ਰਜਵੰਤ ਕੌਰ ਸੰਧੂ ਦਾ ਸਫ਼ਰਨਾਮਾ “ਮੇਰੇ ਪਿਤਾ ਦੀ ਕੁਰਸੀ” ਅਦਾਰਾ “ਦਿਸ਼ਾ' ਵੱਲੋਂ ਵਿਸ਼ਵ ਪੰਜਾਬੀ ਭਵਨ ਬਰਾਂਪਟਨ ਵਿੱਚ ਲੋਕ ਅਰਪਣ
2-4 ਅਕਤੂਬਰ ਨੂੰ ਹੋ ਰਹੀ ਸਤਵੀਂ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਵੀ ਡਾ. ਦਲਬੀਰ ਸਿੰਘ ਕਥੂਰੀਆ ਨੇ ਸਭ ਨੂੰ ਸੱਦਾ ਦਿੱਤਾ
ਲੁਧਿਆਣਾ, 12 ਸਤੰਬਰ, 2026: ਪੰਜਾਬੀ ਦੇ ਉਘੇ ਕਹਾਣੀਕਾਰ ਤੇ ਵਾਰਤਕ ਲੇਖਕ ਡਾ. ਵਰਿਆਮ ਸਿੰਘ ਸੰਧੂ ਦੀ ਜੀਵਨ ਸਾਥਣ ਰਜਵੰਤ ਕੌਰ ਸੰਧੂ ਦਾ ਲਿਖਿਆ ਸਫ਼ਰਨਾਮਾ “ਮੇਰੇ ਪਿਤਾ ਦੀ ਕੁਰਸੀ” ਵਿਸ਼ਵ ਪੰਜਾਬੀ ਭਵਨ ਬਰਾਂਪਟਨ(ਕੈਨੇਡਾ)ਵਿੱਚ ਵੱਡੀ ਗਿਣਤੀ ਵਿੱਚ ਜੁੜੀਆਂ ਅਦਬੀ ਸ਼ਖ਼ਸੀਅਤਾਂ ਵਲੋਂ ਲੋਕ ਅਰਪਣ ਕੀਤਾ ਗਿਆ।
ਅਦਾਰਾ ਦਿਸ਼ਾ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਸਫ਼ਰਨਾਮੇ ’ਤੇ ਭਰਪੂਰ ਵਿਚਾਰ ਚਰਚਾ ਕਰਦਿਆਂ ਪ੍ਰੋ. ਕੰਵਲਜੀਤ ਕੌਰ ਢਿੱਲੋਂ ਨੇ ਕਿਤਾਬ ਵਿਚਲੇ ਰੌਚਕ ਤੱਥਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਲੇਖਿਕਾ ਦੇ ਪਤੀ ਡਾ. ਵਰਿਆਮ ਸਿੰਘ ਸੰਧੂ ਤੋਂ ਇਲਾਵਾ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ, ਪ੍ਰੋ. ਜਾਗੀਰ ਸਿੰਘ ਕਾਹਲੋਂ, ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਇੰਦਰਜੀਤ ਸਿੰਘ ਬੱਲ, ਪੂਰਨ ਸਿੰਘ ਪਾਂਧੀ, ਪਿਆਰਾ ਸਿੰਘ ਕੁਦੋਵਾਲ, ਪਰਮਜੀਤ ਕੌਰ ਦਿਓਲ, ਬਲਰਾਜ ਛੋਕਰ, ਉਜ਼ਮਾ ਲਾਹੌਰ, ਹਰਜੀਤ ਸਿੰਘ ਗਿੱਲ, ਵਿਸ਼ਵ ਪੰਜਾਬੀ ਸਭਾ ਦੇ ਬਾਨੀ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ, ਡਾ. ਜਗਦੀਪ ਕੌਰ ਆਹੂਜਾ ਆਦਿ ਵੀ ਮੌਜੂਦ ਸਨ। ਪੁਸਤਕ ਉੱਪਰ ਪੰਜਾਬੀ ਕਵੀ ਉਂਕਾਰਪ੍ਰੀਤ ਸਿੰਘ, ਸੁਰਜੀਤ ਕੌਰ ਟੋਰਾਂਟੋ ਅਤੇ ਸੁਖਦੇਵ ਸਿੰਘ ਝੰਡ ਨੇ ਵਿਚਾਰ ਪੇਸ਼ ਕੀਤੇ।
ਲੇਖਿਕਾ ਰਜਵੰਤ ਕੌਰ ਸੰਧੂ ਨੇ ਸਫ਼ਰਨਾਮਾ ਬਾਰੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਪਹਿਲੀ ਵਾਰ ਪਾਕਿਸਤਾਨ ਗਏ ਸਨ ਤਾਂ ਉਨਾਂ ਦੇ ਹਮਸਫ਼ਰ ਡਾ. ਵਰਿਆਮ ਸਿੰਘ ਸੰਧੂ ਵੀ ਉਨ੍ਹਾਂ ਦੇ ਨਾਲ ਸਨ । ਪਹਿਲਾਂ ਉਹ ਵਰਿਆਮ ਸਿੰਘ ਸੰਧੂ ਦੇ ਜੱਦੀ ਪਿੰਡ ਭਡਾਣਾ ਗਏ ਜਿੱਥੇ ਉਹ ਡਾ. ਸੰਧੂ ਦੇ ਪਿਤਾ ਦਾਦੇ ਦਾ ਘਰ ਸਮਝ ਕੇ ਕਿਸੇ ਹੋਰ ਦੇ ਘਰ ਮਹਿਮਾਨ ਨਿਵਾਜ਼ੀ ਕਰਵਾ ਆਏ। ਉਸ ਘਰ ਵਿੱਚ ਰਹਿੰਦੇ ਪਰਿਵਾਰ ਨੇ ਵੀ ਨਹੀਂ ਦੱਸਿਆ ਪਰ ਬਹੁਤ ਖ਼ਾਤਰ ਸੇਵਾ ਕੀਤੀ। ਵਾਪਸ ਆ ਕੇ ਪਤਾ ਲੱਗਾ ਉਨ੍ਹਾਂ ਦਾ ਘਰ ਤਾਂ ਹੋਰ ਗਲੀ ਵਿੱਚ ਸੀ।
ਉਹ ਥਾਣਾ ਕਿਲਾ ਗੁੱਜਰ ਸਿੰਘ ਲਾਹੌਰ ਵੀ ਗਏ ਜਿੱਥੇ ਲੇਖਕਾ ਦੇ ਪਿਤਾ ਬੰਤਾ ਸਿੰਘ 1947 ਤੋਂ ਪਹਿਲਾਂ ਥਾਣਾ ਮੁਖੀ ਸਨ। ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਬੜਾ ਭਾਵੁਕ ਮਾਹੌਲ ਬਣਿਆ। ਇਨ੍ਹਾਂ ਦੋਹਾਂ ਥਾਵਾਂ ਦੀ ਯਾਤਰਾ ਨੇ ਸਫ਼ਰਨਾਮੇ ਵਿੱਚ ਤੇ ਕਰੁਣਾਮਈ ਤੇ ਜਜ਼ਬਾਤੀ ਮਾਹੌਲ ਸਿਰਜ ਦਿੱਤਾ। ਮੌਜੂਦਾ ਥਾਣਾ ਮੁਖੀ ਨੇ ਰਜਵੰਤ ਨੂੰ ਬਾਪ ਵਾਲੀ ਕੁਰਸੀ ਤੇ ਬੈਠਣ ਦਾ ਵੀ ਮਾਣ ਦਿੱਤਾ।
ਇਸ ਮੌਕੇ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਬਲਰਾਜ ਸਾਹਨੀ ਦੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਤੇ ਡਾ. ਵਰਿਆਮ ਸਿੰਘ ਸੰਧੂ ਦੇ 2001 ਦੀ ਪਾਕਿਸਤਾਨ ਫੇਰੀ ਤੋਂ ਬਾਅਦ ਲਿਖਿਆ ਸਫ਼ਰਨਾਮਾ ਵਗਦੀ ਏ ਰਾਵੀ” ਤੋਂ ਬਾਦ ਸਰਦਾਰਨੀ ਰਜਵੰਤ ਕੌਰ ਸੰਧੂ ਦਾ ਇਹ ਸਫ਼ਰਨਾਮਾ ਪੰਜਾਬੀ ਸਾਹਿਤ ਦੀ ਪ੍ਰਾਪਤੀ ਹੈ।
ਇਸ ਨੂੰ ਪੰਜਾਬੀ ਪਾਠਕ ਤਾਂ ਪੜ੍ਹਨਗੇ ਹੀ ਇਸ ਪੁਸਤਕ ਨੂੰ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿਚ ਸਿਲੇਬਸ ਵਜੋਂ ਵੀ ਪੜ੍ਹਾਇਆ ਜਾਣਾ ਬਣਦਾ ਹੈ। । ਉਨ੍ਹਾਂ ਕਿਹਾ ਕਿ ਸਾਡੀਆਂ ਰੂਹਾਂ ਮਹਾ ਪੰਜਾਬ ਵਿਚ ਚੱਕਰ ਕੱਟਦੀ ਰਹਿੰਦੀ ਹੈ ਇਸ ਨੂੰ ਸ਼ਾਂਤ ਕਰਨ ਲਈ ਜੋ ਵੀ ਜਾ ਸਕਦੇ ਹਨ ਉਹ ਲਹਿੰਦੇ ਪੰਜਾਬ ਵਿਚ ਜ਼ਰੂਰ ਜਾ ਕੇ ਆਉਣ।
ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਮੇਰੀ ਪਤਨੀ ਨੇ ਇਸ ਸਫ਼ਰਨਾਮੇ ਨੂੰ ਹੱਥ ਨਹੀਂ ਲਾਉਣ ਦਿੱਤਾ ਅਤੇ ਕਿਹਾ ਸੀ ਕਿ ਇਸ ਨੂੰ ਛਪਵਾਉਣ ਦਾ ਪ੍ਰਬੰਧ ਕਰੋ ਤੁਸੀਂ ਇਸ ਵਿੱਚ ਕੋਈ ਕੱਟ ਵੱਢ ਨਹੀਂ ਕਰਨੀ। ਉਨ੍ਹਾਂ ਦੱਸਿਆ ਕਿ ਰਜਵੰਤ ਦੀ ਪਾਕਿਸਤਾਨ ਜਾਣ ਦੀ ਚਿਰੋਕਣੀ ਰੀਝ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸ. ਬੰਤਾ ਸਿੰਘ ਢਿੱਲੋਂ ਲਾਹੌਰ ਦੇ ਕਿਲਾ ਗੁੱਜਰ ਸਿੰਘ ਥਾਣੇ ਵਿੱਚ ਥਾਣਾ ਮੁਖੀ ਰਹੇ ਸਨ। ਉਹ ਉਸ ਥਾਣੇ ਨੂੰ ਵੇਖਣਾ ਚਾਹੁੰਦੇ ਸਨ। ਦੂਜਾ ਉਹ ਪਾਕਿਸਤਾਨ ਵਿਚਲਾ ਸਹੁਰਾ ਪਿੰਡ ਭਡਾਣਾ ਵੀ ਦੇਖਣਾ ਚਾਹੁੰਦੇ ਸਨ। ਜਦਕਿ ਮੈਂ ਭਾਵੇਂ ਇਸ ਤੋਂ ਪਹਿਲਾਂ ਦੋ ਵਾਰ ਪਾਕਿਸਤਾਨ ਜਾ ਆਇਆ ਸੀ ਪਰ ਆਪਣਾ ਪਿੰਡ ਨਹੀਂ ਸੀ ਦੇਖ ਸਕਿਆ ਸੀ ਜੋ ਵਾਘਾ ਤੋਂ ਲਾਹੌਰ ਦੇ ਵਿਚਕਾਰ ਪੈਂਦਾ ਹੈ।
ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਰਾ ਸਫ਼ਰਨਾਮਾ ਬੋਲੀ ਅਤੇ ਸ਼ੈਲੀ ਪੱਖੋ ਨਮੂਨੇ ਦੀ ਲਿਖਤ ਹੈ। ਗੁਰੂ ਧਾਮਾਂ ਬਾਰੇ ਇਤਿਹਾਸਕ ਜਾਣਕਾਰੀ ਤੇ ਪਾਕਿਸਤਾਨ ਬਾਰੇ ਜਾਣਕਾਰੀ ਬਹੁਤ ਖੂਬ ਹੈ ।
ਪੰਜਾਬੀ ਕਵਿੱਤਰੀ ਸੁਰਜੀਤ ਕੌਰ ਤੇ ਪਰਮਜੀਤ ਕੌਰ ਦਿਓਲ ਨੇ ਕਿਹਾ ਕਿ ਇਹ ਪੁਸਤਕ ਬਹੁਤ ਰੌਚਕ ਹੈ। ਇਸ ਮੌਕੇ ਰੁਪਿੰਦਰ ਸੰਧੂ, ਰਛਪਾਲ ਕੌਰ, ਰਾਮਿੰਦਰ ਰੰਮੀ ਵਾਲੀਆ, ਸੁਰਿੰਦਰਜੀਤ ਕੌਰ ,ਪਰਮਜੀਤ ਸਿੰਘ ਵਿਰਦੀ, ਹਰਦਿਆਲ ਸਿੰਘ ਝੀਤਾ, ਡਾ. ਦਰਸ਼ਨਦੀਪ,ਸਤਿਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਪ੍ਰੋ. ਕੰਵਲਜੀਤ ਕੌਰ ਢਿੱਲੋਂ ਨੇ ਆਏ ਮਹਿਮਾਨ ਲੇਖਕਾਂ, ਪਾਠਕਾਂ ਤੇ ਸਨੇਹੀਆਂ ਦਾ ਧੰਨਵਾਦ ਕੀਤਾ।
ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਨੇ ਇਸ ਮੌਕੇ ਦੱਸਿਆ ਕਿ ਵਿਸ਼ਵ ਪੰਜਾਬੀ ਭਵਨ ਵਿੱਚ 2-3-4 ਅਕਤੂਬਰ ਨੂੰ ਸੱਤਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਦੇਸ਼ ਬਦੇਸ਼ ਤੋਂ ਸਿਰਕੱਢ ਪੰਜਾਬੀ ਲੇਖਕ ਪਹੁੰਚ ਰਹੇ ਹਨ। ਅਮਰੀਕਾ ਤੋਂ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ਇਸ ਕਾਨਫਰੰਸ ਦੀ ਸੰਪੂਰਨ ਰੂਪ ਰੇਖਾ ਉਲੀਕੀ ਹੈ। ਉਹ ਵੀ ਤਿੰਨ ਦਿਨ ਕਾਨਫਰੰਸ ਦੀ ਦੇਖ ਰੇਖ ਕਰਨਗੇ।

City Air News 

