ਹਰਭਜਨ ਹਲਵਾਰਵੀ ਨੂੰ ਮਿਲੇ ਨਿੱਜੀ ਖ਼ਤਾਂ ਦਾ ਅਖੁੱਟ ਭੰਡਾਰ ਪ੍ਰਕਾਸ਼ਿਤ
▪️ਗੁਰਭਜਨ ਗਿੱਲ
ਹਰਭਜਨ ਹਲਵਾਰਵੀ ਨੂੰ ਮਿਲੇ ਖ਼ਤਾ ਚਿੱਠੀਆਂ ਦਾ ਖ਼ਜ਼ਾਨਾ ਇੱਕ ਜਿਲਦ ਵਿੱਚ ਉਨ੍ਹਾਂ ਦੇ ਨਿੱਕੇ ਵੀਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਪ੍ਰੋਫੈਸਰ ਤੇ ਮੁਖੀ ਨੇ ਬੜੀ ਮਿਹਨਤ ਨਾਲ ਸੰਪਾਦਿਤ ਕੀਤੀ ਹੈ।
1004 ਪੰਨਿਆਂ ਦੀ ਇਸ ਕਿਤਾਬ ਦੀ ਭੂਮਿਕਾ ਬੜੀ ਮੁੱਲਵਾਨ ਹੈ ਕਿਉਂਕਿ ਨਵਤੇਜ ਦੇ ਕਹਿਣ ਮੁਤਾਬਕ ਚਿੱਠੀ ਪੱਤਰ ਸਿਰਫ਼ ਵਿਚਾਰਾਂ ਦਾ ਆਦਾਨ ਪ੍ਰਦਾਨ ਹੀ ਨਹੀਂ ਹੁੰਦਾ ਸਗੋਂ ਆਪਣੇ ਸਮਾਂਕਾਲ ਦਾ ਇਤਿਹਾਸ ਵੀ ਹੁੰਦਾ ਹੈ। ਯੂਨੀਸਟਾਰ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੀਆਂ ਲਗਪਗ 80ਫੀ ਸਦੀ ਚਿੱਠੀਆਂ ਤਾਂ ਬਿਲਕੁਲ ਸਾਫ਼ ਪੜ੍ਹੀਆਂ ਜਾਂਦੀਆਂ ਹਨ ਪਰ ਬਾਕੀ ਜਾਂ ਤਾਂ ਧੁੰਦਲੀਆਂ ਹਨ ਤੇ ਕੁਝ ਕੁ ਕਾਲ਼ੀਆਂ ਹੋ ਗਈਆਂ ਹਨ। ਨਵਤੇਜ ਸਿੰਘ ਨੇ ਇਸ ਪੁਸਤਕ ਦਾ ਨਾਮ “ਨਿੱਜੀ ਖ਼ਤ- ਪ੍ਰਸਥਿਤੀਆ ਅਤੇ ਇਤਿਹਾਸ”ਰੱਖਿਆ ਹੈ। ਨਾਮਕਰਨ ਵਿੱਚੋਂ ਹੀ ਕਿਤਾਬ ਦੇ ਆਭਾ ਮੰਡਲ ਦਾ ਪਤਾ ਲੱਗਦਾ ਹੈ। ਇਸ ਕਿਤਾਬ ਵਿੱਚ ਲਗਪਗ ਚਾਰ ਸੌ ਲੇਖਕਾਂ/ਪਾਠਕਾਂ ਤੇ ਕਦਰਦਾਨਾਂ ਦੇ ਪੱਤਰ ਹਨ ਪਰ ਬਹੁਤੇ ਪੱਤਰ ਵਰਿਆਮ ਸਿੰਘ ਸੰਧੂ, ਪਾਸ਼,ਸਵਰਗੀ ਹਰਜੀਤ ਸਿੰਘ ਮਾਂਗਟ,ਅਮਰ ਜਯੋਤੀ, ਅਜਮੇਰ ਰੋਡੇ, ਦੇਵ, ਕਰਨੈਲ ਸਿੰਘ ਸੋਮਲ ਤੋਂ ਇਲਾਵਾ ਇਕਬਾਲ ਰਾਮੂਵਾਲੀਆ, ਭੂਸ਼ਨ ਧਿਆਨਪੁਰੀ, ਗੁਰਦਿਆਲ ਸਿੰਘ ਤੇ ਰਾਮ ਸਰੂਪ ਅਣਖੀ ਜੀ ਦੇ ਹਨ।
ਇਸ ਕਿਤਾਬ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਮੈਲਿਕ ਹੱਥ ਲਿਖਤਾਂ ਵਾਲੀ ਕਿਤਾਬ ਹੈ। ਪੰਜਾਬੀ ਵਿੱਚ ਸ਼ਾਇਦ ਇਹ ਪਹਿਲੀ ਵੱਡ ਆਕਾਰੀ ਕਿਤਾਬ ਹੋਵੇ ਜਿਸ ਵਿੱਚ ਏਨੇ ਲਿਖਾਰੀਆਂ ਦੀਆਂ ਹੱਥ ਲਿਖਤਾਂ ਸੰਭਾਲੀਆਂ ਗਈਆਂ ਹੋਣ।
ਪਾਸ਼ ਦੀ ਚਿੱਟੀ ਤੋਂ ਹੀ ਮੈਨੂੰ ਪਹਿਲੀ ਵਾਰ ਪਤਾ ਲੱਗਾ ਹੈ ਕਿ ਆਰਥਿਕ ਤੰਗ-ਦਸਤੀ ਕਾਰਨ ਉਹ ਪੰਜਾਬੀ ਟ੍ਰਿਊਨ ਦਾ ਦੋਨਾ ਇਲਾਕੇ ਤੋਂ ਪੱਤਰਕਾਰ ਬਣਨਾ ਚਾਹੁੰਦਾ ਸੀ ਤਾਂ ਜੋ ਹਰ ਮਹੀਨੇ 100-50 ਰੁਪਏ ਮਿਲ ਸਕਣ। ਟਿਉਸ਼ਨਾਂ ਤਾਂ ਪੜ੍ਹਾਉਂਦਾ ਸੀ ਪਰ ਉਹ ਕੰਮ ਮੌਸਮੀ ਸੀ। ਉਹ ਅਤਿਅੰਤ ਭਾਵੁਕਤਾ ਵਿੱਚ ਇਹ ਵੀ ਲਿਖ ਗਿਆ ਕਿ ਕਈ ਵਾਰ ਤਾਂ ਪੈਸਿਆਂ ਲਈ ਪੁਲਸ ਦਾ ਟਾਊਟ ਬਣਨ ਨੂੰ ਦਿਲ ਕਰਦਾ ਹੈ।
ਪਾਸ਼ ਦਾ ਇਹ ਦੁੱਖ ਮੈਂ ਵੀ ਪਹਿਲੀ ਵਾਰ ਜਾਣਿਆ।
ਇਸ ਵਿੱਚ ਹੋਰ ਵੀ ਕਈ ਚਿਹਰੇ ਸਿਰਫ਼ ਅਖਬਾਰ ਵਿੱਚ ਛਪਣ ਲਈ ਬੇਪਰਦ ਰੁੰਦੇ ਨੇ।
ਹਰਭਜਨ ਹਲਵਾਰਵੀ ਨੂੰ ਲਿਖੇ ਖ਼ਤਾਂ ਤੇ ਚਿੱਠੀਆਂ ਦਾ ਪ੍ਰਕਾਸ਼ਨ ਕਰਕੇ ਨਵਤੇਜ ਸਿੰਘ ਨੇ ਬਹੁਤ ਮੁੱਲਵਾਨ ਕਾਰਜ ਕੀਤਾ ਹੈ।
ਇਹ ਗੱਲ ਕੁਝ ਕੁ ਅੱਖਰਦੀ ਹੈ ਕਿ ਹਰਭਨ ਹਲਵਾਰਵੀ ਜੀ ਦੇ ਕਰੜੇ ਸੰਘਰਸ਼ ਵੇਲੇ ਦੀ ਇੱਕ ਵੀ ਚਿੱਠੀ ਇੱਸ ਵਿੱਚ ਸ਼ਾਮਲ ਨਹੀਂ ਹੈ। ਹੋ ਸਕਦਾ ਹੈ ਪੁਲੀਸ ਜਬਰ ਵੇਲੇ ਦੀ ਡਾਕ ਘਰ ਵਿੱਚ ਸੁਰੇਖਤ ਨਾ ਰਹੀ ਹੋਵੇ।
1995ਰੁਪਏ ਕੀਮਤ ਵਾਲੀ ਇਹ ਕਿਤਾਬ ਲਾਇਬਰੇਰੀਆਂ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ।
ਨਵਤੇਜ ਸਿੰਘ ਅਤੇ ਯੂਨੀਸਟਾਰ ਦੇ ਸਾਈਂ ਹਰੀਸ਼ ਜੈਨ ਤੇ ਰੋਹਿਤ ਜੈਨ ਮੁਬਾਰਕ ਦੇ ਹੱਕਦਾਰ ਹਨ।
City Air News 

