ਪਰਵੇਜ਼ ਸੰਧੂ ਦੀ ਕਹਾਣੀ ਪੁਸਤਕ “ਕੋਡ ਬਲੂ” ਦਰਦਾਂ ਦੀ ਬੇ -ਰੋਕ ਗਾਥਾ
ਅਮਰੀਕਾ ਵੱਸਦੀ ਪ੍ਰਮੁੱਖ ਕਹਾਣੀਕਾਰ ਪਰਵੇਜ਼ ਸੰਧੂ ਦੀ ਬਹੁ ਚਰਚਿਤ ਕਹਾਣੀ ਪੁਸਤਕ “ਕੋਡ ਬਲੂ”ਦਾ ਦੂਜਾ ਐਡੀਸ਼ਨ ਤਿਆਰ ਹੋ ਗਿਆ ਹੈ।
ਪਰਵੇਜ਼ ਸੰਧੂ ਕਹਾਣੀ ਲਿਖਦੀ ਨਹੀਂ ਬੁਣਦੀ ਹੈ। ਮੇਰੇ ਬੀਬੀ ਜੀ ਦੇ ਹੱਥਾਂ ਦੀਆਂ ਵੱਟੀਆਂ ਪੋਟਿਆਂ ਵਾਲੀਆਂ ਬਾਰੀਕ ਸੇਵੀਆਂ ਵਾਂਗ ਨਿੱਕੇ ਨਿੱਕੇ ਬਾਰੀਕ ਵੇਰਵੇ। ਉਸ ਬਾਰੇ ਕਦੇ ਮੈਂ ਲਿਖਿਆ ਸੀ, ਸ਼ਾਇਦ ਵਾਰਤਕ ਪੁਸਤਕ “ਕੰਙਣੀ” ਦੇ ਆਦਿ ਵਿੱਚ।
ਮੈਂ ਕਿਹਾ ਸੀ ਕਿ
ਪਰਵੇਜ਼ ਕਹਾਣੀ ਲਿਖਦੀ ਨਹੀਂ, ਪਾਉਂਦੀ ਹੈ ।ਨਿੱਕੇ-ਨਿੱਕੇ ਵਾਕ ਸ਼ਬਦਾਂ ਦੇ ਸਵੈਟਰ ਬੁਣਦੀ
ਰਿਸ਼ਤਿਆਂ ਦੀਆਂ ਤੰਦਾਂ ਨੂੰ ਜੋੜ ਜੋੜ ਨਿੱਘ ਬਖ਼ਸ਼ਦੀ ।ਧੁਰ ਅੰਦਰ ਬੈਠੀ ਮਾਸੂਮ ਬਾਲੜੀ ਨੂੰ ਕਹਿੰਦੀ
ਤੂੰ ਬੋਲਦੀ ਕਿਓਂ ਨਹੀਂ । ਸੱਚੋ ਸੱਚ ਦੱਸ ਦੇ ਸਾਰਾ ਕੁਝ ।ਕੌੜਾ ਕੁਸੈਲਾ, ਦਮ ਘੋਟੂ ਧੂੰਏਂ ਜਿਹਾ ।ਸੋਨਪਰੀ ਦੀ ਅੰਤਰ ਪੀੜਜੇ ਤੂੰ ਨਹੀਂ ਸੁਣਾਏਂਗੀ ਤਾਂ ਮਰ ਜਾਏਂਗੀ ।
ਮਰ ਨਾ, ਸੁਣਾ ਦੇ ਬੇਬਾਕੀ ਨਾਲ ।
ਸੁਣਨ ਵਾਲਿਆਂ ਨੂੰ ਸ਼ੀਸ਼ਾ ਵਿਖਾ ।ਅਪਰਾਧ ਮੁਕਤ ਹੋ ਜਾ ।ਏਨਾ ਭਾਰ ਚੁੱਕ ਕੇ ਕਿਵੇਂ ਤੁਰੇਂਗੀ ਕਹਾਣੀ ਨਹੀਂ ਲਿਖਦੀ ਪਰਵੇਜ਼ ਪਿਘਲਦੀ ਹੈਤਰਲ ਲੋਹੇ ਵਾਂਗ ਮਨ ਦੀ ਕੁਠਾਲੀ ’ਚ ਇਸਪਾਤ ਡੌਲਦੀ ਹੈ ।ਕਲਮਾਂ ਕਹਾਣੀਆਂ ਕਵਿਤਾਵਾਂ ਵਾਂਗ ।ਸੁੱਤੀ ਲੱਗਦੀ ਹੈ ਪਰ ਦਿਨ ਰਾਤ ਜਾਗਦੀ ਜਗਤ ਤਮਾਸ਼ਾ ਵੇਖਦੀ ਵਿਖਾਉਂਦੀ ਦਰਦਾਂ ਦੀ ਦੇਵੀ ਜਹੀ । ਉਸ ਦੇ ਧੁਰ ਅੰਦਰ
ਕਬਰਾਂ ਦਰ ਕਬਰਾਂ ਨੇ ।ਕਤਾਰੋ ਕਤਾਰ ਚੁੱਪ ਚਾਪ ।ਗੁੰਮ-ਸੁੰਗ ਰਹਿੰਦੀਆਂ ਕੋਲ ਕੋਲ ਨੇੜੇ ਨੇੜੇ
ਢੁਕ ਢੁਕ ਬਹਿੰਦੀਆਂ ਚੁੱਪ ਵਾਲੇ ਕੋਰੜੇ ਦੀ ਮਾਰ ਸਹਿੰਦੀਆਂ । ਪਰ ਜਦੋਂ ਬੋਲਦੀਆਂ ਪਰਤ ਦਰ ਪਰਤ
ਕੱਲ੍ਹੀ ਕੱਲ੍ਹੀ ਪੀਚ ਗੰਢ ਸਹਿਜ ਮਤੇ ਖੋਲ੍ਹਦੀਆਂ ।ਪਰਵੇਜ਼ ਦੀ ਕਹਾਣੀ ਵਿਚ ਬੜੇ ਸੰਸਾਰ ਉੱਡਣੇ ਪਰਿੰਦਿਆਂ ਦੀ ਪਰ ਕਟੀ ਡਾਰ ।
ਓਪਰੇ ਜਹੇ ਦੇਸ ਵਿੱਚ ਸੱਜਣਾਂ ਦੇ ਭੇਸ ਵਿੱਚ,ਆਪਣੇ ਹੀ ਮਾਰਦੇ ਨੇ ।
ਜਾਨ ਲੈਣੀ ਤਿੱਖੜੀ ਕਟਾਰ ਕੈਸੀ ਮਾਰੋ ਮਾਰ,ਜਿੱਤ ਹੈ ਨਾ ਹਾਰ ।
ਪਰਵੇਜ਼ ਦੀ ਕਹਾਣੀ,ਬਾਤ ਪਾਉਣ ਦੇ ਤਰੀਕੇ ਵਾਂਗ ਮਿੱਠੀ ਮਿੱਠੀ ਝਾੜ
ਪਾਉਣ ਦੇ ਸਲੀਕੇ ਵਾਂਗ ।
ਸ਼ਬਦ ਸ਼ਬਦ ਵਾਕ ਵਾਕ,ਤਰਲ ਲੋਹਾ ਜਿਸਮ ਲੰਘੇ,ਸੋਚ ਲੜੀਓ ਆਰ ਪਾਰ ਨਿੱਕੇ ਨਿੱਕੇ ਕਦਮ ਤੁਰਦੀ,ਭੁਰਨ ਮਗਰੋਂ,ਮਘਨ ਮਿੱਟੀ ਫੇਰ ਜੁੜਦੀ ।ਪੀਸਦੀ ਚੱਕੀ ’ਚ ਆਪਾ,ਦਰਦ ਗੁੰਨ੍ਹਦੀ ਲੋਹ ਤਪਾਉਂਦੀ ।ਮੱਠੇ ਮੱਠੇ ਸੇਕ ਉੱਤੇ ਰੋਟ ਲਾਹੁੰਦੀ ਤੇ ਖੁਆਉਂਦੀ ।
ਤਿਤਲੀ ਜਹੀ ਧੀ ਸਵੀਨਾ ਹਰ ਸਵਾਸੇ ਨਾਲ ਤੁਰਦੀ । ਗੱਲ ਕਰਦੀ ਬਾਤ ਪਾਉਂਦੀ ।ਸੁਪਨਿਆਂ ਜਹੇ ਖੰਭ ਲਾ ਕੇ ਤੁਰ ਗਈ ਗਾਥਾ ਸੁਣਾਉਂਦੀ ।ਮਣਕਾ ਮਣਕਾ ਮਾਲਾ ਫਿਰਦੀ ਯਾਦ ਆਉਂਦੀ ।ਪਰਵੇਜ਼ ਕਹਾਣੀ ਨਹੀਂ ਲਿਖਦੀ ਪਾਉਂਦੀ ਹੈ ਚਿੱਠੀ ਵਾਂਗ । ਲਿਖਤੁਮ ਪਰਵੇਜ਼ ਪੜ੍ਹਤੁਮ ਸਾਰੇ ।ਸ਼ਬਦ ਸੰਵਾਰੇ ।
ਧਰਤ ਪਰਿੰਦੇ ਇਸ ਦੀ ਅਰਦਲ ਬਹਿੰਦੇ ਸਾਰੇ ।”
ਉਹ ਪੰਜਾਬੀ ਕਹਾਣੀ ਦਾ ਅਜਿਹਾ ਸੰਵੇਦਨਸ਼ੀਲ ਹਸਤਾਖ਼ਰ ਹੈ ਜਿਸ ਦੀ ਰਚਨਾਤਮਕ ਦ੍ਰਿਸ਼ਟੀ ਆਮ ਮਨੁੱਖੀ ਜੀਵਨ ਦੀਆਂ ਗੁੰਝਲਾਂ ਅਤੇ ਬਦਲਦੇ ਰਿਸ਼ਤਿਆਂ ਦੀ ਬਾਰੀਕੀ ਨਾਲ ਨਿਸ਼ਾਨਦੇਹੀ ਕਰਦੀ ਹੈ। ਉਸ ਦਾ ਕਹਾਣੀ- ਸੰਸਾਰ ਕੇਵਲ ਬਾਹਰੀ ਘਟਨਾਵਾਂ ਤੱਕ ਘੁੱਟਿਆ ਹੋਇਆ ਨਹੀਂ, ਸਗੋਂ ਪਾਤਰਾਂ ਦੀ ਮਨੋਵਿਗਿਆਨਕ ਬਣਤਰ ਅਤੇ ਅੰਦਰੂਨੀ ਸੰਘਰਸ਼ ਨੂੰ ਗਹਿਰਾਈ ਨਾਲ ਉਜਾਗਰ ਕਰਦਾ ਹੈ।
ਉਸ ਦੀਆਂ ਕਹਾਣੀਆਂ ਦਾ ਕੇਂਦਰ-ਬਿੰਦੂ ਮਨੁੱਖੀ ਸੰਵੇਦਨਾ, ਸਮਾਜਿਕ ਵਿਡੰਬਨਾਵਾਂ ਅਤੇ ਆਮ ਵਿਅਕਤੀ ਦੀਆਂ ਆਸਾਂ-ਨਿਰਾਸ਼ਾਵਾਂ ਹਨ। ਪਰਵੇਜ਼ ਸੰਧੂ ਸਾਧਾਰਨ ਜੀਵਨ-ਸਥਿਤੀਆਂ ਵਿੱਚੋਂ ਵੱਡੇ ਸਮਾਜਕ ਅਰਥ ਲੱਭਣ ਦੀ ਕਲਾ ਵਿੱਚ ਮਾਹਰ ਹੈ। ਉਸ ਦੀ ਭਾਸ਼ਾ ਬੇਹੱਦ ਸਹਿਜ, ਅਸਰਦਾਰ ਅਤੇ ਜਿਉਂਦੀ ਜਾਗਦੀ ਹੈ, ਜੋ ਪਾਠਕ ਨਾਲ ਸਿੱਧਾ ਸੰਵਾਦ ਰਚਾਉਂਦੀ ਹੈ।
“ਕੋਡ ਬਲੂ” ਪਿਆਰੀ ਬੇਟੀ ਸਵੀਨਾ ਦੇ ਵਿਛੋੜੇ ਮਗਰੋਂ ਦਰਦਾਂ ਨਾਲ ਪਿੰਜੀ ਰੂਹ ਦਾ ਸ਼ਾਬਦਿਕ ਜਾਮਾ ਹੈ। ਉਸ ਦੀ ਇਹ ਕਹਾਣੀਆਂ ਪਾਠਕ ਨੂੰ ਕੇਵਲ ਕਹਾਣੀ ਦੇ ਰਸ ਨਾਲ ਨਹੀਂ ਜੋੜਦੀਆਂ ਸਗੋਂ ਉਸ ਨੂੰ ਆਪਣੇ ਆਲੇ-ਦੁਆਲੇ ਦੀ ਹਕੀਕਤ ਅਤੇ ਮਨੁੱਖੀ ਰਿਸ਼ਤਿਆਂ ਦੀ ਸਥਿਤੀ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀਆਂ ਹਨ। ਪਰਵੇਜ਼ ਸੰਧੂ ਦਾ ਸਮੁੱਚਾ ਸਾਹਿਤ ਸਿਰਜਣ ਬਿਹਤਰ ਸਮਾਜ ਅਤੇ ਮਨੁੱਖੀ ਦਰਦ ਦੀ ਡੂੰਘੀ ਸਮਝ ਦਾ ਪ੍ਰਤੀਕ ਤਾਂ ਹੈ ਹੀ, ਸਗੋਂ ਸਮਾਜ ਨੂੰ ਪੜ੍ਹਨ ਲਈ ਤੀਸਰਾ ਨੇਤਰ ਖੋਲ੍ਹਣ ਦੇ ਵੀ ਸਮਰੱਥ ਹੈ।
ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ

City Air News 

