ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ  ਪਰਵਾਸ ਦਾ ਵਿਸ਼ੇਸ਼ ਅੰਕ ਲੋਕ ਅਰਪਨ

ਜੀ ਜੀ ਐੱਨ ਖਾਲਸਾ ਕਾਲਿਜ ਵੱਲੋਂ ਦਲਜਿੰਦਰ ਰਹਿਲ ਦਾ ਸਨਮਾਨ

ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ  ਪਰਵਾਸ ਦਾ ਵਿਸ਼ੇਸ਼ ਅੰਕ ਲੋਕ ਅਰਪਨ

ਲੁਧਿਆਣਾ: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਸੁਯੋਗ ਅਗਵਾਈ ਅਧੀਨ ਤ੍ਰੈ ਮਾਸਿਕ ਪੱਤਿ੍ਕਾ ਪਰਵਾਸ ਦਾ ਨਵਾਂ ਅੰਕ ਲੋਕ ਅਰਪਨ  ਕੀਤਾ ਗਿਆ। 

ਔਨਲਾਈਨ ਐਡੀਸ਼ਨ ਨੂੰ ਜਾਰੀ ਕਰਦਿਆਂ ਇਟਲੀ ਤੋਂ ਆਏ ਪੰਜਾਬੀ ਕਵੀ ਤੇ ਯੋਰਪੀਨ ਸਾਹਿੱਤ ਸੰਸਥਾਵਾਂ ਦੇ ਪ੍ਰਤੀਨਿਧ ਦਲਜਿੰਦਰ ਰਹਿਲ ਨੇ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਭਾਵੇਂ ਫਿਰ ਦੋਬਾਰਾ ਕਰੋਨਾ ਨਾਂ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੇ ਆਪਣੀਆਂ ਸਰਗਰਮੀਆਂ ਦੀ ਲਗਾਤਾਰਤਾ ਨਹੀਂ ਟੁੱਟਣ ਦਿੱਤੀ। ਇਹ ਮੁਬਾਰਕਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮੈਗਜ਼ੀਨ ਦੇ ਪ੍ਰਕਾਸ਼ਨ ਨਾਲ ਸਮੁੱਚੇ ਗਲੋਬ ਤੇ ਵੱਸਦੇ ਲਿਖਾਰੀਆਂ ਨੂੰ ਸਾਂਝਾ ਪਲੈਟਫਾਰਮ ਮਿਲਿਆ ਹੈ। ਉਨ੍ਹਾਂ ਡਾ: ਐੱਸ ਪੀ ਸਿੰਘ ਤੇ ਕਾਲਿਜ ਸਟਾਫ਼ ਨੂੰ ਇਸ ਸ਼ੁਭ ਕਾਰਜ ਲਈ ਮੁਬਾਰਕ ਦਿੱਤੀ। 

ਇਸ ਮੌਕੇ ਬੋਲਦਿਆਂ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਬਦੇਸ਼ਾਂ ਚ ਵੱਸਦੇ ਲੇਖਕ ਜਿਸ ਸ਼ਿੱਦਤ ਨਾਲ ਲਿਖ ਰਹੇ ਹਨ ਉਸ ਨੂੰ ਸਤਿਕਾਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਸਾਹਿੱਤ ਅਧਿਐਨ ਦਾ ਮਨੋਰਥ ਪਰਵਾਸੀ ਸਾਹਿੱਤ ਨੂੰ ਮੁੱਖ ਧਾਰਾ ਸਾਹਿੱਤ ਨਾਲੋਂ ਨਿਖੇੜਨਾ ਨਹੀਂ ਸਗੋਂ ਵਧੇਰੇ ਗਹੁ ਨਾਲ ਵਾਚਣ ਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ। 

ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਇਸ ਮਹਾਨ ਸੰਸਥਾ ਨੇ ਹਮੇਸ਼ਾਂ ਨਿਵੇਕਲੀਆਂ ਪੈੜਾਂ ਪਾਈਆਂ ਹਨ ਜਿੰਨ੍ਹਾ ਸਦਕਾ ਮੇਰੇ ਵਰਗੇ ਅਨੇਕਾਂ ਵਿਦਿਆਰਥੀ ਪੰਜਾਬੀ ਸਾਹਿੱਤ ਤੇ ਭਾਸ਼ਾ ਨਾਲ ਉਮਰ ਲੰਮੀ ਪ੍ਰਤੀਬੱਧਤਾ ਨਿਭਾ ਸਕੇ ਹਨ। ਇਹ ਡਾ: ਐੱਸ ਪੀ ਸਿੰਘ ਤੇ ਇਸ ਕਾਲਿਜ ਦੇ ਅਧਿਆਪਕਾਂ ਦੀ ਸਿੱਖਿਆ ਦਾ ਹੀ ਅਸਰ ਹੈ। ਉਨ੍ਹਾਂ ਦਲਜਿੰਦਰ ਰਹਿਲ ਦੀ ਸ਼ਖਸੀਅਤ ਤੇ ਸਾਹਿੱਤ ਸਾਧਨਾ ਬਾਰੇ ਵੀ ਜਾਣਕਾਰੀ ਦਿੰਦਿਆਂ ਉਸ ਦਾ ਸਵਾਗਤ ਕੀਤਾ। 

ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਕਰੋਨਾ ਕਾਲ ਨੇ ਸਾਨੂੰ ਬਦਲਵੇਂ ਸੰਚਾਰ ਮਾਧਿਅਮਾਂ ਨਾਲ ਜੋੜ ਕੇ ਵਿਸ਼ਵ ਨਾਗਰਿਕ ਬਣਾ ਦਿੱਤਾ ਹੈ। ਹੁਣ ਪਰਵਾਸ ਦੀ ਪਹੁੰਚ ਸੈਂਕੜੇ ਨਹੀਂ ਹਜ਼ਾਰਾਂ ਪਾਠਕਾਂ ਤੀਕ ਹੋ ਗਈ ਹੈ। 

ਜੀ. ਜੀ. ਐਨ. ਖਾਲਸਾ ਕਾਲਜ ਦੇ ਪ੍ਰਧਾਨ ਤੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੇ ਸਰਪ੍ਰਸਤ ਡਾ: ਐੱਸ ਪੀ ਸਿੰਘ ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਗਿੱਲ ਨੇ ਦਲਜਿੰਦਰ ਰਹਿਲ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਤੇ 

ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ ਨੇ ਕਿਹਾ ਕਿ ਪਰਵਾਸ ਦਾ ਇਹ  ਅੰਕ ਪੰਜਾਬੀਆਂ ਤੇ ਪਰਵਾਸੀ ਪੰਜਾਬੀਆਂ ਅੰਦਰ ਪਹਿਲਾਂ ਦੀ ਤਰ੍ਹਾਂ ਹੀ ਪ੍ਰੇਮ ਭਾਈਚਾਰਾ ਕਾਇਮ ਕਰਨ ਵਿੱਚ ਵਿਸ਼ੇਸ਼ ਭੂਮਿਕਾ ਅਦਾ ਕਰੇਗਾ।

ਇਸ ਅੰਕ ਵਿੱਚ  ਕੇਵਲ ਸਿੰਘ ਨਿਰਦੋਸ਼, ਜਸਵੰਤ ਵਾਗਲਾ ,ਸਤਿਬੀਰ ਸਿੰਘ ਨੂਰ, ਅਸ਼ੋਕ ਚੌਧਰੀ, ਡਾ. ਲੋਕ ਰਾਜ, ਇੰਦਰਜੀਤ ਸਿੰਘ ਧਾਮੀ, ਦਰਸ਼ਨ ਬੁਲੰਦਵੀ, ਕਰਮ ਲੁਧਿਆਣਵੀ, ਕੇਹਰ ਸ਼ਰੀਫ਼, ਸੁਰਿੰਦਰ ਸੋਹਲ, ਜੱਗੀ ਜਗਵੰਤ ਕੌਰ ਸਿੱਧੂ, ਅਮਨਜੀਤ ਕੌਰ ਸ਼ਰਮਾ, ਕੁਲਵੰਤ ਕੌਰ ਢਿੱਲੋਂ, ਨੀਲੂ ਜਰਮਨੀ, ਮਹਿੰਦਰ ਸਿੰਘ ਪੰਜੂ ਦੀਆਂ ਕਵਿਤਾਵਾਂ

ਸੁਰਿੰਦਰ ਗੀਤ, ਜਸਤੇਜ ਸਿੱਧੂ, ਗੁਰਦੀਸ਼ ਕੌਰ ਦੀਸ਼ (ਗਰੇਵਾਲ)ਅੰਜੂਜੀਤ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਦ ਕਿ ਉੱਘੇ ਕਵੀ ਦੇਵ ਬਾਰੇ ਲੇਖ ਤੇ ਚੋਣਵੀਆਂ ਰਚਨਾਵਾਂ,ਦਰਸ਼ਨ ਗਿੱਲ: ਜੀਵਨ, ਰਚਨਾ ਤੇ ਪ੍ਰਭਾਵ: ਡਾ:  ਤੇਜਿੰਦਰ ਕੌਰ ਪਰਵਾਸੀਆਂ ਦੇ ਨਜ਼ਰੀਏ ਤੋਂ ਲੋਕ ਨਾਇਕ: ਦੁੱਲਾ ਭੱਟੀ ਲੇਖਕ ਧਰਮ ਸਿੰਘ ਗੁਰਾਇਆ (ਮੈਰੀਲੈਂਡ ) ਅਮਰੀਕਾ ਸ਼ਾਮਿਲ ਕੀਤੇ ਗਏ ਹਨ। 

ਪੁਸਤਕ ਚਰਚਾ ਵਿੱਚ ਦਰਦ ਜਾਗਦਾ ਹੈ ਦੇ ਕਰਤਾ ਭੁਪਿੰਦਰ ਸਿੰਘ ਸੱਗੂ ਬਾਰੇ ਡਾ. ਉਮਿੰਦਰ ਜੌਹਲ, ਸੀਤੇ ਬੁੱਲ੍ਹਾਂ ਦਾ ਸੁਨੇਹਾ ਕਰਤਾ ਬਲਦੇਵ ਸਿੰਘ ਗਰੇਵਾਲ ਬਾਰੇ ਡਾ. ਗੁਰਮੀਤ ਸਿੰਘ ਹੁੰਦਲ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਸਮਾਗਮ ਚ ਪ੍ਰੋ: ਜਸਮੀਤ ਕੌਰ ਤੇ ਪਰਵਾਸ ਦੇ ਸਹਾਇਕ ਸੰਪਾਦਕ ਰਾਜਿੰਦਰ ਸਿੰਘ ਸੰਧੂ ਵੀ ਸ਼ਾਮਿਲ ਹੋਏ। ਪੰਜਾਬੀ ਵਿਭਾਗ ਦੇ ਅਧਿਆਪਕ ਡਾ: ਗੁਰਪ੍ਰੀਤ ਸਿੰਘ ਨੇ ਸਭ ਦਾ ਸਹਿਯੋਗ ਲਈ ਧੰਨਵਾਦ ਕੀਤਾ।