ਹਲਫੀਆ ਬਿਆਨ
▪️ਗੁਰਭਜਨ ਗਿੱਲ
ਜੇ ਤੂੰ ਵੰਡੀਆਂ ਪਾਈ ਜਾਣੀਆਂ,
ਮੈਂ ਨਹੀਂ ਇਸ ਧਰਤੀ ਤੇ ਰਹਿਣਾ।
ਜਦ ਤੱਕ ਮੂੰਹ ਵਿੱਚ ਜੀਭ ਜਿਉਂਦੀ
ਮੈਂ ਤਾਂ ਇਹ ਕਹਿਣਾ ਹੀ ਕਹਿਣਾ।
ਸਮਝ ਲਵੀਂ ਮੈਂ ਓਹੀ ਰੁੱਖ ਹਾਂ
ਜਿਸ ਨੂੰ ਧਰਤ ਉਡੀਕ ਰਹੀ ਸੀ।
ਔਂਸੀਆਂ ਪਾ ਕੇ, ਲੀਕਾਂ ਵਾਹ ਕੇ,
ਮੈਨੂੰ ਰੋਜ਼ ਉਲੀਕ ਰਹੀ ਸੀ।
ਦਰਦ ਨਿਵਾਰਨ ਆਵੇ ਕੋਈ,
ਧਰਤੀ ਮਾਤਾ ਬੋਲ ਰਹੀ ਸੀ।
ਪੁੱਤਰੋ, ਧੀਓ ਭੱਜ ਕੇ ਆਉ,
ਅੱਖੀਓਂ ਮੋਤੀ ਡੇਲ੍ਰ ਰਹੀ ਸੀ।
ਬੀਜ- ਵਿਚਾਰ ਬਿਨਾ ਨਹੀਂ ਰੁੱਖੜੇ,
ਧਰਤੀ ਦੀ ਕੁੱਖ ਅੰਦਰ ਉੱਗਦੇ।
ਹਿੱਕੜੀ ਅੰਦਰ ਸੁਪਨ ਨਵੇਲੇ,
ਹਿੰਮਤ ਬਾਝ ਕਦੇ ਨਹੀਂ ਪੁੱਗਦੇ।
ਮਿੱਟੀ ਪਾਣੀ ਦੋਵੇਂ ਰਲ਼ ਕੇ,
ਬਿਰਖ ਬੂਟਿਆਂ ਦੇ ਅੰਗ ਪਾਲਣ।
ਚੌਰ ਝੁਲਾਵਣ ਪਵਨ-ਸਮੀਰਾਂ ,
ਫ਼ਲ ,ਫੁੱਲ ,ਮਹਿਕਾਂ ਲੋਕ ਸੰਭਾਲਣ।
ਜੇਕਰ ਮਾਲੀ ਤੇ ਰਖਵਾਲੇ, ਪਹਿਰੇਦਾਰੀ ਕਰਨੋਂ ਉੱਕਣ।
ਸੌ ਹੱਥ ਰੱਸਾ, ਗੰਢ ਸਿਰੇ ਤੇ,
ਪਿਆਰ ਤੇ ਪੌਦੇ ਜੜ੍ਹ ਤੋਂ ਸੁੱਕਣ।
ਬੰਦਿਆ ਤੇਰੇ ਕੋਲ਼ ਭਲਾ ਦੱਸ,
ਹਿੰਮਤ ਬਿਨ ਕੀ ਸਰਮਾਇਆ।
ਖ਼ੂਨ ਪਸੀਨਾ ਇੱਕ ਕਰਿਆਂ ਬਿਨ,
ਕਦੇ ਕਿਸੇ ਦੇ ਕੰਮ ਨਾ ਆਇਆ।
ਫੋਕੇ ਗਿਆਨ ਫਲਸਫੇ ਸਾਰੇ,
ਹਿੰਮਤ ਦੀ ਜੇ ਜਾਗ ਨਾ ਲਾਈ।
ਬੇ-ਤਰਤੀਬੀ ਇਹ ਜ਼ਿੰਦਗਾਨੀ
ਅੱਜ ਤੱਕ ਕੰਮ ਕਿਸੇ ਨਾ ਆਈ।
ਸੌ ਦੀ ਇੱਕ ਸੁਣਾਵਾਂ ਬੱਲਿਆ,
ਜੇ ਆਦਰਸ਼ ਉਚੇਰਾ ਹੋਵੇ।
ਧਰਤੀ ਅੰਬਰ ਸੱਤੇ ਸਾਗਰ,
ਹਰ ਥਾਂ ਤੇਰਾ ਡੇਰਾ ਹੋਵੇ।
ਜੇ ਆਦਰਸ਼ ਤੂੰ ਮਿਥਿਆ ਕੈਦੀ,
ਫਰਜ਼ਾਂ ਦੀ ਪੂੰਜੀ ਤੋਂ ਸੱਖਣਾ।
ਮਨ ਦੇ ਅੰਦਰ ਵਾਧੂ ਕੂੜਾ,
ਕਿਸ ਲਈ ਸਾਂਭ ਸੰਭਾਲ ਕੇ ਰੱਖਣਾ।
ਹੇ ਮਨ ਮੇਰੇ ਜੇਕਰ ਚਾਹੇਂ,
ਅਣਖ਼ ਦੀ ਰੋਟੀ ਦਾ ਰਸ ਚੱਖਣਾ।
ਕਦੇ ਵਿਕਾਊ ਮਾਲ ਨਾ ਬਣਨਾ,
ਗਰਦਨ ਨੂੰ ਬੱਸ ਸਿੱਧਾ ਰੱਖਣਾ।
ਤੇਰੇ ਅੰਦਰ ਕਿੰਨਾ ਕੁਝ ਹੈ,
ਸੰਸਕਾਰ, ਸੁਪਨੇ ਤੇ ਚਾਅ।
ਉਸ ਦਾ ਰੁਦਨ ਕਰੇਂ ਕਿਉਂ ਜਿੰਦੇ,
ਜਿਹੜਾ ਦਿਨ ਹੈ ਬੀਤ ਗਿਆ।
ਅੱਜ ਨੂੰ ਅੱਜ ਭਰਪੂਰ ਜਿਉਣਾ,
ਇਹ ਨੁਕਤਾ ਖੋਲ੍ਹੇ ਸਭ ਜੰਦਰੇ।
ਗੁਰੂਆਂ ਪੀਰਾਂ ਇਹ ਸਮਝਾਇਆ,
ਲੱਭਦੈਂ ਜੋ ਤੂੰ ਮਸਜਿਦ ਮੰਦਰੇ।
ਹੋਰ ਕਿਸੇ ਤੋਂ ਕਿਉਂ ਮੰਗਦਾ ਏਂ,
ਤੂੰ ਹੈਂ ਆਪਣਾ ਆਪ ਵਿਧਾਤਾ।
ਬਿਨ ਮੰਗਿਆਂ ਕਿੰਨਾ ਕੁਝ ਤੈਨੂੰ,
ਦੇਵੇ ਤੇਰੀ ਧਰਤੀ ਮਾਤਾ।
ਜੇ ਦੂਜੇ ਦੇ ਦੁੱਖ ਵਿੱਚ ਸ਼ਾਮਿਲ,
ਤਾਂ ਹੀ ਤੂੰ ਇਨਸਾਨ ਬਣੇਂਗਾ।
ਮੈਂ, ਮੇਰੀ ਦੀ ਜੇ ਪਰਿਕਰਮਾ,
ਭੁੱਲੀਂ ਨਾ, ਹੈਵਾਨ ਬਣੇਂਗਾ।
ਲੰਮਾ ਜਿਉਣ ਦਾ ਲਾਲਚ ਕਰ ਨਾ,
ਗੱਲ ਸੁਣ ਲੈ ਤੂੰ ਚਾਲ਼ੀ ਸੇਰੀ।
ਜੇ ਆਦਰਸ਼ੇਂ ਸੱਖਣੀ ਕਾਇਆ,
ਕੀ ਕਰਨੀ ਤੂੰ ਉਮਰ ਲੰਮੇਰੀ।
ਲਿਖਿਆ ਤੇ ਅਣਲਿਖਿਆ ਇੱਕੋ,
ਸ਼ਬਦਾਂ ਦੀ ਜੇ ਲਾਜ ਨਹੀਂ ਰੱਖਣੀ।
ਕਦਮ -ਤਾਲ ਇੱਕੋ ਥਾਂ ਸਮਝੋ,
ਜੇ ਜ਼ਿੰਦਗੀ ਅਰਥਾਂ ਤੋਂ ਸੱਖਣੀ।
ਮਰਯਾਦਾ, ਕਾਨੂੰਨ ਤੇ ਲੱਜਿਆ,
ਰਾਮ-ਕਾਰ ਚਉਗਿਰਦ ਹਮਾਰੇ।
ਸਮਝ ਪਵੇ ਤਾਂ ਏਹੀ ਤਿੱਕੜੀ,
ਮੇਰੇ ਵਰਗੇ ਪੱਥਰ ਤਾਰੇ।
ਮੈਂ ਹਾਂ ਆਪਣੇ ਮਨ ਦਾ ਹਾਕਮ,
ਇਸ ਤੇ ਹੁਕਮ ਚਲਾਉਂਦਾ ਰਹਿੰਨਾਂ।
ਕਿੱਥੇ ਜਾਣਾਂ, ਕੀ ਹੈ ਖਾਣਾ,
ਏਸੇ ਨੂੰ ਹੀ ਦੱਸਦਾ,ਕਹਿੰਨਾਂ।
ਰੀਝ ਦਿਲੇ ਦੀ, ਇੱਕ ਹੋ ਜਾਵਣ,
ਸਭਨਾਂ ਖ਼ਾਤਰ ਧੁੱਪਾਂ ਛਾਵਾਂ।
ਜ਼ਾਲਮ ਦੇ ਜ਼ੁਲਮਾਂ ਤੋਂ ਸਤੀਆਂ,
ਕਿਤੇ ਨਾ ਰੋਣ ਨਿਕਰਮਾਣ ਮਾਵਾਂ।
ਰਲ਼ ਮਿਲ਼ ਯਾਰ ਦੁਪਹਿਰਾਂ ਕੱਟੀਏ,
ਇੱਕ ਸਾਂਝੀ ਛਤਰੀ ਦੇ ਥੱਲੇ।
ਉਹ ਦਿਨ ਸੋਹਣਾ ਭਾਗਾਂ ਭਰਿਆ,
ਆ ਜਾਵੇ ਤਾਂ ਬੱਲੇ ਈ ਬੱਲੇ।
City Air News 


