ਸ਼੍ਰੋਮਣੀ ਪੱਤਰਕਾਰ ਤੇ ਪੰਜਾਬੀ ਲੇਖਕ ਹਰਬੀਰ ਸਿੰਘ ਭੰਵਰ  ਨੂੰ ਲੇਖਕਾਂ ਪੱਤਰਕਾਰਾਂ ਤੇ ਕਲਾਕਾਰਾਂ ਵੱਲੋਂ ਸ਼ਰਧਾਂਜਲੀਆਂ

ਅੰਤਿਮ ਅਰਦਾਸ 17 ਦਸੰਬਰ ਨੂੰ ਲੁਧਿਆਣਾ ਚ ਹੋਵੇਗੀ 

ਸ਼੍ਰੋਮਣੀ ਪੱਤਰਕਾਰ ਤੇ ਪੰਜਾਬੀ ਲੇਖਕ ਹਰਬੀਰ ਸਿੰਘ ਭੰਵਰ  ਨੂੰ ਲੇਖਕਾਂ ਪੱਤਰਕਾਰਾਂ ਤੇ ਕਲਾਕਾਰਾਂ ਵੱਲੋਂ ਸ਼ਰਧਾਂਜਲੀਆਂ

ਲੁਧਿਆਣਾ, 12 ਦਸੰਬਰ, 2022: ਸ਼੍ਰੋਮਣੀ ਪੱਤਰਕਾਰ ਤੇ ਪੰਜਾਬੀ ਲੇਖਕ ਸਃ ਹਰਬੀਰ ਸਿੰਘ  ਭੰਵਰ ਨੂੰ ਭਾਈ ਰਣਧੀਰ ਸਿੰਘ ਨਗਰ ਸ਼ਮਸ਼ਾਨ ਘਰ ਵਿੱਚ ਸਿਰਕੱਢ ਲੇਖਕਾੰ, ਪੱਤਰਕਾਰਾਂ ਤੇ ਕਲਾਕਾਰਾੰ  ਨੇ ਅੰਤਿਮ ਵਿਦਾਈ ਦਿੱਤੀ। 
ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਸਪੁੱਤਰ ਡਾਃ ਹਿਰਦੇਪਾਲ ਸਿੰਘ  ਨੇ ਵਿਖਾਈ। 
ਪੰਜਾਬੀ  ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਰਾਮਗੜ੍ਹੀਆ ਵਿਦਿਅਕ ਅਦਾਰਿਆਂ ਦੇ ਪ੍ਰਧਾਨ ਰਣਜੋਧ ਸਿੰਘ ਜੀ ਐੱਸ, ਉੱਘੇ ਲੇਖਕ ਡਾਃ ਫ਼ਕੀਰ ਚੰਦ ਸ਼ੁਕਲਾ, ਡਾਃ ਗੁਲਜ਼ਾਰ ਸਿੰਘ ਪੰਧੇਰ ਸੰਪਾਦਕ ਨਜ਼ਰੀਆ, ਅਸ਼ਵਨੀ ਜੇਤਲੀ, ਦੇਵਿੰਦਰ ਸੇਖਾ, ਅਰਜੁਨ ਬਾਵਾ, ਤ੍ਰੈਲੋਚਨ ਲੋਚੀ ਸਮੇਤ ਅਨੇਕਾਂ ਸਿਰਮੌਰ ਸ਼ਖ਼ਸੀਅਤਾਂ ਹਾਜ਼ਰ ਸਨ। 
ਭੰਵਰ ਨੂੰ ਯਾਦ ਕਰਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉਪਰੇਸ਼ਨ ਬਲਿਊਸਟਾਰ ਬਾਰੇ ਉਨ੍ਹਾਂ ਦੀ ਪੁਸਤਕ ਡਾਇਰੀ ਦੇ ਪੰਨੇ, ਧਰਮਯੁੱਧ ਮੋਰਚਾ ਤੋਂ ਇਲਾਵਾ ਨਾਟਕ ਦੀ ਨਕੜਦਾਦੀ ਨੋਰਾ ਰਿਚਰਡਜ਼, ਨਾਰੀਅਲ ਦੀ ਧਰਤੀ ਤੇ, ਸਃ ਸੋਭਾ ਸਿੰਘ ਚਿਤਰਕਾਰ ਮਹੱਤਵ ਪੂਰਨ ਕਿਰਤਾਂ ਹਨ। ਮੈਨੂੰ ਮਾਣ ਹੈ ਕਿ ਮੈਂ ਸੁਰਗਵਾਸੀ ਪੁਰਦਮਨ ਸਿੰਘ ਬੇਦੀ ਤੇ ਹਰਬੀਰ ਸਿੰਘ ਭੰਵਰ ਨਾਲ ਮਿਲ ਕੇ ਸਃ ਸੋਭਾ ਸਿੰਘ ਚਿਤਰਕਾਰ ਸਿਮਰਤੀ ਗਰੰਥ 2003 ਵਿੱਚ ਸੰਪਾਦਿਤ ਕੀਤਾ ਸੀ। ਉਹ 1975 ਤੋਂ ਨਿਰੰਤਰ ਮੇਰੇ ਲਈ ਵੱਡੇ ਵੀਰ ਬਣ ਕੇ ਰਹੇ। ਉਨ੍ਹਾਂ ਨਾਲ ਕਈ ਵਾਰ ਉਨ੍ਹਾਂ ਦੇ ਜਨਮ ਸਥਾਨ ਪਿੰਡ ਪੱਖੋਵਾਲ ਜਾਣ ਦਾ ਵੀ ਮੌਕਾ ਮਿਲਿਆ। ਸਿੱਖ ਇਤਿਹਾਸ, ਕਲਾ ਜਗਤ ਅਤੇ ਪੰਜਾਬ ਦੇ ਸਿਆਸੀ ਘਟਨਾਚੱਕਰ ਦੇ ਉਹ ਸੁਚੇਤ ਗੂੜ੍ਹ ਗਿਆਤਾ ਸਨ। 
ਇਹ ਸਮੂਹ ਪੰਜਾਬੀਆਂ ਨੂੰ ਸਦਾ ਲਈ ਅਫ਼ਸੋਸ ਰਹੇਗਾ ਕਿ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਐਲਾਨਿਆ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਜੀਂਦੇ ਜੀਅ ਨਾ ਮਿਲ ਸਕਿਆ।
ਹਰਬੀਰ ਸਿੰਘ ਭੰਵਰ ਦੇ ਵਿਛੋੜੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਗੁਰਮੀਤ ਸਿੰਘ ਖੁੱਡੀਆਂ, ਹਰਦੀਪ ਸਿੰਘ ਮੁੰਡੀਆਂ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਮਲਕੀਤ ਸਿੰਘ ਦਾਖਾ, ਗੁਰਕੀਰਤ ਸਿੰਘ ਕੋਟਲੀ, ਸਾਬਕਾ ਐੱਮ ਪੀ ਸ਼ਮਸ਼ੇਰ ਸਿੰਘ ਦੁਲੋਂ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। 
ਕੈਨੇਡਾ ਵੱਸਦੇ ਪੰਜਾਬੀ ਲੇਖਕਾਂ ਅਤੇ ਹਰਬੀਰ ਸਿੰਘ ਭੰਵਰ ਦੇ ਸਾਰੀ ਉਮਰ ਦੇ ਮਿੱਤਰ ਜਰਨੈਲ ਸਿੰਘ ਸੇਖਾ,  ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਸਿੰਘ ਬਰਾੜ ਤੇ ਮੋਹਨ ਗਿੱਲ ਨੇ ਵੀ ਉਨ੍ਹਾਂ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। 
ਕੈਨੇਡਾ ਦੇ ਲੇਖਕ ਮੰਗਾ ਸਿੰਘ ਬਾਸੀ ਨੇ ਆਪਣੇ ਪਿਤਾ ਜੀ ਪਿਆਰਾ ਸਿੰਘ ਬਾਸੀ ਜੀ ਦੀ ਯਾਦ ਵਿੱਚ ਸਥਾਪਤ ਪੁਰਸਕਾਰ ਵੀ ਜੀ ਜੀ ਐੱਨ ਖਾਲਸਾ ਕਾਲਿਜ ਵਿਖੇ ਪ੍ਰਦਾਨ ਕੀਤਾ ਸੀ। ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ। 
ਹਰਬੀਰ ਸਿੰਘ ਭੰਵਰ ਦੇ ਸਪੁੱਤਰ ਡਾਃ ਹਿਰਦੇਪਾਲ ਸਿੰਘ ਨੇ ਦੱਸਿਐ ਕਿ  ਅੰਤਿਮ ਅਰਦਾਸ 17 ਦਸੰਬਰ ਸ਼ਨਿੱਚਰਵਾਰ ਗੁਰਦੁਆਰਾ ਭਾਈ ਰਣਧੀਰ ਸਿੰਘ ਨਗਰ (ਈ ਬਲਾਕ) ਵਿਖੇ 12 ਵਜੇ ਤੋਂ ਇੱਕ ਵਜੇ ਤੀਕ ਹੋਵੇਗੀ।