ਵਿਧਾਇਕ ਮਾਲੇਰਕੋਟਲਾ ਨੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 171 ਲਾਭਪਾਤਰੀਆਂ ਨੂੰ 2 ਕਰੋੜ 99 ਲੱਖ 25 ਹਜ਼ਾਰ ਰੁਪਏ ਐਲ.ਓ.ਆਈ ਕੀਤੇ ਤਕਸੀਮ
ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ- ਡਾ. ਜਮੀਲ ਉਰ ਰਹਿਮਾਨ
ਮਾਲੇਰਕੋਟਲਾ, 1 ਦਸੰਬਰ, 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਲਗਾਤਾਰ ਪੂਰਾ ਕਰ ਰਹੀ ਹੈ ਅਤੇ ਪੰਜਾਬ ਦੇ ਅਵਾਮ ਦੀ ਭਲਾਈ ਲਈ ਲਗਾਤਾਰ ਸਾਰਥਕ ਉਪਰਾਲੇ ਨਿਰੰਤਰ ਜਾਰੀ ਹਨ ਤਾਂ ਜੋ ਪੰਜਾਬ ਨੂੰ ਹੱਸਦਾ ਵੱਸਦਾ ਰੰਗਲਾ ਪੰਜਾਬ ਬਣਾਇਆ ਜਾ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਸਥਾਨਕ ਪੰਜਾਬ ਉਰਦੂ ਅਕਾਦਮੀ ਵਿਖੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾਂ ਲਾਭਪਾਤਰੀਆਂ ਨੂੰ ਐਲ.ਓ.ਆਈ ਵੰਡਣ ਮੌਕੇ ਕੀਤਾ । ਇਸ ਮੌਕੇ 171 ਲਾਭਪਾਤਰੀਆਂ ਨੂੰ 2 ਕਰੋੜ 99 ਲੱਖ 25 ਹਜ਼ਾਰ ਰੁਪਏ ਦੇ ਐਲ.ਓ.ਆਈ ਤਕਸੀਮ ਕੀਤੇ ਗਏ ।
ਉਨ੍ਹਾਂ ਕਿਹਾ ਕਿ ਸਿਰ ਤੇ ਪੱਕੀ ਛੱਤ ਮਕਾਨ ਹਰ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਮਕਾਨ ਦਾ ਨਾ ਹੋਣਾ ਇਨਸਾਨ ਦੀ ਵੱਡੀ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਹੈ ਅਤੇ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ । ਸਮਾਜ, ਸੂਬੇ ਦੀ ਬਿਹਤਰੀ ਤੇ ਖ਼ੁਸ਼ਹਾਲੀ ਲਈ ਉਸਾਰੂ ਅਤੇ ਸਾਰਥਕ ਸੋਚ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਅਵਾਮ ਨਾਲ ਕੀਤੇ ਵਾਅਦੇ ਪੂਰ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦਾ ਸਾਥ ਦੇਣ ਤਾਂ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ।
ਵਿਧਾਇਕ ਮਾਲੇਰਕੋਟਲਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਹਰੇਕ ਵਿਅਕਤੀ ਦੇ ਸਿਰ 'ਤੇ ਪੱਕੀ ਛੱਤ ਦੇ ਟੀਚੇ ਨੂੰ ਪੂਰਾ ਕਰਨ ਲਈ ਸਥਾਨਿਕ ਸਰਕਾਰ ਵਿਭਾਗ ਅਧੀਨ ਚੱਲ ਰਹੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਕਰੀਬ 1380 ਲਾਭਪਾਤਰੀਆਂ ਨੂੰ 20 ਕਰੋੜ 70 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ । ਇਸ ਯੋਜਨਾ ਤਹਿਤ 597 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਤਹਿਤ 09 ਕਰੋੜ 04 ਲੱਖ 73 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਲਾਭਪਾਤਰੀਆਂ ਦੇ ਸਿੱਧੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕੀਤੀ ਗਈ ਹੈ। ਉਨ੍ਹਾਂ ਇਸ ਸਕੀਮ ਤਹਿਤ ਹਰੇਕ ਪਰਿਵਾਰ ਨੂੰ 01 ਲੱਖ 75 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਸਰਕਾਰ ਵੱਲੋਂ ਮੁਹੱਈਆ ਕਰਵਾਉਣ ਵਾਲੇ ਐਲ.ਓ.ਆਈ ਦਿੱਤੇ ਗਏ । ਇਹ ਰਕਮ ਪੜਾਅਵਾਰ ਢੰਗ ਨਾਲ ਲਾਭਪਾਤਰੀ ਤੱਕ ਪਹੁੰਚਾਈ ਜਾਵੇਗੀ । ਪਹਿਲੀ ਕਿਸ਼ਤ 12,500 ਰੁਪਏ , ਦੂਜੀ ਕਿਸ਼ਤ ਇੱਕ ਲੱਖ ਰੁਪਏ ,ਤੀਜੀ ਕਿਸ਼ਤ 32 ਹਜ਼ਾਰ 500 ਰੁਪਏ ਅਤੇ ਚੌਥੀ ਕਿਸ਼ਤ 30 ਹਜ਼ਾਰ ਰੁਪਏ ਦੀ ਲਾਭਪਾਤਰੀ ਨੂੰ ਦਿੱਤੀ ਜਾਵੇਗੀ ।
ਇਸ ਮੌਕੇ ਪ੍ਰਧਾਨ ਨਗਰ ਕੌਸਲ ਨਸ਼ਰੀਨ ਅਸ਼ਰਫ ਅਬਦੁੱਲਾ ,ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਅਪਰਅਪਾਰ ਸਿੰਘ, ਵਿਧਾਇਕ ਮਾਲੇਰਕੋਟਲਾ ਦੇ ਸਰੀਕੇ ਹਯਾਤ ਫਰਿਆਲ ਉਰ ਰਹਿਮਾਨ,ਮਿਊਂਸੀਪਲ ਇੰਜੀਨੀਅਰ ਇੰਜ. ਜਸਵੀਰ ਸਿੰਘ,ਏ.ਐਮ.ਈ.ਇੰਜ.ਨਰਿੰਦਰ ਕੁਮਾਰ,ਜੇ.ਈ. ਇੰਜ. ਹਰਮੇਲ ਸਿੰਘ,ਸ੍ਰੀਮਤੀ ਸ਼ਹਿਨਾਜ਼,ਅਸ਼ਰਫ ਅਬਦੁੱਲਾ,ਅਬਦੁੱਲਾ ਸ਼ਕੂਰ, ਜਾਫ਼ਰ ਅਲੀ,ਸ੍ਰੀਮਤੀ ਸੋਨੀਆ ਸ਼ਰਮਾ, ਮੁਹੰਮਦ ਆਦੀਲ,ਯੂਨਸ(ਭੋਲਾ) ,ਹਾਜੀ ਅਖ਼ਤਰ,ਅਸਲਮ ਕਾਲਾ,ਮਹਿੰਦਰ ਸਿੰਘ ਪਰੂਥੀ,ਗੁਰਬਖ਼ਸ਼ ਸਿੰਘ, ਅਜੇ ਕੁਮਾਰ ਅੱਜੂ,ਮੁਮਤਾਜ਼ ਤਾਜ,ਨਾਸ਼ਾਦ,ਚੌਧਰੀ ਬਸ਼ੀਰ,ਨਿਸ਼ਾ, ਨਜ਼ੀਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।