ਮਨੁੱਖਤਾ ਦੀ ਸੇਵਾ ਲਈ ਖੂਨਦਾਨ ਸਭ ਤੋਂ ਵਧੀਆ ਜ਼ਰੀਆ - ਵਿਧਾਇਕ ਭੋਲਾ ਗਰੇਵਾਲ

ਮਨੁੱਖਤਾ ਦੀ ਸੇਵਾ ਲਈ ਖੂਨਦਾਨ ਸਭ ਤੋਂ ਵਧੀਆ ਜ਼ਰੀਆ - ਵਿਧਾਇਕ ਭੋਲਾ ਗਰੇਵਾਲ

ਲੁਧਿਆਣਾ, 30 ਅਕਤੂਬਰ, 2022: ਮਨੁੱਖਤਾ ਦੀ ਸੇਵਾ ਲਈ ਖੂਨਦਾਨ ਸਭ ਤੋਂ ਵਧੀਆ ਜ਼ਰੀਆ ਹੈ, ਸਾਨੂੰ ਸਾਰਿਆ ਨੂੰ ਇਸ ਨੇਕ ਕਾਰਜ਼ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਗੱਲ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਸਥਾਨਕ ਗੁਰਦੁਆਰਾ ਸੰਗਤਸਰ, ਮਾਯਾਪੂਰੀ, ਟਿੱਬਾ ਰੋਡ ਲੁਧਿਆਣਾ (ਆਪਣੇ ਦਫ਼ਤਰ ਦੇ ਸਾਹਮਣੇ) ਵਿਖੇ ਖੂਨਦਾਨ ਕੈਂਪ ਅਤੇ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਦੌਰਾਨ ਕੀਤਾ।

ਵਿਧਾਇਕ ਭੋਲਾ ਗਰੇਵਾਲ ਦੀ ਅਗਵਾਈ ਵਿੱਚ ਆਯੋਜਿਤ ਕੈਂਪ ਮੌਕੇ ਕਰੀਬ 300 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀਆਂ ਅੱਖਾਂ ਦੀ ਵੀ ਜਾਂਚ ਕਰਵਾਈ।
 
ਇਸ ਕੈਂਪ ਲਈ 'ਬਲੱਡ ਡੋਨਰ ਫੈਮਿਲੀ', ਬਲੱਡ ਸੇਵਾ ਫੈਮਿਲੀ', ਡੋਨੇਟ ਬਲੱਡ ਟੂ ਡੋਨੇਟ ਲਾਈਫ ਅਤੇ ਬੀ.ਐਲ.ਐਫ. ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।

ਕੈਂਪ ਦੌਰਾਨ ਜੁੜੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਭੋਲਾ ਗਰੇਵਾਲ ਨੇ ਕਿਹਾ ਕਿ ਜੇਕਰ ਬੰਦੇ ਨੇ ਮਨੁੱਖਤਾ ਦੀ ਸੇਵਾ ਕਰਨੀ ਹੋਵੇ ਤਾਂ ਖੂਨਦਾਨ ਸਭ ਤੋਂ ਵੱਡੀ ਸੇਵਾ ਮੰਨੀ ਗਈ ਹੈ। ਉਹਨਾਂ ਕਿਹਾ ਕਿ ਭਾਵੇਂਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਪਰ ਫੇਰ ਵੀ ਖੂਨ ਦੀ ਘਾਟ ਦਾਨੀ ਲੋਕਾਂ ਦੇ ਸਹਿਯੋਗ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੇ ਹਨ।

ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੂਨ ਦਾਨ ਕਰਨ ਲਈ ਅੱਗੇ ਆਉਣ ਤਾਂ ਜੌ ਖੂਨ ਦੀ ਕਮੀ ਕਾਰਨ ਆਪਣੀ ਜਿੰਦਗੀ ਗੁਆਉਣ ਵਾਲੇ ਲੋੜਵੰਦਾਂ ਨੂੰ ਬਚਾਇਆ ਜਾ ਸਕੇ।