ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ਦਾ ਕੰਮ ਕਲ੍ਹ ਸ਼ਾਮ ਤੱਕ ਮੁਕੰਮਲ ਕਰ ਲਿਆ ਜਾਵੇਗਾ-ਡੀ ਸੀ ਵਿਨੈ ਬਬਲਾਨੀ

ਜ਼ਿਲ੍ਹੇ ’ਚ 20 ਹਜ਼ਾਰ ਲੀਟਰ ਸੋਡੀਅਮ ਹਾਈਪ੍ਰੋਕਲੋਰਾਈਟ ਦੀ ਸਪਲਾਈ ਹੋਈ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ਦਾ ਕੰਮ ਕਲ੍ਹ ਸ਼ਾਮ ਤੱਕ ਮੁਕੰਮਲ ਕਰ ਲਿਆ ਜਾਵੇਗਾ-ਡੀ ਸੀ ਵਿਨੈ ਬਬਲਾਨੀ
ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ਦੀ ਮੁਹਿੰਮ  ਦੀਆਂ ਤਸਵੀਰਾਂ।

ਨਵਾਂਸ਼ਹਿਰ/ਬੰਗਾ: ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਅੱਜ ਵੱਡੇ ਪੱਧਰ ’ਤੇ ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ਲਈ ਮੁਹਿੰਮ ਆਰੰਭੀ ਗਈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵੱਲੋਂ ਜ਼ਿਲ੍ਹੇ ਦੇ 466 ਪਿੰਡਾਂ ਨੂੰ ਸੈਨੀਟਾਈਜ਼ ਕਰਨ ਲਈ ਵੱਡੀ ਪੱਧਰ ’ਤੇ ਉਲੀਕੀ ਗਈ ਯੋਜਨਾ ਮੁਤਾਬਕ ਅੱਜ ਸੜੋਆ ਤੇ ਬੰਗਾ ਬਲਾਕ ’ਚ ਹਾਈਪ੍ਰੋਕਲੋਰਾਈਟ ਦੇ ਛਿੜਕਾਅ ਦੀ ਮੁਹਿੰਮ ਜੰਗੀ ਪੱਧਰ ’ਤੇ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਨੂੰ  ਸੈਨੀਟਾਈਜ਼ ਕਰਨ ਲਈ ਜ਼ਿਲ੍ਹੇ ਨੂੰ 20 ਹਜ਼ਾਰ ਕਿਲੋ ਲੀਟਰ ਸੋਡੀਅਮ ਹਾਈਪ੍ਰੋਕਲੋਰਾਇਟ ਦੀ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਲ੍ਹ ਸ਼ਾਮ ਤੱਕ ਸਮੁੱਚੇ ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪਿੰਡਾਂ ਦੇ ਸਰਪੰਚਾਂ ਨੂੰ ਆਪੋ-ਆਪਣੀਆਂ ਪੰਚਾਇਤਾਂ ’ਚ ਛਿੜਕਾਅ ਲਈ ਅੱਜ ਹੀ ਸਪਲਾਈ ਦੇ ਦਿੱਤੀ ਗਈ ਅਤੇ ਬੰਗਾ ਦੇ ਪਿੰਡਾਂ ਨੂੰ ਪਰਮ ਅਗੇਤ ਦਿੱਤੇ ਜਾਣ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸੰਕਟ ਕਾਲੀਨ ਘੜੀ ’ਚ ਹਰ ਇੱਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਹੱਥ ਜਿੱਥੇ ਵਾਰ-ਵਾਰ ਸਾਬਣ ਨਾਲ ਧੋੋਣ, ਇੱਕ ਦੂਸਰੇ ਤੋਂ ਇੱਕ ਮੀਟਰ ਦੀ ਦੂਰੀ ’ਤੇ ਰਹਿਣ, ਆਪਣੇ ਘਰਾਂ ’ਚ ਰਹਿਣ ਆਦਿ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰਨ।
ਉਨ੍ਹਾਂ ਦੱਸਿਆ ਕਿ ਸੈਨੇਟਾਈਜ਼ ਦੀ ਇਸ ਮੁਹਿੰਮ ਨੂੰ ਕਲ੍ਹ ਸ਼ਾਮ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆ ਚਾਰਾਂ ਨਗਰ ਕੌਂਸਲਾਂ ਨਵਾਂਸ਼ਹਿਰ, ਰਾਹੋਂ, ਬੰਗਾ ਅਤੇ ਬਲਾਚੌਰ ’ਚ ਵੀ ਸੈਨੀਟੇਸ਼ਨ ਦੇ ਕੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾਇਆ ਜਾ ਸਕੇ। /(25 ਮਾਰਚ)