ਓਰੇਗਨ ਸਟੇਟ ਦਾ ਵਾਈਲਡ ਲਾਈਫ ਸਫਾਰੀ:ਅਮਰੀਕਾ ਦੇ ਵਿੱਚ ਬੈਠਕੇ ਕੀਤੀ ਅਫਰੀਕਾ ਦੀ ਸੈਰ

ਓਰੇਗਨ ਸਟੇਟ ਦਾ ਵਾਈਲਡ ਲਾਈਫ ਸਫਾਰੀ:ਅਮਰੀਕਾ ਦੇ ਵਿੱਚ ਬੈਠਕੇ ਕੀਤੀ ਅਫਰੀਕਾ ਦੀ ਸੈਰ

ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ 

ਅਮਰੀਕਾ ਘੁੰਮਣ ਆਏ ਪੰਜਾਬੀਆਂ ਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਅਮਰੀਕਾ ਵਿੱਚ ਸਭ ਤੋਂ ਵੱਖਰਾ ਕੀ ਵੇਖਿਆ? ਜ਼ਿਆਦਾਤਰ ਲੋਕ ਡਿਜ਼ਨੀਲੈਂਡ ਜਾਂ ਗ੍ਰੈਂਡ ਕੈਨਿਯਨ ਦਾ ਨਾਮ ਲੈਂਦੇ ਹਨ। ਪਰ ਮੇਰੇ ਪਰਮ ਮਿੱਤਰ ਕਬੱਡੀ ਪ੍ਰਮੋਟਰ ਮਨਮੋਹਣ ਗਰੇਵਾਲ ਉਰਫ ਮੋਹਣਾ ਜੋਧਾਂ ਨੇ ਵਿਲੱਖਣ ਹੀ ਜਗ੍ਹਾ ਦਾ ਅਨਭਵ ਕਰਵਾਇਆ ਜਿਸ ਦਾ ਅਸਰ ਮੇਰੇ ਜਹਿਨ ਉੱਤੇ ਪੂਰੀ ਜਿੰਦਗੀ ਰਹੇਗਾ। ਆਮ ਤੌਰ ਤੇ ਅਫਰੀਕਾ ਦੇ ਵਿੱਚ ਜੰਗਲੀ ਪਾਰਕ ਦੇਖਣ ਵਾਲੇ ਹਨ ਪਰ ਅਸੀਂ ਅਮਰੀਕਾ ਚ ਬੈਠ ਕੇ ਅਫਰੀਕਾ ਵਾਲੀ ਸੈਰ ਕਰ ਲਈ ਹੈ।
 ਓਰੇਗਨ ਸਟੇਟ ਦੇ ਵਿੰਸਟਨ ਸ਼ਹਿਰ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਆਪਣੀ ਕਾਰ ਦੀ ਖਿੜਕੀ ਤੋਂ ਸ਼ੇਰ, ਚੀਤਾ ਅਤੇ ਜਿਰਾਫ ਨੂੰ ਹੱਥ ਲਾ ਸਕਦੇ ਹੋ। ਉਹ ਹੈ ਵਾਈਲਡਲਾਈਫ ਸਫਾਰੀ , ਇੱਕ ਉਹ ਜੰਗਲ ਜੋ ਜੰਗਲੀ ਜਾਨਵਰਾਂ   ਦੀ ਸਾਂਭ ਸੰਭਾਲ ਕਰਦਾ ਹੈ ਅਤੇ ਸਮਾਜ ਨੂੰ ਇੱਕ ਉਸਾਰੂ ਸੁਨੇਹਾ ਦਿੰਦਾ ਹੈ।


ਇਤਿਹਾਸ - ਇੱਕ ਬੰਦੇ ਦੇ ਸੁਪਨੇ ਤੋਂ ਸ਼ੁਰੂਆਤ:

ਵਾਈਲਡ ਲਾਈਫ ਸਫਾਰੀ ਦੀ  ਕਹਾਣੀ 1972 ਸ਼ੁਰੂ ਹੁੰਦੀ ਹੈ। ਫਰੈਂਕ ਹਾਰਟ ਨਾਮ ਦਾ ਇੱਕ ਗੋਰਾ ਕੁਦਰਤ ਪ੍ਰੇਮੀ ਅਕਸਰ ਅਫਰੀਕਾ ਜਾਂਦਾ ਸੀ। ਉਸਨੇ ਵੇਖਿਆ ਕਿ ਦੁਨੀਆਂ ਦੇ ਦੁਰਲੱਭ ਜਾਨਵਰ ਖ਼ਤਮ ਹੋ ਰਹੇ ਹਨ। ਉਸਨੇ ਸੋਚਿਆ ਕਿ ਕਿਉਂ ਨਾ ਅਮਰੀਕਾ ਦੇ ਪੈਸੀਫਿਕ ਨੌਰਥਵੈਸਟ ਵਿੱਚ ਇੱਕ ਅਜਿਹੀ ਜਗ੍ਹਾ ਬਣਾਈ ਜਾਵੇ ਜਿੱਥੇ ਇਹ ਜਾਨਵਰ ਸੁਰੱਖਿਅਤ ਰਹਿਣ।

1972 ਵਿੱਚ ਉਸਨੇ 600 ਏਕੜ ਜ਼ਮੀਨ ਲਈ ਅਤੇ ਪਾਰਕ ਖੋਲ੍ਹਿਆ। 1980 ਵਿੱਚ ਇਹ ਇੱਕ  ਨਾਂਨ ਪ੍ਰੋਫਿਟ ਸੰਸਥਾ ਬਣ ਗਈ। ਮਤਲਬ ਇਸਦੀ ਕਮਾਈ ਸਰਕਾਰ ਨਹੀਂ ਲੈਂਦੀ, ਸਾਰਾ ਪੈਸਾ ਜਾਨਵਰਾਂ ਦੀ ਸੰਭਾਲ ਤੇ ਲੱਗਦਾ ਹੈ। ਇਹ ਅਮਰੀਕਾ ਦੇ ਗਿਣੇ-ਚੁਣੇ ਪ੍ਰਾਈਵੇਟ ਚਿੜੀਆਘਰਾਂ ਵਿੱਚੋਂ ਹੈ ਜਿਸਨੂੰ AZA (Association of Zoos and Aquariums) ਤੋਂ ਮਾਨਤਾ ਮਿਲੀ ਹੋਈ ਹੈ।

ਵਾਈਲਡ ਲਾਈਫ ਸਫਾਰੀ ਦੇ ਅੰਦਰ ਕੀ-ਕੀ ਦੇਖਿਆ ? 

ਅਸੀਂ ਆਪਣੇ ਪਰਵਾਰਾਂ ਸਮੇਤ ਕਾਰ ਦੇ ਵਿੱਚ ਡਰਾਈਵ-ਥਰੂ ਸਫਾਰੀ (4.5 ਮੀਲ ਦਾ ਸਫਰ) ਤਹਿ ਕੀਤਾ ਜੋ ਕਿ ਕਾਫੀ ਡਰਾਉਣਾ ਵੀ ਲੱਗ ਰਿਹਾ ਸੀ। 
ਇਹ ਸਭ ਤੋਂ ਮੁੱਖ ਆਕਰਸ਼ਣ ਹੈ। ਤੁਸੀਂ ਆਪਣੀ ਗੱਡੀ ਵਿੱਚ ਹੌਲੀ-ਹੌਲੀ (10 mph) ਤੁਰਦੇ ਹੋ। ਜਾਨਵਰ ਸਾਰੇ ਖੁੱਲ੍ਹੇ ਛੱਡੇ ਹੋਏ ਹਨ।

ਪਹਿਲੇ ਪੜਾਅ ਵਿੱਚ ਅਫਰੀਕਾ ਪਲੇਨ  ਦੇ ਦਰਸ਼ਨ ਹੁੰਦੇ ਹਨ ਇੱਥੇ ਜ਼ੈਬਰਾ, ਵਾਟੂਸੀ ਬਲਦ, ਕੁਡੂ ਹਿਰਨ, ਓਸਟਰਿਚ, ਸਫੈਦ ਗੈਂਡਾ , ਦਰਿਆਈ ਘੋੜਾ, ਅਤੇ 20 ਫੁੱਟ ਉੱਚੇ ਜਿਰਾਫ ਵੇਖਣ ਨੂੰ ਮਿਲਦੇ ਹਨ । ਇਹ ਜਿਰਾਫ ਤੁਹਾਡੀ ਗੱਡੀ ਕੋਲ ਆ ਕੇ ਸਿਰ ਅੰਦਰ ਵੀ ਪਾ ਦਿੰਦੇ ਹਨ।
- ਏਸ਼ੀਆਈ ਜ਼ੋਨ: ਸੁਮਾਤਰਨ ਟਾਈਗਰ, ਸਾਇਬੇਰੀਅਨ ਟਾਈਗਰ, ਅਤੇ ਓਰੇਗਨ ਦੇ ਇੱਕੋ-ਇੱਕ ਅਫਰੀਕਨ ਹਾਥੀ।
 ਇਸਤੋਂ ਇਲਾਵਾ ਕਾਲੇ ਰਿੱਛ, ਭੂਰੇ ਰਿੱਛ, ਸ਼ੇਰ ਅਤੇ ਚੀਤਾ ਹੋਰ ਖਤਰਨਾਕ ਜਾਨਵਰ ਦੇਖੇ । ਇੱਥੇ ਗੱਡੀ ਦੀਆਂ ਖਿੜਕੀਆਂ ਬੰਦ ਰੱਖਣੀਆਂ ਪੈਂਦੀਆਂ ਹਨ। ਖੁੱਲ੍ਹੀ ਛੱਤ ਵਾਲੀ ਗੱਡੀ ਇੱਥੇ ਜਾਣ ਦੀ ਮਨਾਹੀ ਹੈ। 

 ਸਫਾਰੀ ਵਿਲੇਜ - ਜਿੱਥੇ ਸੈਰ ਮੁਫ਼ਤ ਹੈ:
ਗੱਡੀ ਵਾਲੀ ਸਫਾਰੀ ਤੋਂ ਬਾਅਦ ਤੁਸੀਂ ਇੱਕ ਪਿੰਡ ਵਿੱਚ ਆਉਂਦੇ ਹੋ। ਖਾਸ ਗੱਲ ਇਹ ਹੈ ਕਿ ਇੱਥੇ ਘੁੰਮਣ ਲਈ ਕੋਈ ਟਿਕਟ ਨਹੀਂ ਲੱਗਦੀ।

ਇੱਥੇ ਤੁਸੀਂ ਵੇਖੋਗੇ: ਲਾਲ ਪਾਂਡਾ , ਫਲੇਮਿੰਗੋ, ਮਗਰਮੱਛ, ਕੂਗਰ, ਲੇਮੂਰ, ਮੇਨਡ ਵੁਲਫ (ਓਰੇਗਨ ਵਿੱਚ ਸਿਰਫ ਇੱਥੇ ਹੀ ਹੈ), ਅਤੇ ਬੱਚਿਆਂ ਲਈ ਪੀਟਿੰਗ ਯੂਅ ਵਿੱਚ ਬੱਕਰੀਆਂ ਤੇ ਛੋਟੇ ਘੋੜੇ ਵੇਖਣ ਨੂੰ ਮਿਲਦੇ ਹਨ।

3. ਦੁਨੀਆਂ ਦਾ ਨੰਬਰ 1 ਚੀਤਾ ਪ੍ਰਜਨਨ ਕੇਂਦਰ:
ਇਹ ਇਸ ਪਾਰਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਜਦੋਂ ਪੂਰੀ ਦੁਨੀਆਂ ਵਿੱਚ ਜੰਗਲੀ ਚੀਤੇ ਸਿਰਫ 10,000 ਦੇ ਕਰੀਬ ਬਚੇ ਹਨ, ਤਾਂ ਇਸ ਪਾਰਕ ਨੇ 1972 ਤੋਂ ਹੁਣ ਤੱਕ 259 ਤੋਂ ਵੱਧ ਚੀਤੇ ਦੇ ਬੱਚੇ ਪੈਦਾ ਕੀਤੇ ਹਨ।

ਇਹ ਅਫਰੀਕਾ ਤੋਂ ਬਾਹਰ ਦੁਨੀਆਂ ਦਾ ਨੰਬਰ 1 ਅਤੇ ਧਰਤੀ ਦਾ ਨੰਬਰ 2 ਸਭ ਤੋਂ ਸਫਲ ਚੀਤਾ ਬ੍ਰੀਡਿੰਗ ਪ੍ਰੋਗਰਾਮ ਹੈ। ਇੱਥੋਂ ਦੇ ਚੀਤੇ ਦੇ ਬੱਚੇ ਅਮਰੀਕਾ ਦੇ ਹੋਰ ਚਿੜੀਆਘਰਾਂ ਵਿੱਚ ਭੇਜੇ ਜਾਂਦੇ ਹਨ ਤਾਂ ਜੋ ਨਸਲ ਬਚੀ ਰਹੇ। ਇੱਕ ਵਾਰ ਇੱਥੇ ਕੇ ਜੈ ਨਾਮ ਦੇ ਚੀਤੇ ਅਤੇ ਰਹਿਨੋ ਨਾਮ ਦੇ ਕੁੱਤੇ ਦੀ ਦੋਸਤੀ  ਨੇ ਪੂਰੀ ਦੁਨੀਆਂ ਵਿੱਚ ਖ਼ਬਰ ਬਣਾਈ ਸੀ। ਅਸਲ ਗੱਲ ਇਹ ਹੈ ਕਿ ਇਹ ਜੰਗਲ ਤੁਹਾਨੂੰ ਦੁਨੀਆਂ ਦਾ ਇੱਕ ਨਵਾਂ ਹੀ ਅਨੁਭਵ ਸਿਖਾਉਂਦਾ ਹੈ।

ਐਲੀਫੈਂਟ ਕਾਰ ਵਾਸ਼ 

ਇੱਥੇ ਹਾਥੀ ਤੁਹਾਡੀ ਕਾਰ ਨੂੰ ਪਾਣੀ ਮਾਰ ਕੇ ਧੋਂਦੇ ਹਨ, ਪਰ ਗਾਰੰਟੀ ਹੈ ਕਿ ਕਾਰ ਸਾਫ ਨਹੀਂ ਹੋਵੇਗੀ, ਸਗੋਂ ਹੋਰ ਗੰਦੀ ਹੋ ਜਾਵੇਗੀ, ਬੱਚੇ ਬਹੁਤ ਖੁਸ਼ ਹੁੰਦੇ ਹਨ।
 ਵਾਇਲਡ ਲਾਈਫ ਸਫਾਰੀ ਫੋਟੋਗ੍ਰਾਫਰਾਂ ਲਈ ਜੰਨਤ ਹੈ।ਸਵੇਰੇ 9 ਵਜੇ ਜਾਨਵਰਾਂ ਨੂੰ ਚਾਰਾ ਪਾਇਆ ਜਾਂਦਾ ਹੈ, ਉਦੋਂ ਉਹ ਸਭ ਤੋਂ ਵੱਧ ਸਰਗਰਮ ਹੁੰਦੇ ਹਨ। ਫੋਟੋ ਲਈ ਇਹੀ ਵਧੀਆ ਸਮਾਂ ਹੈ।
ਇੱਥੇ ਹਾਈ ਸਕੂਲ ਦੇ ਬੱਚੇ Ecology, Math ਦੀਆਂ ਕਲਾਸਾਂ ਵੀ ਲੈਂਦੇ ਹਨ, ਅਤੇ ਗਰਮੀਆਂ ਵਿੱਚ Summer Camp ਲੱਗਦਾ ਹੈ। ਮੈਂ 2019 ਵਿੱਚ ਆਪਣੀ ਆਸਟਰੇਲੀਆਈ ਯਾਤਰਾ ਦੌਰਾਨ ਉਥੋਂ ਦੇ ਮੈਲਬੌਰਨ ਵਿਖੇ "ਨੈਸ਼ਨਲ ਪਾਰਕ " ਵਿੱਚ ਇਸ ਤਰਾਂ ਦਾ ਜੰਗਲੀ ਜਾਨਵਰਾਂ ਦਾ ਨਜ਼ਾਰਾ ਵੇਖਿਆ ਸੀ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਇਹਨਾਂ ਜੰਗਲੀ ਜਾਨਵਰਾਂ ਦਾ ਕਿਸ ਤਰਾਂ ਵਾਸਾ ਹੁੰਦਾ ਹੈ ਉਹ ਵੇਖਣ ਦਾ ਮੌਕਾ ਮਿਲਿਆ।

ਸੋ ਜੇ ਤੁਸੀਂ ਅਮਰੀਕਾ ਦੀ ਓਰੇਗਨ ਸਟੇਟ ਆਏ ਹੋ ਤਾਂ ਇਹ 600 ਏਕੜ ਦੀ ਸਫਾਰੀ ਜ਼ਰੂਰ ਵੇਖ ਕੇ ਜਾਓ। ਇਹ ਸਿਰਫ਼ ਸੈਰ ਨਹੀਂ, ਇੱਕ ਸੁਨੇਹਾ ਹੈ ਕਿ ਅਸੀਂ ਜਾਨਵਰਾਂ ਨੂੰ ਕਿਵੇਂ ਬਚਾ ਸਕਦੇ ਹਾਂ। ਗੁਰੂ ਭਲੀ ਕਰੇ। ਰੱਬ ਰਾਖਾ।