ਡਿਪਟੀ ਕਮਿਸ਼ਨਰ  ਤੇ ਐਸ.ਐਸ.ਪੀ ਨੇ ਸਰਕਾਰ ਵੱਲੋਂ ਗਠਿਤ ਕਮੇਟੀਆਂ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ

ਕਮੇਟੀ ਮੈਂਬਰ ਪਿੰਡਾਂ, ਧਰਨੇ ਵਾਲੀ ਥਾਂ ਤੇ ਜਾ ਕੇ ਕਿਸਾਨਾਂ/ਲੋਕਾਂ ਦੀ ਗੱਲਬਾਤ ਸੁਣਨ

ਡਿਪਟੀ ਕਮਿਸ਼ਨਰ  ਤੇ ਐਸ.ਐਸ.ਪੀ ਨੇ ਸਰਕਾਰ ਵੱਲੋਂ ਗਠਿਤ ਕਮੇਟੀਆਂ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ

ਪਿੰਡਾਂ ਦੇ ਲੋਕਾਂ ਵੱਲੋਂ ਦੱਸੀਆਂ ਜਾਂਦੀਆਂ ਥਾਵਾਂ ਤੇ ਵੀ ਜਾ ਕੇ ਲਏ ਜਾਣ ਸੈਂਪਲ

ਫਿਰੋਜ਼ਪੁਰ, 25 ਦਸੰਬਰ, 2022: ਜ਼ੀਰਾ ਵਿਖੇ ਸਥਿਤ ਸ਼ਰਾਬ ਫੈਕਟਰੀ (ਮਾਲਬਰੋਜ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ) ਦੇ ਮਸਲੇ ਸਬੰਧੀ ਸਰਕਾਰ ਵੱਲੋਂ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਐਸਐਸਪੀ ਫਿਰੋਜ਼ਪੁਰ ਕੰਵਰਦੀਪ ਕੌਰ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਫੈਕਟਰੀ ਦੇ ਮਸਲੇ ਸਬੰਧੀ ਜਾਂਚ ਲਈ ਜੋ ਕਮੇਟੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਵੱਲੋਂ ਫ਼ੈਕਟਰੀ ਦੇ ਲਾਗਲੇ ਲਗਭਗ 44 ਪਿੰਡਾਂ ਵਿਚ ਪਾਣੀ, ਸਿਹਤ, ਪਸ਼ੂਆਂ ਅਤੇ ਫਸਲਾਂ ਆਦਿ ਸਮੱਸਿਆਵਾਂ ਸਬੰਧੀ ਜਾਂਚ ਪੜਤਾਲ ਜਾਰੀ ਹੈ।ਉਨ੍ਹਾਂ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਿਹੜੇ ਵੀ ਪਿੰਡਾਂ ਵਿਚ ਜਾਂਚ ਲਈ ਜਾਂਦੇ ਹਨ ਪਹਿਲਾ ਉਥੋਂ ਦੇ ਕਿਸਾਨਾਂ/ਲੋਕਾਂ ਦੀ ਚੰਗੀ ਤਰ੍ਹਾਂ ਗੱਲਬਾਤ ਸੁਣਨ ਅਤੇ ਫਿਰ ਉਸ ਸਬੰਧੀ ਆਪਣੀ ਰਿਪੋਰਟ ਸਰਕਾਰ ਨੂੰ ਦੇਣ।        

ਇਸ ਦੌਰਾਨ ਐਸਐਸਪੀ ਕੰਵਰਦੀਪ ਕੌਰ ਨੇ ਵੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮੇਟੀ ਮੈਂਬਰ ਆਪਣਾ ਕੰਮ ਇਸ ਤਰ੍ਹਾਂ ਕਰਨ ਕਿ ਪਿੰਡਾਂ ਦੇ ਕਿਸਾਨਾਂ/ਲੋਕਾਂ ਦਾ ਵਿਸ਼ਵਾਸ ਬਣੇ ਕਿ ਉਹ ਉਨ੍ਹਾਂ ਦੇ ਲਈ ਹੀ ਇੱਥੇ ਆਏ ਹਨ ਅਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਮਸਲੇ ਦੇ ਹੱਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਕਿਸੇ ਨਿਸ਼ਚਿਤ ਸਥਾਨ ਤੇ ਗੰਦੇ ਪਾਣੀ ਜਾਂ ਕੋਈ ਬਿਮਾਰੀ ਬਾਰੇ ਦੱਸਦੇ ਹਨ ਤਾਂ ਉਹ ਉਨ੍ਹਾਂ ਵੱਲੋਂ ਦਸੀ ਜਗ੍ਹਾਂ ਤੇ ਜਾ ਕੇ ਜਾਂਚ ਪੜਤਾਲ ਕਰਨ। ਇਸ ਤੋਂ ਇਲਾਵਾ ਜਿਥੇ ਕੋਈ ਘਰ ਵਿਚ ਕੈਂਸਰ, ਹੈਪੇਟਾਈਟਜ ਆਦਿ ਬਿਮਾਰੀ ਨਾਲ ਪੀੜਿਤ ਹੈ ਉਸ ਘਰ ਆਦਿ ਵਿਚ ਜਾ ਕੇ ਪਾਣੀ ਆਦਿ ਦੇ ਸੈਂਪਲ ਲੈਣ। ਉਨ੍ਹਾਂ ਕਿਹਾ ਕਿ ਬੜੇ ਸਹਿਜ ਸੁਭਾਅ ਅਤੇ ਵਧੀਆ ਢੰਗ ਨਾਲ ਲੋਕਾਂ ਦੀਆਂ ਸ਼ਿਕਾਇਤਾਂ/ਮੁਸ਼ਕਲਾਂ ਸੁਣਨ ਤਾਂ ਜੋ ਅਮਨ ਸ਼ਾਤੀ ਬਣੀ ਰਹੇ ਅਤੇ ਇਸ ਮਸਲੇ ਦਾ ਜਲਦੀ ਹੱਲ ਹੋ ਸਕੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਰੁਣ ਕੁਮਾਰ ਸਮੇਤ ਸਮੂਹ ਕਮੇਟੀਆਂ ਦੇ ਅਧਿਕਾਰੀ ਅਤੇ ਮੈਂਬਰ ਹਾਜ਼ਰ ਵੀ ਹਾਜ਼ਰ ਸਨ।