ਇੰਗਲੈਂਡ ਵਾਸੀ ਪੰਜਾਬੀ ਲੇਖਕ ਗੁਰਨਾਮ ਗਿੱਲ ਸੁਰਗਵਾਸ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਵਿੱਛੜੇ ਲੇਖਕ ਨੂੰ ਸ਼ਰਧਾਂਜਲੀ ਭੇਂਟ

ਇੰਗਲੈਂਡ ਵਾਸੀ ਪੰਜਾਬੀ ਲੇਖਕ ਗੁਰਨਾਮ ਗਿੱਲ ਸੁਰਗਵਾਸ

ਲੁਧਿਆਣਾ, 17 ਜਨਵਰੀ, 2023: ਇੰਗਲੈਂਡ ਵੱਸਦੇ ਪੰਜਾਬੀ ਕਵੀ ਤੇ ਕਹਾਣੀਕਾਰ ਗੁਰਨਾਮ ਗਿੱਲ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਡਾਢੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਗੁਰਨਾਮ ਗਿੱਲ ਦਾ ਜਨਮ 15 ਸਤੰਬਰ  1943 ਨੂੰ ਜਲੰਧਰ  ਜ਼ਿਲ੍ਹੇ ਦੇ ਪਿੰਡ ਧੂਰੀ ਵਿੱਚ ਹੋਇਆ ਸੀ। ਸਰੀਰਕ ਸਿੱਖਿਆ ਵਿੱਚ  ਡਾਕਟਰੇਟ ਡਾਃ ਗੁਰਨਾਮ ਗਿੱਲ ਪਿਛਲੀ ਸਦੀ ਦੇ ਸਤਵੇਂ ਦਹਾਕੇ ਵਿੱਚ ਇੰਗਲੈਡ ਚਲੇ ਗਏ ਸਨ। ਪੰਜਾਬ ਵਿੱਚ ਉਨ੍ਹਾਂ ਦਾ ਘਰ  ਸਤਿਨਾਮਪੁਰਾ ਫਗਵਾੜਾ ਵਿੱਚ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਸਰੀਰਕ ਤੰਗੀ ਕਾਰਨ ਮੰਜੇ ਤੇ ਹੀ ਸੀਮਤ ਸਨ। ਗੁਰਨਾਮ ਗਿੱਲ  ਸਾਨੂੰ 15 ਜਨਵਰੀ ਨੂੰ ਸਦੀਵੀ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਦਿੰਦਿਆਂ ਪੰਜਾਬੀ ਕਵੀ ਅਜ਼ੀਮ ਸ਼ੇਖ਼ਰ ਨੇ ਦੱਸਿਆ ਕਿ ਉਹ ਵਲਾਇਤ ਵਿੱਚ ਵੱਸਦੇ ਲੇਖਕਾਂ ਵਿੱਚ ਸਤਿਕਾਰ ਦੇ ਪਾਤਰ ਸਨ। 

ਡਾਃ ਗੁਰਨਾਮ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ  ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਸੁਚੇਤ ਸਾਹਿੱਤ ਸਾਧਕ ਸਨ ਜਿੰਨ੍ਹਾਂ  ਨੇ ਇੰਗਲੈਂਡ ਵਿੱਚ ਵੱਸਦਿਆਂ ਪੰਜਾਬੀ ਵਿੱਚ ਬਹੁਪੱਖੀ ਸਾਹਿੱਤ ਸਿਰਜਣਾ ਕੀਤੀ। ਡਾਃ ਗ਼ਜ਼ਲਾਂ ਦੇ ਨਾਲ ਨਾਲ ਕਹਾਣੀ ਰਚਨਾ ਤੋਂ ਇਲਾਵਾ ਦੋ ਪੁਸਤਕਾਂ ਪੰਜਾਬੀ ਵਾਰਤਕ ਦੀਆਂ ਵੀ ਲਿਖੀਆਂ। ਹੁਣ ਤਕ ਉਹ 20 ਤੋਂ ਵਧੇਰੇ ਕਿਤਾਬਾਂ ਲਿਖ ਚੁੱਕੇ ਸਨ ਜਿੰਨ੍ਹਾਂ ਵਿੱਚੋਂ ਮੁੱਖ ਰਚਨਾਵਾਂ ਕਹਾਣੀ ਸੰਗ੍ਰਹਿ ਸੂਰਜ ਦਾ ਵਿਛੋੜਾ,ਖਿਲਾਅ ਵਿੱਚ ਲਟਕਦੇ ਸੁਪਨੇ,ਕੱਚ ਦੀਆਂ ਕਬਰਾਂ, ਉਦਾਸ ਪਲਾਂ ਦੀ ਦਾਸਤਾਨ,ਖਾਮੋਸ਼ ਘਟਨਾਵਾਂ ਤੇ ਕਾਵਿ ਸੰਗ੍ਰਹਿ ਅੱਖਾਂ, ਚੁੱਪ ਦਾ ਅਨੁਵਾਦ,ਘਰ ਪਹਿਲਾਂ ਕਿ ਦੇਸ਼,ਪਿਆਸੀ ਰੂਹ,
ਸਵੈ ਤੋਂ ਸਰਬ ਤੱਕ,ਅਕਸ ਅਤੇ ਆਈਨਾ, ਕਸਤੂਰੀਆਂ ਦੇ ਜੰਗਲ ਵਿੱਚ, ਸਾਗਰ ਵਿਚਲੇ ਰੇਗਿਸਤਾਨ,ਹਰਫ਼ਾਂ ਦੀ ਪਰਵਾਜ਼ ਤੇ ਗੁਫ਼ਤਗੂ ਪ੍ਰਮੁੱਖ ਹਨ।ਪਾਕਿਸਤਾਨ ਵਿੱਚ ਵੀ ਆਸਿਫ਼ ਰਜ਼ਾ ਨੇ ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ ਗੁਫ਼ਤਗੂ ਸ਼ਾਹਮੁਖੀ ਚ ਪ੍ਰਕਾਸ਼ਿਤ ਕਰਵਾਇਆ। ਹਿੰਦੀ ਵਿੱਚ ਉਨ੍ਹਾਂ ਦੀਆਂ ਦੋ ਕਿਤਾਬਾਂ ਘਰੋਂ ਸੇ ਮਕਾਨ ਤਕ ਅਤੇ ਮੁਝੇ ਮਾਲੂਮ ਹੈ ਛਪੀਆਂ। ਸੁਕੀਰਤ ਆਨੰਦ ਨੇ ਵੀ ਉਨ੍ਹਾਂ ਦੀ ਇੱਕ ਰਚਨਾ ਅੱਧੀ ਸਦੀ ਨੂੰ ਅੰਗਰੇਜ਼ੀ ਚ ਅਨੁਵਾਦ ਕੀਤਾ। 

ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ,ਇੰਗਲੈਂਡ ਤੇਂ ਭਾਰਤ ਫੇਰੀ ਤੇ ਆਈ ਕਵਿੱਤਰੀ ਕੁਲਵੰਤ ਕੌਰ ਢਿੱਲੋਂ,ਤ੍ਰੈਲੋਚਨ ਲੋਚੀ, ਡਾਃ ਗੁਰਇਕਬਾਲ ਸਿੰਘ, ਡਾਃ ਨਿਰਮਲ ਜੌੜਾ, ਜਸਮੇਰ ਸਿੰਘ ਢੱਟ, ਇਸ ਸਾਲ ਦੇ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ, ਮਨਜਿੰਦਰ ਧਨੋਆ, ਅਮਨਦੀਪ ਫੱਲੜ , ਅਮਰਜੀਤ ਸ਼ੇਰਪੁਰੀ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਪਰਮਜੀਤ ਕੌਰ ਮਹਿਕ,ਕਰਮਜੀਤ ਗਰੇਵਾਲ, ਗੁਰਚਰਨ ਕੌਰ ਕੋਚਰ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਡਾਃ ਗੁਰਨਾਮ ਗਿੱਲ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।