ਕਿਸਾਨਾਂ ਨੂੰ ਬਗੈਰ ਅੱਗ ਲਾਏ ਸੁਪਰ ਸੀਡਰ ਤੇ ਹੈਪੀ ਸੀਡਰ ਨਾਲ ਹੀ ਕਣਕ ਦੀ ਬਿਜਾਈ ਕਰਨ ਦੀ ਅਪੀਲ

ਕਿਸਾਨਾਂ ਨੂੰ ਬਗੈਰ ਅੱਗ ਲਾਏ ਸੁਪਰ ਸੀਡਰ ਤੇ ਹੈਪੀ ਸੀਡਰ ਨਾਲ ਹੀ ਕਣਕ ਦੀ ਬਿਜਾਈ ਕਰਨ ਦੀ ਅਪੀਲ

ਮਾਲੇਰਕੋਟਲਾ 24 ਅਕਤੂਬਰ, 2023: ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕਿਸਾਨਾਂ ਨੂੰ ਨਾੜ ਨੂੰ ਅੱਗ ਲਾਏ ਬਗੈਰ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਰਨ ਅਤੇ ਜਿੱਥੇ ਕਿਤੇ ਸਰਫੇਸ ਸੀਡਰ ਉਪਲਬੱਧ ਹਨ, ਉਥੇ ਕਣਕ ਦੀ ਬਿਜਾਈ ਸਰਫੇਸ ਸੀਡਰ ਨਾਲ  ਕਰਵਾਉਣ ਦੀ ਅਪੀਲ ਕੀਤੀ ਕਰਦਿਆ ਕਿਹਾ ਕਿ ਸਰਕਾਰ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਖੇਤੀਬਾੜੀ ਸੰਦ ਵਿਅਕਤੀਗਤ ਕਿਸਾਨਾ ਨੂੰ 50 ਫੀਸਦੀ ਅਤੇ ਸਹਿਕਾਰੀ ਸਭਾਵਾਂ/ਪੰਚਾਇਤਾਂ ਨੂੰ 80ਫੀਂਸਦੀ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ । ਸਾਨੂੰ ਸਾਰਿਆਂ ਨੂੰ ਆਪਣਾ ਅਤੇ ਆਪਣੀਆਂ ਆਉਂਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਇਨ੍ਹਾਂ ਸੰਦਾ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ ।

ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ 1250 ਮਸ਼ੀਨਾਂ ਪਰਾਲੀ ਦੀ ਸਾਂਭ ਸੰਭਾਲ ਲਈ ਵਿਅਕਤੀਗਤ ਕਿਸਾਨਾਂ/ਕਿਸਾਨ ਗਰੁੱਪਾਂ/ ਪੰਚਾਇਤਾਂ ਅਤੇ ਸਹਿਕਾਰੀ ਸਭਾਵਾ ਨੂੰ ਸਬਸਿਡੀ ਤੇ ਦਿੱਤੀਆਂ ਹਨ। ਸਾਲ 2023 ਦੌਰਾਨ ਇਨ੍ਹਾਂ ਮਸ਼ੀਨਾਂ ਦੀ ਸੰਪੂਰਨ ਵਰਤੋਂ ਨੂੰ ਯਕੀਨੀ ਬਨਾਉਣ ਲਈ ਜ਼ਿਲ੍ਹੇ ਵਿੱਚ ਉਪਲਬੱਧ ਮਸ਼ੀਨਰੀ ਦੀ ਉਪ ਮੰਡਲ ਮੈਜਿਸਟਰੇਟਾਂ ਵੱਲੋਂ ਮਸ਼ੀਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ ਸੀਟੂ ਸੀ.ਆਰ.ਐਮ. ਸਕੀਮ ਸਾਲ 2023-24 ਅਧੀਨ ਹੁਣ ਤੱਕ 859 ਮਸ਼ੀਨਾਂ ਦੀ ਖ੍ਰੀਦ ਲਈ ਅਰਜੀਆਂ ਪ੍ਰਾਪਤ ਹੋਈਆਂ ਹਨ ਜਿਨਾਂ ਵਿੱਚੋਂ 83 ਪਰਾਲੀ ਦੀਆ ਗੰਢਾਂ ਬਨਾਉਣ ਵਾਲੀਆਂ ਮਸ਼ੀਨਾਂ ਬੇਲਰ/ ਰੈਕ ਦੀ ਸਬਸਿਡੀ ਤੇ ਖ੍ਰੀਦ ਲਈ ਅਰਜੀਆਂ ਪ੍ਰਾਪਤ ਹੋਈਆਂ ਹਨ।  ਹੁਣ ਤੱਕ ਕੁੱਲ 251 ਮਸ਼ੀਨਾਂ ਨੂੰ ਸਬਸਿਡੀ ਉੱਪਰ ਖਰੀਦਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ 147 ਮਸ਼ੀਨਾਂ ਕਿਸਾਨਾਂ ਵੱਲੋਂ ਖਰੀਦੀਆਂ ਜਾ ਚੁੱਕੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵਲੋਂ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਨਾਲ ਮਿਲ ਕੇ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿੱਚ ਪਰਾਲੀ ਦੀ ਸੁੱਝੇ ਪ੍ਰਬੰਧਨ ਕਰਨ ਲਈ ਕਿਸ਼ਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ  ਦੀਆਂ ਘਟਨਾਵਾਂ ਨੂੰ ਘਟਾਇਆ ਜਾ ਸਕੇ । 

ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸਾਲ 2023 ਦੌਰਾਨ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਪ੍ਰਸ਼ਾਸ਼ਨ ਵੱਲੋਂ  ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਧੀਨ ਉਪ ਮੰਡਲ ਮੈਜਿਸਟ੍ਰੇਟ ਅਹਿਮਦਗੜ੍ਹ/ਮਾਲੇਰਕੋਟਲਾ ਸ੍ਰੀ ਹਰਬੰਸ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਤੇ ਦਿੱਤੀਆਂ ਗਈਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਕੁੱਪ ਕਲਾ ਵਿਖੇ ਕੀਤੀ ਗਈ। ਇੱਥੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੂੰ  ਆਦੇਸ਼ ਦਿੱਤੇ ਗਏ ਕਿ  ਆਸ-ਪਾਸ ਦੇ ਪਿੰਡਾਂ ਵਿੱਚ ਲੋੜ ਵੰਦ ਕਿਸਾਨਾਂ ਨੂੰ ਵੀ  ਇਹ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ  ਤਾਂ ਜੋ ਵੱਧ ਤੋਂ ਵੱਧ ਪਰਾਲੀ ਦੀ ਸੰਭਾਲ ਕੀਤੀ ਜਾ ਸਕੇ।