ਦਾਣਾ ਮੰਡੀਆਂ ’ਚ ਟਰਾਲੀਆਂ ਦੀ ਹੋਲੋਗ੍ਰਾਮ ਵਾਲੇ ਕੂਪਨ ਤੋਂ ਬਿਨਾਂ ਐਂਟਰੀ ਨਹੀਂ ਹੋਵੇਗੀ-ਡੀ ਸੀ ਵਿਨੈ ਬਬਲਾਨੀ

ਇੱਕ ਕੂਪਨ ’ਤੇ 50 ਕੁਇੰਟਲ ਜਿਣਸ ਦੀ ਆਗਿਆ ਹੋਵੇਗੀ

ਦਾਣਾ ਮੰਡੀਆਂ ’ਚ ਟਰਾਲੀਆਂ ਦੀ ਹੋਲੋਗ੍ਰਾਮ ਵਾਲੇ ਕੂਪਨ ਤੋਂ ਬਿਨਾਂ ਐਂਟਰੀ ਨਹੀਂ ਹੋਵੇਗੀ-ਡੀ ਸੀ ਵਿਨੈ ਬਬਲਾਨੀ
ਖਰੀਦ ਏਜੰਸੀਆਂ ਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡੀ ਸੀ ਵਿਨੈ ਬਬਲਾਨੀ।
  • ਮੰਡੀਆਂ ’ਚ 30 ਗੁਣਾ 30 ਮੀਟਰ ਦੇ ਰੰਗ ਨਾਲ ਬਲਾਕ ਬਣਾਏ ਗਏ
  • ਸਾਰੀਆਂ ਮੰਡੀਆਂ ਨੂੰ ਸੈਨੇਟਾਈਜ਼ ਕਰਵਾਉਣ ਦੇ ਹੁਕਮ
  • ਮੰਡੀਆਂ ’ਚ ਪੈਰਾਂ ਨਾਲ ਚੱਲਣ ਵਾਲੇ ਸੋਪ ਡਿਸਪੈਂਸਰ ਲਾਏ ਜਾਣਗੇ
  • 21 ਸ਼ੈੱਲਰਾਂ ਤੇ 30 ਮੰਡੀਆਂ ਸਮੇਤ 51 ਖਰੀਦ ਕੇਂਦਰ ਬਣਾਏ ਗਏ
  • ਕੰਬਾਈਨਾਂ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਕਟਾਈ ਕਰ ਸਕਣਗੀਆਂ

ਨਵਾਂਸ਼ਹਿਰ: ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-30 ਰੋਕਥਾਮ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਮੰਡੀਆਂ ’ਤੇ ਆਧਾਰਿਤ 30 ਖਰੀਦ ਕੇਂਦਰਾਂ ’ਚ ਵਾਧਾ ਕਰਦਿਆਂ 21 ਸ਼ੈਲਰਾਂ ਨੂੰ ਵੀ ਆਰਜ਼ੀ ਤੌਰ ’ਤੇ ਖਰੀਦ ਕੇਂਦਰਾਂ ਵਜੋਂ ਮਾਨਤਾ ਦੇ ਦਿੱਤੀ ਹੈ। ਸਬ ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਆਪੋ-ਆਪਣੇ ਖੇਤਰਾਂ ’ਚ ਪੈਂਦੀਆਂ ਮੰਡੀਆਂ ਦੇ ਸਮੂਹ ਪ੍ਰਬੰਧਾਂ ਦੇ ਇੰਚਾਰਜ ਲਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਖਰੀਦ ਕਾਰਜਾਂ ਨੂੰ ਅੰਤਮ ਰੂਪ ਦੇਣ ਲਈ ਅੱਜ ਬੁਲਾਈ ਮੀਟਿੰਗ ਦੌਰਾਨ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ 51 ਖਰੀਦ ਕੇਂਦਰਾਂ ਨੂੰ ਸਬੰਧਤ ਮਾਰਕੀਟ ਕਮੇਟੀਆਂ ਨੂੰ ਮੁਕੰਮਲ ਤੌਰ ’ਤੇ ਸੋਡੀਅਮ ਹਾਈਪ੍ਰੋਕਲੋਰਾਇਟ ਨਾਲ ਸੈਨੇਟਾਈਜ਼ ਨਾਲ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਖਰੀਦ ਕੇਂਦਰਾਂ ’ਚ ਪੈਰਾਂ ਨਾਲ ਚੱਲਣ ਵਾਲੇ ਪਾਣੀ ਅਤੇ ਸੋਪ ਡਿਸਪੈਂਸਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਪਹਿਲੇ ਪੜਾਅ ’ਚ 25 ਡਿਸਪੈਂਸਰਾਂ ਦੀ ਸਪਲਾਈ ਮੰਡੀ ਬੋਰਡ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਮੀਂਦਾਰਾਂ ਨੂੰ ਮੰਡੀਆਂ ’ਚ ਆਉਣ ਵਾਸਤੇ ਮਾਰਕੀਟ ਕਮੇਟੀਆਂ ਵੱਲੋਂ ਆੜ੍ਹਤੀਆਂ ਨੂੰ ਪਿਛਲੇ ਸਾਲ ਦੀ ਫ਼ਸਲ ਦੀ ਆਮਦ ਦੇ ਹਿਸਾਬ ਨਾਲ ਹੋਲੋਗ੍ਰਾਮ ਵਾਲੇ ਕੂਪਨ ਵੰਡੇ ਜਾ ਰਹੇ ਹਨ ਅਤੇ ਇੱਕ ਕੂਪਨ 50 ਕੁਇੰਟਲ ਤੱਕ ਦੀ ਆਮਦ ਲਈ ਹੀ ਮਨਜੂਰ ਹੋਵੇਗਾ। ਇੱਕ ਟ੍ਰਾਲੀ ’ਤੇ ਕੇਵਲ ਇੱਕ ਟੈ੍ਰਕਟਰ ਚਾਲਕ ਨੂੰ ਹੀ ਮੰਡੀ ’ਚ ਆਉਣ ਲਈ ਆਗਿਆ ਮਿਲੇਗੀ। ਜਿਮੀਂਦਾਰ ਵੱਲੋਂ ਲਿਆਂਦੀ ਜਾਣ ਵਾਲੀ ਜਿਣਸ ਨੂੰ ਸੁਚੱਜੇ ਢੰਗ ਨਾਲ ਢੇਰੀ ਕਰਨ ਲਈ 30 ਗੁਣਾ 30 ਫੁੱਟ ਦੇ ਮੰਡੀਆਂ ’ਚ ਰੰਗ ਨਾਲ ਬਲਾਕ ਵਾਹੇ ਗਏ ਹਨ ਅਤੇ ਫ਼ਸਲ ਉੱਥੇ ਹੀ ਢੇਰੀ ਕੀਤੀ ਜਾਵੇਗੀ।
ਆੜ੍ਹਤੀਆਂ ਵੱਲੋਂ ਆਪਣੀ ਲੇਬਰ ਲਈ ਇੱਕ ਰਜਿਸਟਰ ਤਿਆਰ ਕਰਨਾ ਲਾਜ਼ਮੀ ਹੋਵੇਗਾ, ਜਿਸ ਵਿੱਚ ਉਸ ਦਾ ਪੂਰਾ ਪਤਾ ਅਤੇ ਫ਼ੋਨ ਦਰਜ ਕਰਨਾ ਪਵੇਗਾ ਤਾਂ ਜੋ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਣ ’ਤੇ ਉਸ ਦਾ ਥਹੁ ਪਤਾ ਲੱਭਿਆ ਜਾ ਸਕੇ। ਆੜ੍ਹਤੀ ਲਈ ਆਪਣੀ ਲੇਬਰ ਦਾ ਬੁਖਾਰ, ਖੰਘ, ਜ਼ੁਕਾਮ ਰੋਜ਼ਾਨਾ ਦੇਖਣਾ ਵੀ ਲਾਜ਼ਮੀ ਹੋਵੇਗਾ ਤਾਂ ਜੋ ਕੋਈ ਮੁਸ਼ਕਿਲ ਆਉਣ ’ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ’ਚ ਸੰਪਰਕ ਕਰ ਸਕਣ। ਆੜ੍ਹਤੀ ਆਪਣੀ ਲੇਬਰ ਲਈ ਹੈਂਡ ਸੈਨੇਟਾਈਜ਼ਰ ਤੇ ਮਾਸਕ ਦਾ ਪ੍ਰਬੰਧ ਕਰਨ ਤੋਂ ਇਲਾਵਾ ਡੇਢ ਤੋਂ 2 ਮੀਟਰ ਦਾ ਫ਼ਾਸਲਾ ਕਰਵਾਉਣ ਦੇ ਜ਼ਿੰਮੇਂਵਾਰ ਵੀ ਹੋਣਗੇ।
ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਲਈ ਖਰੀਦੀ ਗਈ ਜਿਣਸ ਦੀ 48 ਘੰਟੇ ’ਚ ਚੁਕਾਈ ਕਰਵਾਉਣਾ, ਚੁਕਾਈ ਲਈ ਲਾਈ ਲੇਬਰ ਦੀ ਸਿਹਤ ਦਾ ਖਿਆਲ ਰੱਖਣਾ ਤੇ ਉਨ੍ਹਾਂ ਦਾ ਰਿਕਾਰਡ ਰੱਖਣਾ, ਉਨ੍ਹਾਂ ’ਚ ਉਚਿਤ ਫ਼ਾਸਲਾ ਰੱਖਣਾ ਲਾਜ਼ਮੀ ਕੀਤਾ ਗਿਆ ਹੈ।
ਜ਼ਿਲ੍ਹੇ ’ਚ ਕੰਬਾਈਨਾਂ ਲਈ ਕਟਾਈ ਦਾ ਸਮਾਂ ਸਵੇਰੇ 6 ਵਕੇ ਤੋਂ ਸ਼ਾਮ 7 ਵਜੇ ਤੱਕ ਦਾ ਹੋਵੇਗਾ ਅਤੇ ਇਸ ਲਈ ਕੰਬਾਈਨ ਚਾਲਕ/ਖੇਤ ਮਾਲਕ ਨੂੰ ਖੇਤ ’ਚ ਘੱਟ ਤੋਂ ਘੱਟ ਬੰਦਿਆਂ ਦੇ ਕੰਮ ਕਰਨ, ਉਨ੍ਹਾਂ ਲਈ ਮਾਸਕ ਤੇ ਸੈਨੇਟਾਈਜ਼ਰ ਦਾ ਪ੍ਰਬੰਧ ਕਰਨ, ਉਚਿੱਤ ਫ਼ਾਸਲਾ ਰੱਖਣ ਜਿਹੇ ਪ੍ਰੋਟੋਕਾਲ ਦੀ ਪਾਲਣਾ ਵੀ ਜ਼ਰੂਰੀ ਹੋਵੇਗੀ।
ਮੀਟਿੰਗ ’ਚ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਪੀ (ਡੀ) ਵਜ਼ੀਰ ਸਿੰਘ, ਸਹਾਇਕ ਕਮਿਸ਼ਨਰ (ਜ) ਦੀਪਜੋਤ ਕੌਰ, ਡੀ ਐਫ ਐਸ ਸੀ ਰਾਕੇਸ਼ ਭਾਸਕਰ, ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ, ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ, ਡੀ ਆਰ ਓ ਵਿਪਿਨ ਭੰਡਾਰੀ ਅਤੇ ਹੋਰ ਅਧਿਕਾਰੀ ਮੌਜੂਦ ਸਨ। /(10 ਅਪਰੈਲ)