ਅਮਰੀਕਾ ਵਾਸੀ ਖੋਜੀ ਵਿਦਵਾਨ ਧਰਮ ਸਿੰਘ ਗੋਰਾਇਆ ਦੀ ਖੋਜ ਪੁਸਤਕ “ਲੋਕ ਨਾਇਕ ਜੱਗਾ ਸੂਰਮਾ” ਲੁਧਿਆਣਾ ਲੋਕ ਅਰਪਣ
ਲੁਧਿਆਣਾ, 1 ਦਸੰਬਰ, 2025: (ਮੈਰੀਲੈਂਡ)ਅਮਰੀਕਾ ਵਾਸੀ ਖੋਜੀ ਵਿਦਵਾਨ ਲੇਖਕ ਸ. ਧਰਮ ਸਿੰਘ ਗੋਰਾਇਆ ਦੀ ਸੱਜਰੀ ਖੋਜ ਪੁਸਤਕ “ਲੋਕ ਨਾਇਕ ਜੱਗਾ ਸੂਰਮਾ” ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਲੋਕ ਅਰਪਣ ਕਰਦਿਆਂ ਬੇਕਰਜ਼ਫੀਲਡ (ਅਮਰੀਕਾ) ਵਿੱਚ ਪੰਜਾਬੀ ਭਵਨ ਉਸਾਰਨ ਵਾਲੇ ਸਾਹਿੱਤ ਪ੍ਹੇਮੀ ਸ. ਅਜੀਤ ਸਿੰਘ ਭੱਠਲ ਨੇ ਕਿਹਾ ਹੈ ਕਿ ਅਸੀਂ ਲੋਕ ਪੰਜਾਬ ਛੱਡ ਕੇ ਪਰਦੇਸੀ ਧਰਤੀਆਂ ਤੇ ਵੱਸਦੇ ਹਾਂ ਪਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸਾਡੇ ਅੰਗ ਸੰਗ ਰਹਿੰਦੀ ਹੈ। ਇਸੇ ਦਾ ਸਬੂਤ ਸ. ਧਰਮ ਸਿੰਘ ਗੋਰਾਇਆ ਦੀ ਸੱਜਰੀ ਖੋਜ ਪੁਸਤਕ “ ਲੋਕ ਨਾਇਕ ਜੱਗਾ ਸੂਰਮਾ”ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਅਸੀਂ ਕੰਮ ਕੀਤਾ ਹੋਣ ਕਰਕੇ ਸਾਨੂੰ ਸਮਾਜਿਕ ਜ਼ੁੰਮੇਵਾਰੀ ਦਾ ਅਹਿਸਾਸ ਬਦੇਸ਼ ਜਾ ਕੇ ਵੀ ਓਨਾ ਹੀ ਹੈ ,ਜਿੰਨਾ ਪੰਜਾਬ ਰਹਿੰਦਿਆਂ ਸੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਜੱਗਾ ਸੂਰਮਾ ਪੰਜਾਬ ਦੀ ਅਣਖੀਲੀ ਮਿੱਟੀ ਦਾ ਜਾਇਆ ਹੈ ਜੋ ਨਿੱਕੇ ਨਿੱਕੇ ਸ਼ਾਹੂਕਾਰਾਂ ਦੇ ਜ਼ੁਲਮ ਤੋਂ ਮੁਕਤੀ ਲਈ ਕਾਫ਼ਲਾ ਬਣਾ ਕੇ ਤੁਰਦਾ ਹੈ। ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਵਿੱਚ ਸ਼ਾਮਲ ਮਹੰਤਾਂ ਨੂੰ ਸੋਧਦਾ ਹੈ। ਬੱਬਰ ਅਕਾਲੀਆਂ ਦਾ ਸੰਗੀ ਬਣਦਾ ਹੈ। ਅੰਗਰੇਜ਼ ਹਕੂਮਤ ਨੇ ਉਸ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਤੇ ਉਸ ਨੂੰ ਆਪਣੇ ਲਾਲਚੀ ਕਾਰਿੰਦਿਆਂ ਤੋਂ ਖ਼ਤਮ ਕਰਵਾ ਸੁੱਟਿਆ। ਉਸ ਨੂੰ ਲੋਕ - ਮਨ ਵਿੱਚ ਡਾਕੂ ਧੁੰਮਾਇਆ ਗਿਆ। ਉਨ੍ਹਾਂ ਕਿਹਾ ਕਿ ਬੋਲੀਆਂ ਵਿੱਚ ਉਸ ਦਾ ਲੋਕ ਪੱਖੀ ਸੰਘਰਸ਼ ਗ਼ੈਰ ਹਾਜ਼ਰ ਹੈ। ਧਰਮ ਸਿੰਘ ਗੋਰਾਇਆ (ਮੈਰੀਲੈਂਡ) ਅਮਰੀਕਾ ਵੱਸਦਿਆਂ ਜੱਗਾ ਸੂਰਮਾ ਨਾਲ ਸਬੰਧਿਤ ਮੂਲ ਇਤਿਹਾਸਕ ਤੇ ਮੌਖਿਕ ਸੋਮਿਆਂ ਤੀਕ ਪਹੁੰਚ ਕਰਕੇ “ਜੱਗਾ ਡਾਕੂ”ਦੀ ਥਾਂ “ਜੱਗਾ ਸੂਰਮਾ” ਪੁਸਤਕ ਲਿਖ ਕੇ ਜੱਗੇ ਦੀ ਧੀ ਰੇਸ਼ਮ ਕੌਰ ਦਾ ਉਲਾਂਭਾ ਹੀ ਨਹੀਂ ਲਾਹਿਆ ਸਗੋਂ ਇਤਿਹਾਸ ਵਿੱਚ ਪਏ ਭੁਲੇਖੇ ਵੀ ਦੂਰ ਕੀਤੇ ਹਨ। ਲੋਕ ਨਾਇਕ ਕਹਾਉਣ ਦੇ ਸਮਰੱਥ “ਜੱਗਾ ਸੂਰਮਾ”ਨੂੰ ਪਾਠਕ ਹੁਣ ਵੱਖਰੀ ਨਜ਼ਰ ਨਾਲ ਵੇਖ ਸਕਣਗੇ।
ਸੱਰੀ(ਕੈਨੇਡਾ) ਤੋਂ ਆਏ ਰਵਾਇਤੀ ਪੰਜਾਬੀ ਲੋਕ ਗਾਇਕੀ ਦੇ ਨੌਜਵਾਨ ਪੇਸ਼ਕਾਰ “ ਦਾ ਫੋਕ ਟਰਬਨੇਟਰਜ਼” ਨੇ ਵੀ ਇਸ ਮੌਕੇ ਆਪਣੀ ਸੰਗੀਤ ਪੇਸ਼ਕਾਰੀ ਕਰਕੇ ਸਾਬਤ ਕੀਤਾ ਕਿ ਧਰਤੀ ਕੋਈ ਵੀ ਹੋਵੇ, ਵਿਰਾਸਤ ਹਰ ਸਾਹ ਦੇ ਨਾਲ ਨਾਲ ਤੁਰਦੀ ਹੈ। ਇਸ ਗਰੁੱਪ ਦੇ ਮੈਂਬਰ ਅਰਸ਼ ਰਿਆਜ਼ ਨੇ ਦੱਸਿਆ ਕਿ ਉਹ ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਦੇ ਉੱਤਰਾ ਅਧਿਕਾਰੀ ਬਾਬਾ ਜ਼ੋਰਾ ਸਿੰਘ ਜੀ ਧਰਮਕੋਟ ਵਾਲਿਆਂ ਦਾ ਸ਼ਾਗਿਰਦ ਹੋਣ ਕਾਰਨ ਪੱਕੇ ਸੁਰ ਦਾ ਅਭਿਆਸੀ ਹੈ। ਇਹੀ ਗੁਣ ਉਨ੍ਹਾਂ ਦੀ ਪਛਾਣ ਦੇਸ ਬਦੇਸ਼ ਵਿੱਚ ਪਰਪੱਕ ਕਰ ਰਿਹਾ ਹੈ।
ਇਸ ਮੌਕੇ ਮਲਕੀਤ ਸਿੰਘ ਭੱਠਲ ਬੇਕਰਜ਼ਫੀਲਡ, ਉੱਘੇ ਡੇਅਰੀ ਫਾਰਮਰ ਦਮਨ ਸ਼ਰਮਾ,ਸਾਬਕਾ ਸਰਪੰਚ ਸੁਖਵੰਤ ਸਿੰਘ ਚੱਕ ਕਲਾਂ(ਲੁਧਿਆਣਾ) , ਜਗਜੀਵਨ ਸਿੰਘ ਮੋਹੀ ਤੇ ਕੁਝ ਹੋਰ ਸੱਜਣ ਹਾਜ਼ਰ ਸਨ।
City Air News 


