੇ ਉਸ ਤੋਂ ਬਾਅਦ ਬਾਕੀ ਜ਼ਿਲ੍ਹੇ ਵਾਸਤੇ ਵਧਾਇਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਮੀਟਿੰਗ ਦੌਰਾਨ ਹੁਣ ਤੱਕ ਪਾਜ਼ੇਟਿਵ ਆਏ 18 ਮਾਮਲਿਆਂ ’ਚੋਂ ਬਹੁਤੇ ਸਵਰਗੀ ਗਿਆਨੀ ਬਲਦੇਵ ਦੇ ਸੰਪਰਕ ਵਾਲੇ ਹੋਣ ’ਤੇ ਹੀ ਚਿੰਤਾ ਜ਼ਾਹਿਰ ਕਰਦਿਆਂ ਬੁੱਧਵਾਰ ਨੂੰ ਸੈਂਪਿਲੰਗ ਟੀਮਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਗਏ, ਜਿਸ ਤਹਿਤ ਕਲ੍ਹ 200 ਸੈਂਪਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ’ਚ ਬਿਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਈਸੋਲੇਸ਼ਨ ਬੈਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਲਏ 39 ਸੈਂਪਲਾਂ ’ਚੋਂ 18 ਪਾਜ਼ੇਟਿਵ, 10 ਨੈਗੇਟਿਵ, ਇੱਕ ਰੀਜੈਕਟਡ, ਇੱਕ ਰੀਪੀਟਡ ਅਤੇ 9 ਪੈਂਡਿੰਗ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਵਿਦੇਸ਼ ਤੋਂ ਪਰਤੇ ਵਿਅਕਤੀਆਂ ’ਚ ਕੋਰੋਨਾ ਵਾਇਰਸ ਦੇ ਲੱਛਣਾਂ ਦੀ ਰੋਜ਼ਾਨਾ ਜਾਂਚ ਲਈ 700 ਤੋਂ ਵਧੇਰੇ ਆਂਗਨਵਾੜੀ ਵਰਕਰਾਂ, 26 ਸੈਕਟਰ ਅਫ਼ਸਰਾਂ ਅਤੇ 25 ਆਰ ਆਰ ਟੀ ਟੀਮਾਂ ਦੀ ਅਗਵਾਈ ’ਚ ਕੰਮ ਕਰ ਰਹੇ ਹਨ। ਇਨ੍ਹਾਂ ਵੱਲੋਂ ਕਿਸੇ ’ਚ ਬੁਖਾਰ, ਖਾਂਸੀ ਤੇ ਸਾਹ ਦੀ ਤਕਲੀਫ਼ ਦੇ ਲੱਛਣਾਂ ਦੀ ਸ਼ਿਕਾਇਤ ਦੱਸੇ ਜਾਣ ’ਤੇ ਤੁਰੰਤ ਆਰ ਆਰ ਟੀ ਟੀਮ ਵੱਲੋਂ ਪਹੁੰਚ ਕੀਤੀ ਜਾਂਦੀ ਹੈ।
ਇਸ ਮੌਕੇ ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਏ ਡੀ ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬੰਗਾ ਗੌਤਮ ਜੈਨ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਡੀ ਆਰ ਓ ਵਿਪਿਨ ਭੰਡਾਰੀ, ਡੀ ਡੀ ਪੀ ਓ ਦਵਿੰਦਰ ਸ਼ਰਮਾ ਵੀ ਮੌਜੂਦ ਸਨ।/(, 24 ਮਾਰਚ-)