“ਸਿਰਾਂ ਰੂ ਬ ਰੂ ਸੀਸ” ਕਾਵਿ ਕਿਤਾਬ ਦਾ ਸੁਆਗਤ ਹੈ
ਗੁਰਭਜਨ ਗਿੱਲ
ਪੰਜਾਬੀ ਸ਼ਾਇਰ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪੰਜਾਬ ਪ੍ਰਧਾਨ ਸੁਰਜੀਤ ਜੱਜ ਲਗਪਗ ਸਵਾ ਚਾਰ ਸਾਲ ਬਾਅਦ ਪਟਿਆਲਿਓਂ ਫਗਵਾੜੇ ਪਰਤਦਿਆਂ ਆਪਣੀ ਜੀਵਨ ਸਾਥਣ ਤੇ ਰੱਖੜੀ ਵਰਗੀ ਨਿੱਕੀ ਭੈਣ ਡਾ. ਭੁਪਿੰਦਰ ਕੌਰ ਸਮੇਤ ਮਿਲਣ ਆਏ।
ਸੁਰਜੀਤ ਜੱਜ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ ਹਾਸਲ ਕਰਨਾ ਚੰਗਾ ਲੱਗਾ। ਇੱਕੋ ਲੰਮੀ ਕਵਿਤਾ ਹੈ ਇਹ ਕਿਤਾਬ “ ਸਿਰਾਂ ਰੂ ਬ ਰੂ ਸੀਸ”। ਉਮਰ ਦੀ ਪੱਕੀ ਫ਼ਸਲ ਵਰਗੀ ਪਰਪੱਕ ਕਿਰਤ। ਕੁਝ ਵਧੇਰੇ ਹੀ ਦਾਰਸ਼ਨਿਕ। ਸਤਰ ਦਰ ਸਤਰ, ਪੰਨਾ ਦਰ ਪੰਨਾ ਪੜ੍ਹਨ ਵਾਲੀ। ਕਾਵਿ ਤਰਲਤਾ ਪਰਿਲਾਂ ਵਾਲੀ ਨਹੀਂ, ਲੱਗਦੈ ਇਹ ਸੁਰਜੀਤ ਜੱਜ ਕੋਈ ਹੋਰ ਹੈ, ਪਹਿਲਾਂ ਲਿਖੀ ਗ਼ਜ਼ਲ, ਗੀਤ ਤੇ ਨਜ਼ਮ ਵਾਲੀ ਚੰਚਲਤਾ ਤੇ ਮਾਸੂਮੀਅਤ ਬਹੁਤ ਮੱਧਮ। ਡੂੰਘੇ ਮਨ ਦੇ ਸਰੋਵਰੀਂ ਮਾਣਕ ਮੋਤੀ ਲੱਭਦਾ ਸੁਰਜੀਤ। ਇਹ ਨਿਵੇਕਲੀ ਕਿਰਤ ਅਜੇ ਪਹਿਲੇ ਵੀਹ ਪੰਨੇ ਹੀ ਪੜ੍ਹੇ ਨੇ ਸ਼ਾਮ ਤੀਕ।
ਕਿਰਤ ਦੀ ਸੁਆਗਤ ਹੈ। ਸਪਤ ਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਦੀ ਪ੍ਰਕਾਸ਼ਨਾ ਹੈ। ਬਹੁਤ ਹੀ ਆਕਰਸ਼ਕ ਪਰ ਸਾਤਵਿਕ ਅੰਦਾਜ਼ ਵਾਲੀ ਮੁੱਖ ਪੰਨਾ ਸ਼ਿੰਗਾਰਿਆ ਹੈ ਉਸ ਦੇ ਹਮ ਜ਼ੁਲਫ਼ ਗੁਰਦੀਸ਼ ਪੰਨੂੰ ਨੇ। ਡਾ. ਸਰਬਜੀਤ ਸਿੰਘ ਦੀ ਟਿੱਪਣੀ ਆਖਰੀ ਪੰਨੇ ਤੇ ਹਾਜ਼ਰ ਹੈ। ਇਸ ਰਚਨਾ ਦਾ ਸੰਖੇਪ ਰੂਪ ਵਿੱਚ ਮਨੋਰਥ ਵੀ ਦੰਸਿਐ ਉਸ।
ਇੱਕ ਵਾਰ ਫਿਰ ਮੁਬਾਰਕ।
ਨਾਲ ਲੱਗਵੀਂ ਮੇਰੀ ਕਵਿਤਾ ਵੀ ਪੜ੍ਹ ਲਵੋ।
ਸ਼ਬਦ ਨਿਰੰਤਰ ਵਹਿਣ
ਸ਼ਬਦ ਨਿਰੰਤਰ
ਵਹਿਣ ਪਏ ਦਰਿਆਵਾਂ ਵਰਗੇ।
ਮਹਿਬੂਬਾ ਸੰਗ ਖ਼ੁਦ ਤੋਂ ਚੋਰੀ,
ਮਾਣੇ ਕੋਸੇ ਸਾਹਵਾਂ ਵਰਗੇ।
ਚਿਰੀਂ ਵਿਛੁੰਨੇ ਮਿਲੇ ਅਚਾਨਕ,
ਉਸ ਬੇਲੀ ਦੀਆਂ ਬਾਹਵਾਂ ਵਰਗੇ।
ਤਰੇਲ 'ਚ ਨਾਤ੍ਹੇ ਘਾਹ ਤੇ ਪਈਆਂ,
ਪੈੜਾਂ ਵਾਹੁੰਦੇ ਰਾਹਵਾਂ ਵਰਗੇ।
ਮਾਰੂਥਲ ਵਿਚ ਭੁੱਜਦੀ ਜਿੰਦ ਨੂੰ,
ਇਕ ਰੁੱਖੜੇ ਦੀਆਂ ਛਾਵਾਂ ਵਰਗੇ।
ਰੂਹ ਵਿਚ ਜਗਦੇ ਉੱਡਦੇ ਜੁਗਨੂੰ,
ਸੋਨ ਸੁਨਹਿਰੀ ਚਾਵਾਂ ਵਰਗੇ।
ਪੂਰਨ ਪੁੱਤ ਪਰਦੇਸੀ ਲੱਭਦੀਆਂ,
ਕੱਲ-ਮੁ-ਕੱਲ੍ਹੀਆਂ
ਇੱਛਰਾਂ ਵਰਗੀਆਂ ਮਾਵਾਂ ਵਰਗੇ।
ਜਿਸ ਦੇ ਮਗਰ ਸ਼ਿਕਾਰੀ ਲੱਗੇ,
ਹਿਰਨੋਟੇ ਦੀਆਂ ਰੀਝਾਂ,
ਹਾਉਕੇ, ਹਾਵਾਂ ਵਰਗੇ।
ਘਰੋਂ ਤੁਰਦਿਆਂ ਮਾਂ ਨੇ ਦਿੱਤੀਆਂ,
ਉਨ੍ਹਾਂ ਨੇਕ ਦੁਆਵਾਂ ਵਰਗੇ।
ਜ਼ਿੰਦਗੀ ਦੇ ਉਪਰਾਮ ਪਲਾਂ ਵਿਚ,
ਬਾਪੂ ਜੀ ਤੋਂ ਮਿਲੀਆਂ
ਨੇਕ ਸਲਾਹਵਾਂ ਵਰਗੇ।
ਅਣਵੇਖੀ, ਅਣਗਾਹੀ ਧਰਤੀ,
ਦੂਰ ਦੁਰੇਡੇ,
ਕੰਜ ਕੁਆਰੀਆਂ ਥਾਵਾਂ ਵਰਗੇ।
ਧੀ ਪੁੱਤਰ ਦੇ
ਹਾਸੇ ਦੀ ਟੁਣਕਾਰ 'ਚ ਨੱਚਦੇ,
ਅੱਲ੍ਹੜ ਅੱਥਰੇ ਚਾਵਾਂ ਵਰਗੇ।
ਇਕ ਅੱਖ ਅੱਥਰੂ,
ਇੱਕ ਅੱਖ ਹੌਕਾ,
ਡੁੱਲ ਡੁੱਲ ਪੈਂਦੇ
ਤਰਲ ਮਨਾਂ ਦੇ ਭਾਵਾਂ ਵਰਗੇ।
ਸ਼ਬਦ ਕਦੇ ਨਾ ਬਣਨ ਦੋਚਿੱਤੀਆਂ,
ਚੌਕ ਚੁਰਸਤੇ ਖੜ੍ਹੇ ਖਲੋਤੇ
ਕਿਤੇ ਨਾ ਜਾਂਦੇ ਰਾਹਵਾਂ ਵਰਗੇ।
ਬਲਣ ਚਿਰਾਗ
ਹਨ੍ਹੇਰੇ ਵਿਚ ਜਿਉਂ,
ਕਾਲੇ ਸ਼ਕਲੋਂ ਅੱਖਰ,
ਰੰਗ ਦੇ ਕਾਵਾਂ ਵਰਗੇ।
ਸ਼ਬਦ-ਬਿਰਖ਼ ਦੀ ਕਰੋ ਪਾਲਣਾ,
ਇਹ ਹੀ ਨਿਭਦੇ,
ਸਿਰ ਤੇ ਗੂੜ੍ਹੀਆਂ ਛਾਵਾਂ ਵਰਗੇ।
ਸ਼ਬਦ ਨਿਰੰਤਰ ਵਹਿਣ
ਜਿਵੇਂ ਧੜਕਣ ਜੀਂਦੀ ਹੈ।
ਖ਼ੂਨ ਦੀ ਹਰਕਤ ਰਹੇ ਸਲਾਮਤ
ਸਰਦ ਖ਼ੂਨ ਤਾਂ ਮੌਤ ਬਰਾਬਰ।
ਬਣ ਜਾਵਣ ਹੁਣ
ਤੇਜ਼ ਤਰਾਰ ਹਵਾਵਾਂ ਵਰਗੇ।
ਅੜਿਆਂ ਥੁੜਿਆਂ
ਵੀਰਾਂ ਖ਼ਾਤਰ ਬਾਹਵਾਂ ਵਰਗੇ।
ਸ਼ਬਦੋ ਨਾ ਬਣ ਜਾਇਉ ਕਿਧਰੇ
ਬਿਰਖ਼ ਚੀਰਦੇ
ਆਰੀ ਵਾਲਾ ਗਿੱਠ ਕੁ ਮੁੱਠਾ
ਨਾ ਹੀ ਬਣਿਉ ਦਸਤਾ
ਕਿਸੇ ਕੁਹਾੜੇ ਵਾਲਾ
ਸਾਡੀਆਂ ਖੁਸ਼ੀਆਂ ਸਾਡੇ ਭਾਵਾਂ
ਹੌਕੇ ਅਤੇ ਸਲਾਮਤ ਚਾਵਾਂ
ਦੀ ਹਰ ਪਲ ਹੀ
ਅਚੇਤ -ਸੁਚੇਤ ਹਿਫ਼ਾਜ਼ਤ ਕਰਿਉ!
ਹਾਕਮ ਹੁਕਮ ਹਕੂਮਤ ਕੋਲੋਂ
ਵੀਰ ਮੇਰਿਓ! ਰਤਾ ਨਾ ਡਰਿਉ
City Air News 


