ਪੂਰੀ ਸਦੀ ਜਿੱਡੇ ਵਿਗਿਆਨੀ ਸਨ ਡਾ. ਗੁਰਚਰਨ ਸਿੰਘ ਕਾਲਕਟ
ਗੁਰਭਜਨ ਗਿੱਲ
ਡਾ. ਗੁਰਚਰਨ ਸਿੰਘ ਕਾਲਕਟ ਜੀ ਦਾ ਨਾਮ ਤਾਂ ਬਹੁਤ ਸੁਣਿਆ ਸੀ ਪਰ ਦਰਸ਼ਨ ਕਦੇ ਨਹੀਂ ਸੀ ਕੀਤੇ। ਪਹਿਲੀ ਵਾਰ ਦਰਸ਼ਨ ਉਦੋਂ ਕੀਤੇ ਜਦ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਮੈਂਬਰ ਬਣ ਕੇ ਆਏ। ਡਾ. ਅਮਰਜੀਤ ਸਿੰਘ ਖਹਿਰਾ ਵਾਈਸ ਚਾਂਸਲਰ ਸਨ। ਮੈਨੂੰ ਯਾਦ ਹੈ, ਮਹੱਤਵਪੂਰਨ ਮੀਟਿੰਗ ਚੱਲ ਰਹੀ ਸੀ ਜਦ ਪਤਾ ਲੱਗਾ ਕਿ ਡਾ. ਗੁਰਚਰਨ ਸਿੰਘ ਕਾਲਕਟ ਥਾਪਰ ਹਾਲ ਆਏ ਨੇ। ਵਾਈਸ ਚਾਂਸਲਰ ਦਫ਼ਤਰ ਵਿੱਚ ਬੈਠੇ ਹਨ। ਡਾ. ਖਹਿਰਾ ਆਪ ਚੱਲ ਕੇ ਕਮੇਟੀ ਰੂਮ ਵਿੱਚੋਂ ਨਾਲ ਲੱਗਵੇਂ ਆਪਣੇ ਦਫ਼ਤਰ ਗਏ ਤੇ ਡਾ. ਕਾਲਕਟ ਸਾਹਿਬ ਨੂੰ ਮੀਟਿੰਗ ਵਿੱਚ ਲੇ ਆਏ। ਸਭ ਨੇ ਸਤਿਕਾਰ ਭੇਂਟ ਕੀਤਾ ਕਿਉੰਕਿ ਉਹ ਵਿਸ਼ਵ ਬੈਂਕ ਸਲਾਹਕਾਰ ਰਹੇ ਹੋਣ ਕਰਕੇ ਸਤਿਕਾਰਤ ਨਾਮ ਸਨ। ਪੰਜਾਬ ਵਿੱਚ ਹਰੇ ਇਨਕਲਾਬ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਡਾ. ਕਾਲਕਟ ਦੇਸ਼ ਦੇ ਵੀ ਖੇਤੀ ਕਮਿਸ਼ਨਰ ਰਹੇ ਸਨ।
ਉਨ੍ਹਾਂ ਬਾਰੇ ਡਾ. ਅਮਰਜੀਤ ਸਿੰਘ ਖਹਿਰਾ ਨੇ ਸੁਆਗਤੀ ਸ਼ਬਦ ਕਰੇ। ਜਦ ਡਾ. ਕਾਲਕਟ ਬੋਲੇ ਤਾਂ ਇੱਕ ਵੀ ਸ਼ਬਦ ਸਮਝ ਨਾ ਪਿਆ। ਬਹੁਤ ਹੀ ਹੌਲੀ ਬੋਲਦੇ ਸਨ, ਕੁਝ ਤੇਜ਼ ਵੀ।
ਮੀਡੀਆ ਲਈ ਉਨ੍ਹਾਂ ਦੀ ਗੱਲ ਰੀਪੋਰਟ ਕਰਨੀ ਬਹੁਤ ਜ਼ਰੂਰੀ ਸੀ। ਮੀਟਿੰਗ ਬਾਦ ਉਹ ਵਾਈਸ ਚਾਂਸਲਰ ਸਾਹਿਬ ਨਾਸਲ ਸਟਨ ਹਾਉਸ ਚਲੇ ਗਏ। ਮੈਂ ਵੀ ਸਕੂਟਰ ਮਗਰ ਲਾ ਲਿਆ. ਇਹ ਪੁੱਛਣ ਲਈ ਕਿ ਤੁਸੀਂ ਕੀ ਕਿਹਾ ਸੀ?
ਮਿਲਣ ਤੇ ਉਹ ਮੱਧਮ ਜਿਹੀ ਯਾ ਮੁਸਕਰਾਏ ਤੇ ਡਾ. ਖਹਿਰਾ ਵੱਲ ਵੇਖ ਕੇ ਪੁੱਛਿਆ ਕਿ ਇਹ ਮੁੰਡਾ ਕੌਣ ਹੈ? ਉਨ੍ਹਾਂ ਦੱਸਿਆ ਕਿ ਚੰਗੀ ਖੇਤੀ ਦਾ ਸੰਪਾਦਕ ਹੈ ਪਰ ਮੇਰਾ ਨਿੱਕਾ ਵੀਰ ਵੀ ਹੈ, ਮੇਰੇ ਨਾਨਕਿਆਂ ਵੱਲੋਂ। ਉਨ੍ਹਾਂ ਕਿਹਾ ਕਿ ਬੇਟਾ ਤੁਸੀਂ ਵੀ ਪਲੇਟ ਲਵੋ, ਸਾਡੇ ਨਾਲ ਰੋਟੀ ਖਾਣ, ਫਿਰ ਗੱਲ ਕਰ ਲੈਦੇ ਹਾਂ।
ਮੈਂ ਰੋਟੀ ਤਾਂ ਜਾ ਕੇ ਗਿਆਨੀ ਦੀ ਕੈਨਟੀਨ ਤੇ ਖਾਣੀ ਸੀ ਜਿੱਥੇ ਰੋਜ਼ ਵਾਂਗ ਇੰਦਰਜੀਤ ਹਸਨਪੁਰੀ, ਪੁਰਦਮਨ ਸਿੰਘ ਬੇਦੀ ਤੇ ਕੁਝ ਹੋਰ ਦੋਸਤ ਉਡੀਕ ਰਹੇ ਸੀ।
ਰੋਟੀ ਖਾਣ ਉਪਰੰਤ ਉਨ੍ਹਾਂ ਦੋ ਤਿੰਨ ਨੁਕਤੇ ਨੋਟ ਕਰਾਏ ਜੋ ਵਿਸਥਾਰ ਨਾਲ ਅਗਲੇ ਦਿਨ ਛਪ ਗਏ।
ਫਿਰ ਇੱਕ ਵਾਰ ਉਹ ਯੂਨੀਵਰਸਿਟੀ ਕਿਸਾਨ ਮੇਲੇ ਤੇ ਮੁੱਖ ਮਹਿਮਾਨ ਬਣ ਕੇ ਆਏ।
ਡਾ. ਅਮਰਜੀਤ ਸਿੰਘ ਖਹਿਰਾ ਦੀ ਵਾਈਸ ਚਾਂਸਲਰ ਵਜੋਂ ਮਿਆਦ ਮੁੱਕੀ ਤਾਂ ਕੁਰਸੀ ਲਈ ਰੱਸਾ ਕਸ਼ੀ ਸ਼ੁਰੂ ਹੋ ਗਈ। ਯੂਨੀਵਰਸਿਟੀ ਕਈ ਮੋਰਚਿਆਂ ਕੇ ਜੂਝ ਰਹੀ ਸੀ। ਕਿਚਲੂ ਨਗਰ ਵਾਲੇ ਪਾਸੇ ਦੀ ਯੂਨੀਵਰਸਿਟੀ ਜ਼ਮੀਨ ਦਾ ਵਰਿੰਦਰਾ ਐਗਰੋ ਵਾਲਿਆਂ ਨਾਲ ਤਬਾਦਲਾ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਸੀ। ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਨਵਾਂ ਵਾਈਸ ਚਾਂਸਲਰ ਲੱਗਣ ਲਈ ਡਾ. ਕ੍ਰਿਪਾਲ ਸਿੰਘ ਔਲਖ, ਡਾ. ਮਹਿੰਦਰ ਸਿੰਘ ਬਾਜਵਾ ਤੇ ਡਾ. ਬਲਦੇਵ ਸਿੰਘ ਢਿੱਲੋਂ(ਬਾਗਬਾਨੀ ਵਾਲੇ, ਮਕਈ ਵਾਲੇ ਨਹੀਂ) ਇਸ ਦੌੜ ਵਿੱਚ ਸਿਰਕੱਢ ਸਨ। ਬਾਦਲ ਸਾਹਿਬ ਡਾ. ਗੁਰਦੇਵ ਸਿੰਘ ਖੁਸ਼ ਨੂੰ ਇਹ ਵੱਡੀ ਜ਼ੁੰਮੇਵਾਰੀ ਸੌਂਪਣਾ ਚਾਹੁੰਦੇ ਸਨ ਪਰ ਉਨ੍ਹਾਂ ਸਿੱਧਾ ਹੀ ਜਵਾਬ ਦੇ ਦਿੱਤਾ।
ਡਾ. ਗੁਰਚਰਨ ਸਿੰਘ ਕਾਲਕਟ ਜੀ ਨੂੰ ਬਾਦਲ ਸਾਹਿਬ ਨੇ ਮਨਾ ਲਿਆ ਕਿ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਾਂਗ ਡੋਰ ਸੰਭਾਲਣ ਤੇ ਇਸ ਦਾ ਖੁੱਭਿਆ ਗੱਡਾ ਕੱਢਣ।
ਉਹ ਮੰਨ ਗਏ ਤਾਂ ਪ੍ਰਬੰਧਕੀ ਬੋਰਡ ਨੇ ਉਨ੍ਹਾਂ ਦਾ ਨਾਮ ਵਾਈਸ ਚਾਂਸਲਰ ਲਈ ਸਰਕਾਰ ਨੂੰ ਸਿਫ਼ਾਰਸ਼ ਕਰ ਦਿੱਤਾ।
ਇੱਕ ਅੰਗ਼ਰੇਜੀ ਅਖਬਾਰ ਨੇ ਇਹ ਖ਼ਬਰ ਸਭ ਤੋਂ ਪਹਿਲਾਂ ਲਾਈ। ਨਾਲ ਲੱਗੀ ਫੋਟੋ ਪੁੱਠੀ ਪੱਗ ਵਾਲੀ ਸੀ। ਚੰਗਾ ਨਾ ਲੱਗਿਆ ਇਹ ਅਲਗ਼ਰਜ਼ ਵਤੀਰਾ।
ਦੂਸਰੇ ਦਿਨ ਉਹ ਅਹੁਦਾ ਸੰਭਾਲਣ ਆਏ ਤਾਂ ਸੁਆਗਤੀ ਕਤਾਰ ਵਿੱਚ ਸਾਡੇ ਸੰਚਾਰ ਕੇਂਦਰ ਦੇ ਸਭ ਅਧਿਕਾਰੀ ਸਨ। ਮੈਂ ਵੀ ਗੁੱਤ ਨਾਲ ਪਰਾਂਦੇ ਵਾਂਗ ਹਾਜ਼ਰ ਸਾਂ। ਉਸੇ ਦਿਨ ਹੀ ਭੁਮੀ ਵਿਗਿਆਨ ਸਬੰਧੀ ਕੋਈ ਕੌਮੀ ਸਾਲਾਨਾ ਕਾਨਫਰੰਸ ਸੀ। ਉਹ ਉਸ ਦੇ ਉਦਘਾਟਨੀ ਸਮਾਗਮ ਲਈ ਗਏ। ਸੁਖਦੇਵ ਸਿੰਘ ਭਵਨ ਵਿੱਚ ਸਾਰੇ ਡੈਲੀਗੇਟਸ ਨਾਲ ਖਾਣਾ ਖਾ ਕੇ ਕੁਝ ਪਲਾਂ ਲਈ ਆਰਾਮ ਕਰਨ ਉਨ੍ਹਾਂ ਸਟਨ ਹਾਊਸ ਜਾਣਾ ਸੀ।
ਪੰਜਾਬੀ ਟ੍ਰਿਬਿਉਨ ਪ੍ਰਤੀਨਿਧ ਸਤਿਬੀਰ ਸਿੰਘ ਸਿੱਧੂ ਉਨ੍ਹਾਂ ਦੀ ਇੰਟਰਵਿਊ ਕਰਕੇ ਆਪਣੇ ਅਖ਼ਬਾਰ ਨੂੰ ਭੇਜਣਾ ਚਾਹੁੰਦਾ ਸੀ। ਮੈਂ ਨੇੜੇ ਜਾ ਕੇ ਮੀਡੀਆ ਦੀ ਇਹ ਲੋੜ ਦੱਸੀ ਤਾਂ ਮੁਸਕਰਾ ਕੇ ਬੋਲੇ ਕਿ ਸਟਨ ਹਾਊਸ ਹੀ ਆ ਜਾਉ।
ਮੈਂ ਤੇ ਸਤਿਬੀਰ ਸਟਨ ਹਾਊਸ ਚਲੇ ਗਏ। ਡਾ. ਸਾਹਿਬ ਨਾਲ ਅੰਗ੍ਰੇਜ਼ੀ ਅਖ਼ਬਾਰ ਵਿੱਚ ਛਪੀ ਪੁੱਠੀ ਪੱਗ ਦਾ ਜ਼ਿਕਰ ਚੱਲਿਆ ਤਾਂ ਉਹ ਬੋਲੇ ਕਿ ਮੈਨੂੰ ਤਸਵੀਰਾਂ ਖਿਚਵਾਉਣ ਦਾ ਬਹੁਤਾ ਸ਼ੌਕ ਨਹੀਂ।
ਮੈਂ ਆਪਣੀ ਆਦਤ ਤੋਂ ਮਜਬੂਰ ਸਾਂ। ਮੈਂ ਕਿਹਾ ਕਿ ਡਾਕਟਰ ਸਾਹਿਬ, ਹੁਣ ਤੁਸੀਂ ਯੂਨੀਵਰਸਿਟੀ ਦੀ ਦਸਤਾਰ ਹੋ, ਪਹਿਲਾਂ ਗੱਲ ਹੋਰ ਸੀ, ਹੁਣ ਹੋਰ। ਜੇ ਪ੍ਰਵਾਨਗੀ ਦਿਉ ਤਾਂ ਆਪਣੇ ਫੋਟੋ ਕਲਾਕਾਰ ਮਿੱਤਰ ਤੇਜ ਪ੍ਰਤਾਪ ਸਿੰਘ ਸੰਧੂ ਨੂੰ ਫੋਟੋ ਸੈਸ਼ਨ ਲਈ ਬੇਨਤੀ ਕਰਾਂ। ਉਹ ਕਹਿਣ ਲੱਗੇ ਕਿ ਕਿੱਥੇ ਹੈ ਉਹ ਸੱਜਣ। ਮੈਂ ਦੱਸਿਆ ਕਿ ਫੀਰੋਜ਼ਪੁਰ ਰੋਡ ਤੇ ਉਸ ਦਾ ਸੰਧੂ ਸਟੁਡੀਉ ਹੈ।
ਮੈਨੂੰ ਚੰਗੀ ਖੇਤੀ ਲਈ ਵੀ ਚੰਗੀ ਤਸਵੀਰ ਚਾਹੀਦੀ ਸੀ। ਉਹ ਬੋਲੇ ਕਿ ਹੁਣੇ ਚੱਲਦੇ ਹਾਂ। ਤੁਰਨ ਲੱਗਿਆਂ ਮੈਂ ਸੰਧੂ ਸਾਹਿਬ ਨੂੰ ਸੂਚਿਤ ਕੀਤਾ ਕਿ ਡਾ. ਕਾਲਕਟ ਆ ਰਹੇ ਹਨ ਸਟੁਡੀਓ। ਮੈਂ ਡਾ. ਕਾਲਕਟ ਦੀ ਸਾਦਗੀ ਤੇ ਤੱਤਫੱਟ ਫੈਸਲੇ ਤੋਂ ਹੈਰਾਨ ਸਾਂ।
ਤਸਵੀਰਾਂ ਕਈ ਖਿੱਚੀਆਂ ਪਰ ਆਹ ਮਿੱਠੀ ਮਿਨ੍ਹੀ ਮੁਸਕਾਨ ਵਾਲੀ ਫੋਟੋ ਸਾਨੂੰ ਲੱਭ ਨੂੰ ਪਸੰਦ ਆਈ। ਇਹੀ ਤਸਵੀਰ ਡਾ. ਕਾਲਕਟ ਨੂੰ ਵੀ ਚੰਗੀ ਲੱਗੀ।
ਹੁਣ ਤੀਕ ਇਹੀ ਤਸਵੀਰ ਛਪਦੀ ਹੈ ਉਨ੍ਹਾਂ ਦੀ। ਡਾ. ਰਣਜੀਤ ਸਿੰਘ ਜੀ ਨੇ ਮਾਡਰਨ ਖੇਤੀ ਦੇ ਮੁੱਖ ਪੰਨੇ ਤੇ ਇਹੀ ਤਸਵੀਰ ਛਪਵਾਈ, ਲੇਖ ਸਮੇਤ।
ਡਾ. ਕਾਲਕਟ ਜੀ ਦਾ ਬਾਬਲਮੁਖੀ ਸਨੇਹ ਸਭਨਾਂ ਲਈ ਇੱਕੋ ਜਿਹਾ ਸੀ। ਡੀਨ ਡਾਇਰੈਕਟਰਜ਼ ਤੇ ਸੇਵਾਦਾਰਾਂ ਲਈ ਵੀ ਇੱਕੋ ਅੱਖ ਰੱਖਦੇ।
ਉਨ੍ਹਾਂਵੱਲੋਂ ਮਿਲੀ ਇਹ ਸਿੱਖਿਆ ਮੈਂ ਹੁਣ ਤੀਕ ਵਰਤ ਰਿਹਾ, ਉਹ ਕਹਿੰਦੇ ਹੁੰਦੇ ਸਨ ਕਿ ਸਲਾਦ ਤੇ ਕਦੇ ਲੂਣ ਨਾ ਧੂੜੋ ਨਾ ਨਿੰਬੂ ਨਿਚੋੜੇ। ਜੀਭ ਨੂੰ ਅਸਲ ਸੁਆਦ ਚੇਤੇ ਨਹੀਂ ਰਹਿੰਦਾ।
ਅਸਰ ਕਹਿੰਦੇ ਕਿ ਜ਼ਹਿਰ ਮੁਕਤ ਸਬਜ਼ੀ ਦੀ ਪਛਾਣ ਇਹ ਹੈ ਕਿ ਉਹ ਕਾਣੀ ਹੁੰਦੀ ਹੈ। ਕਾਣਾ ਹਿੱਸਾ ਕੱਟ ਕੇ ਸੁੱਟ ਦਿਉ ਪਰ ਅੰਨ੍ਹੇ ਵਾਰ ਜ਼ਹਿਰ ਗੜੁੱਚ ਸਬਜ਼ੀ ਨਾ ਖ਼ਰੀਦੋ ਕਿ ਇਸ ਵਿੱਚ ਮੋਰੀ ਨਹੀਂ। ਅੱਵਲ ਤਾਂ ਘਰ ਜੋਗੀ ਸਬਜ਼ੀ ਆਪ ਖ਼ਰੀਦੋ।
ਉਨ੍ਹਾਂ ਬਾਰੇ ਜੇ ਅੱਜ ਡਾ. ਕ ਸ ਔਲਖ ਲੇਖ ਨਾ ਲਿਖਦੇ ਤਾਂ ਮੈਨੂੰ ਵੀ ਇਹ ਗੱਲਾਂ ਯਾਦ ਨਹੀਂ ਸੀ ਆਉਣੀਆਂ।
ਇਸ ਅਣਗਹਿਲੀ ਦਾ ਅਹਿਸਾਸ ਕਰਦਿਆਂ ਮੈਨੂੰ ਡਾ. ਸੁਰਜੀਤ ਪਾਤਰ ਜੀ ਦੀ ਗ਼ਜ਼ਲ ਦਾ ਇਹ ਸ਼ਿਅਰ ਯਾਦ ਆ ਰਿਹੈ।
ਰੇਤਾ ਉੱਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਪਲ ਲੱਗਦੇ ਨੇ,
ਕਿੰਨੀ ਛੇਤੀ ਭੁੱਲ ਗਏ ਮੈਨੂੰ, ਤੇਰੇ ਯਾਰ ਨਗਰ ਦੇ ਲੋਕ।
ਬਾਕੀ ਕਦੇ ਫਿਰ ਸਹੀ
City Air News 


