ਕੋਰੋਨਾ ਨਾਲ ਲੜ ਰਹੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ, ਰਾਹੋਂ, ਮੁਕੰਦਪੁਰ ਤੇ ਬੰਗਾ ਦੇ ਹਸਪਤਾਲਾਂ ’ਚ ਗੂੰਜਦੀਆਂ ਰਹੀਆਂ ਨਵਜੰਮਿਆਂ ਦੀ ਕਿਲਕਾਰੀਆਂ

ਲਾਕਡਾਊਨ ਪੀਰੀਅਡ ਦੌਰਾਨ ਬਲਾਚੌਰ ’ਚ 207 ਜਣੇਪੇ ਕਰਵਾਏ ਗਏ

ਕੋਰੋਨਾ ਨਾਲ ਲੜ ਰਹੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ, ਰਾਹੋਂ, ਮੁਕੰਦਪੁਰ ਤੇ ਬੰਗਾ ਦੇ ਹਸਪਤਾਲਾਂ ’ਚ ਗੂੰਜਦੀਆਂ ਰਹੀਆਂ ਨਵਜੰਮਿਆਂ ਦੀ ਕਿਲਕਾਰੀਆਂ
ਤਸਵੀਰ ’ਚ ਓ ਪੀ ਡੀ ਦੌਰਾਨ ਡਾਕਟਰ ਮਹਿਲਾ ਮਰੀਜ਼ਾਂ ਦਾ ਚੈਕ ਅਪ ਕਰਦੇ ਹੋਏ।

ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਦਾ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਦੋਂ ਜ਼ਿਲ੍ਹੇ ਨੂੰ ਕੋਰੋਨਾ ਦੇ ਪ੍ਰਛਾਵੇਂ ’ਚੋਂ ਬਾਹਰ ਕੱਢਣ ਲਈ ਯਤਨਸ਼ੀਲ ਸਨ ਤਾਂ ਦੂਸਰੇ ਪਾਸੇ ਜ਼ਿਲ੍ਹੇ ਦੇ ਦੋ ਸਰਕਾਰੀ ਹਸਪਤਾਲਾਂ, ਬਲਾਚੌਰ ਅਤੇ ਰਾਹੋਂ ਵਿੱਚ ਨਵਜੰਮਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਸਨ।
ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਕੋੋਰੋਨਾ ਪੀੜਤਾਂ ਦੇ ਇਲਾਜ ਲਈ ਰਾਖਵਾਂ ਕਰ ਦਿੱਤੇ ਜਾਣ ਬਾਅਦ ਸਿਹਤ ਵਿਭਾਗ ਵੱਲੋਂ ਸਬ ਡਵੀਜ਼ਨ ਹਸਪਤਾਲ ਬਲਾਚੌਰ ਅਤੇ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਜਣੇਪਾ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਸਨ। ਇਸ ਲਾਕਡਾਊਨ ਪੀਰੀਅਡ ਦੌਰਾਨ ਜਿੱਥੇ ਬਲਾਚੌਰ ਦੇ ਸਰਕਾਰੀ ਹਸਪਤਾਲ ’ਚ 145 ਨਵਜਨਮੇ ਬੱਚਿਆਂ ਨੇ ਅੱਖਾਂ ਖੋਲ੍ਹੀਆਂ ਉੱਥੇ ਰਾਹੋਂ ’ਚ ਲਾਕਡਾਊਨ ਸਮੇਂ ਤੋਂ ਹੁਣ ਤੱਕ 32 ਨਵਜਨਮੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਇਸੇ ਤਰ੍ਹਾਂ ਮੁਕੰਦਪੁਰ ਦੇ ਸਰਕਾਰੀ ਹਸਪਤਾਲ ’ਚ 21 ਅਤੇ ਬੰਗਾ ਦੇ ਸਰਕਾਰੀ ਹਸਪਤਾਲ ’ਚ 9 ਘਰਾਂ ’ਚ ਨਵੇਂ ਜੀਆਂ ਦੀ ਆਮਦ ਨਾਲ ਖੁਸ਼ੀਆਂ ਦੀ ਛਹਿਬਰ ਲੱਗੀ।
ਐਮ ਐਮ ਓ ਬਲਾਚੌਰ ਡਾ. ਰਵਿੰਦਰ ਕੁਮਾਰ ਠਾਕੁਰ ਅਨੁਸਾਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਆਈਸੋਲੇਸ਼ਨ ਵਾਰਡ ’ਚ ਤਬਦੀਲ ਹੋਣ ਕਾਰਨ, ਬਲਾਚੌਰ ਸਬ ਡਵੀਜ਼ਨਲ ਹਸਪਤਾਲ ਹੋਣ ਕਾਰਨ ਅਤੇ ਬਲਾਚੌਰ ਦਾ ਸਮੁੱਚਾ ਇਲਾਕਾ ਇਸੇ ਹਸਪਤਾਲ ’ਤੇ ਇਲਾਜ ਲਈ ਨਿਰਭਰ ਹੋਣ ਕਾਰਨ ਤੇ ਤੀਸਰਾ ਜ਼ਿਲ੍ਹੇ ਦੀ ਜ਼ਿਆਦਾਤਰ ਓ ਪੀ ਡੀ ਦਾ ਭਾਰ ਵੀ ਇੱਥੇ ਹੀ ਪੈਣ ਕਾਰਨ, ਉਨ੍ਹਾਂ ਅਤੇ ਸਟਾਫ਼ ਲਈ ਜਣੇਪੇ ਕਰਵਾਉਣਾ ਕਿਸੇ ਚਣੌਤੀ ਤੋਂ ਘੱਟ ਨਹੀਂ ਸੀ। ਪਰ ਉਨ੍ਹਾਂ ਦੇ ਹਸਪਤਾਲ ਦੇ ਪ੍ਰਤੀਬੱਧ ਸਟਾਫ਼ ਨੇ ਜ਼ਿਲ੍ਹੇ ’ਤੇ ਪਈ ਇਸ ਮੁਸ਼ਕਿਲ ਦੀ ਘੜੀ ’ਚ ਆਪਣਾ ਫ਼ਰਜ਼ ਬਾਖੂਬੀ ਨਿਭਾਇਆ। ਹਸਪਤਾਲ ’ਚ 23 ਮਾਰਚ ਤੋਂ 24 ਅਪਰੈਲ ਤੱਕ ਹੋਏ 145 ਜਣੇਪਿਆਂ ’ਚੋਂ 103 ਆਮ ਸਨ ਜਦਕਿ 42 ’ਚ ਸੀਜੇਰੀਅਨ ਸਨ ਪਰੰਤੂ ਗਾਇਨੀ ਡਾ. ਦੁਪਾਲੀ, ਡਾ. ਮਨਦੀਪ ਕਮਲ, ਬੇਹੋਸ਼ੀ ਮਾਹਿਰ ਡਾ. ਸੁਖਜੀਤ ਪਾਲ ਕੌਰ, ਬੱਚਿਆਂ ਦੇ ਮਾਹਿਰ ਡਾ. ਦਵਿੰਦਰ ਤੇ ਨਰਸਿੰਗ ਸਟਾਫ਼ ਨੇ ਪੂਰੇ ਪੇਸ਼ੇਵਰ ਤਰੀਕੇ ਤੇ ਮਾਨਵੀ ਸੰਵੇਦਨਾ ਨਾਲ ਇਨ੍ਹਾਂ ਨੂੰ ਸਿਰੇ ਚੜ੍ਹਾਇਆ ਗਿਆ।  
ਕਮਿਊਨਿਟੀ ਹੈਲਥ ਸੈਂਟਰ ਰਾਹੋਂ ਦੇ ਐਸ ਐਮ ਓ ਡਾ. ੳੂਸ਼ਾ ਕਿਰਨ ਦੱਸਦੇ ਹਨ ਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਬਣਨ ਬਾਅਦ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਵੱਲੋਂ ਓ ਪੀ ਡੀ ਤੇ ਜਣੇਪਿਆਂ ਲਈ ਨਿਰਧਾਰਿਤ ਕੀਤੇ ਗਏ ਹਸਪਤਾਲਾਂ ’ਚ ਉਨ੍ਹਾਂ ਦਾ ਹਸਪਤਾਲ ਵੀ ਸ਼ਾਮਿਲ ਕੀਤਾ ਗਿਆ ਸੀ। ਲਾਕਡਾਊਨ ਪੀਰੀਅਡ ਹੋਣ ਕਾਰਨ ਅਤੇ ਕੋਰੋਨਾ ਦੀ ਦਹਿਸ਼ਤ ਦਾ ਪ੍ਰਛਾਵਾਂ ਹੋਣ ਕਾਰਨ ਜਦੋਂ ਡਾਕਟਰ ਦਾ ਮਰੀਜ਼ਾਂ ਦੇ ਨੇੜੇ ਆਉਣਾ ਖਤਰਨਾਕ ਸਮਝਿਆ ਜਾਣ ਲੱਗ ਪਿਆ ਸੀ ਤਾਂ ਵੀ ਉਨ੍ਹਾਂ ਦੇ ਮੇਹਨਤੀ ਸਟਾਫ਼ ਨੇ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਲਾਕਡਾਊਨ ਸਮੇਂ ਦੌਰਾਨ 32 ਜਣੇਪੇ ਕਰਵਾਏ ਅਤੇ ਉਹ ਵੀ ਸਾਰੇ ਨਾਰਮਲ (ਬਿਨਾਂ ਸੀਜੇਰੀਅਨ) ਢੰਗ ਨਾਲ।
ਡਾ. ਰਬਿੰਦਰ ਸਿੰਘ ਐਸ ਐਮ ਓ ਕਮਿਊਨਿਟੀ ਹੈਲਥ ਸੈਂਟਰ ਮੁਕੰਦਪੁਰ ਦੱਸਦੇ ਹਨ ਕਿ ਉਨ੍ਹਾਂ ਦਾ ਹਸਪਤਾਲ ਵੀ ਕੋਵਿਡ ਕਾਰਨ ਕੀਤੇ ਗਏ ਲਾਕਡਾਊਨ ਦੌਰਾਨ ਓ ਪੀ ਡੀ ਤੇ ਜਣੇਪਾ ਸੇਵਾਵਾਂ ਦੇਣ ਲਈ ਨਿਰਧਾਰਿਤ ਕੀਤਾ ਗਿਆ ਸੀ। ਇਸ ਸਮੇਂ ਦੌਰਾਨ 23 ਮਾਰਚ ਤੋਂ 24 ਅਪਰੈਲ ਤੱਕ 21 ਜਣੇਪੇ ਨਾਰਮਲ ਢੰਗ ਨਾਲ ਕਰਵਾਏ ਗਏ ਅਤੇ ਕੋਰੋਨਾ ਦੀ ਦਹਿਸ਼ਤ ਦੇ ਮਾਹੌਲ ’ਚ ਵੀ ਸਟਾਫ਼ ਨੇ ਆਪਣੀ ਡਿਊਟੀ ਪ੍ਰਤੀ ਪੂਰਣ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਸੀ ਐਚ ਸੀ ਬੰਗਾ ਦੀ ਐਸ ਐਮ ਓ ਡਾ. ਕਵਿਤਾ ਭਾਟੀਆ ਅਨੁਸਾਰ ਉਨ੍ਹਾਂ ਦੇ ਹਸਪਤਾਲ ’ਚ ਮਹਿਲਾ ਰੋਗਾਂ ਦੀ ਮਾਹਿਰ ਦੇ ਛੁੱਟੀ ’ਤੇ ਹੋਣ ਦੇ ਬਾਵਜੂਦ 9 ਜਣੇਪੇ ਕਰਵਾਏ ਗਏ ਅਤੇ ਹੁਣ ਡਾਕਟਰ ਦੇ ਛੁੱਟੀ ਤੋਂ ਵਾਪਸ ਆਉਣ ਨਾਲ ਇਨ੍ਹਾਂ ’ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਅਨੁਸਾਰ ਇੱਕ ਪਾਸੇ ਜ਼ਿਲ੍ਹੇ ਦਾ ਸਮੁੱਚਾ ਮੈਡੀਕਲ ਅਮਲਾ ਜਦੋਂ ਕੋਵਿਡ ਨਾਲ ਜੂਝ ਰਿਹਾ ਸੀ ਤਾਂ ਦੂਜੇ ਪਾਸੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਆਪਣੀ ਆਮ ਲੋਕਾਂ ਨੂੰ ਇਲਾਜ ਦੇਣ ਦੀ ਜ਼ਿੰਮੇਂਵਾਰੀ ਵੀ ਤਨਦੇਹੀ ਨਾਲ ਨਿਭਾਅ ਰਹੇ ਸਨ, ਜੋ ਕਿ ਇਨ੍ਹਾਂ ਦੀ ਸੰਕਟਕਾਲੀਨ ਸਮੇਂ ’ਚ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ।