ਐਨ.ਡੀ.ਆਰ.ਐਫ ਵੱਲੋਂ ਗੱਟੀ ਰਾਜੋ ਕੇ ਸਕੂਲ, ਪਿੰਡ ਹਬੀਬ ਵਾਲਾ ਤੇ ਹੋਰ ਪਿੰਡਾਂ ਵਿੱਚ ਲਗਾਈ ਗਈ ਟ੍ਰੇਨਿੰਗ ਵਰਕਸ਼ਾਪ

ਦੁਰਘਟਨਾ ਦੌਰਾਨ ਮੁਢਲੀ ਸਹਾਇਤਾ, ਹੰਗਾਮੀ ਸਥਿਤੀਆਂ, ਹੜ੍ਹਾਂ, ਅੱਗ ਆਦਿ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੀ ਦਿੱਤੀ ਸਿਖਲਾਈ

ਐਨ.ਡੀ.ਆਰ.ਐਫ ਵੱਲੋਂ ਗੱਟੀ ਰਾਜੋ ਕੇ ਸਕੂਲ, ਪਿੰਡ ਹਬੀਬ ਵਾਲਾ ਤੇ ਹੋਰ ਪਿੰਡਾਂ ਵਿੱਚ ਲਗਾਈ ਗਈ ਟ੍ਰੇਨਿੰਗ ਵਰਕਸ਼ਾਪ

ਫਿਰੋਜ਼ਪੁਰ, 25 ਨਵੰਬਰ 2022:

ਦੇਸ਼ ਵਿੱਚ ਕੁਦਰਤੀ ਆਫ਼ਤਾਂ ਅਤੇ ਗੰਭੀਰ ਸੰਕਟ ਆਉਣ ਮੌਕੇ ਸਥਿਤੀ ਨੂੰ ਕੰਟਰੋਲ ਕਰਨ ਲਈ ਤਿਆਰ ਕੀਤੀ ਵਿਸ਼ੇਸ਼ ਫੋਰਸ ਐਨ.ਡੀ.ਆਰ.ਐਫ (ਰਾਸ਼ਟਰੀ ਡਿਜ਼ਾਸਟਰ ਰਿਸਪਾਂਸ ਫੋਰਸ) ਦੀ ਬਟਾਲੀਅਨ 7 ਬਠਿੰਡਾ ਦੀ ਸਮੁੱਚੀ ਟੀਮ ਨੇ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ, ਪਿੰਡ ਹਬੀਬ ਵਾਲਾ ਅਤੇ ਹੋਰ ਸਰਹੱਦੀ ਪਿੰਡਾਂ ਵਿੱਚ ਪਹੁੰਚ ਕੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਿੱਚ ਸਕੂਲੀ ਵਿਦਿਆਰਥੀਆਂ, ਐਨ.ਸੀ.ਸੀ. ਵਲੰਟੀਅਰਜ਼ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਐਸ.ਡੀ.ਐਮ. ਫ਼ਿਰੋਜ਼ਪੁਰ ਸ. ਰਣਜੀਤ ਸਿੰਘ ਭੁੱਲਰ ਬਤੌਰ ਮੁੱਖ ਮਹਿਮਾਨ ਪਹੁੰਚੇ।

ਇਸ ਮੌਕੇ ਐਸ.ਡੀ.ਐਮ. ਸ. ਰਣਜੀਤ ਸਿੰਘ ਭੁੱਲਰ ਨੇ ਟੀਮ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਉਨ੍ਹਾਂ ਕਿਹਾ ਕਿ ਇਹ ਟੀਮ ਸੰਕਟ ਮੌਕੇ ਜਿਸ ਬਹਾਦਰੀ ਮਿਹਨਤ, ਲਗਨ ਅਤੇ ਜਜ਼ਬੇ ਨਾਲ ਕੰਮ ਕਰਦੀ ਹੈ ਉਹ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਨੇ ਸਕੂਲ ਸਟਾਫ਼ ਵੱਲੋਂ ਸਰਹੱਦੀ ਖੇਤਰ ਦੇ ਵਿੱਚ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ।

ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਸਤਲੁਜ ਦਰਿਆ ਦੇ ਕੰਢੇ ਵਸੇ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਹੜ੍ਹ ਦੀ ਸਥਿਤੀ ਅਤੇ ਦਰਿਆ ਪਾਰ ਖੇਤੀ ਕਰਨ ਮੌਕੇ ਅਨੇਕਾਂ ਹਾਦਸੇ ਵਾਪਰਦੇ ਹਨ। ਇਸ ਲਈ ਇਹ ਟ੍ਰੇਨਿੰਗ ਇਨ੍ਹਾਂ ਲੋਕਾਂ ਲਈ ਬੇਹੱਦ ਲਾਭਦਾਇਕ ਸਾਬਿਤ ਹੋਵੇਗੀ।

ਟੀਮ ਦੇ ਅਗਵਾਈ ਕਰ ਰਹੇ ਇੰਸਪੈਕਟਰ ਅਮਰ ਪ੍ਰਤਾਪ ਦੀ ਅਗਵਾਈ ਵਿੱਚ ਸਬ ਇੰਸਪੈਕਟਰ ਮੋਹਨ ਲਾਲ, ਦੇਵ ਰਾਜ, ਬਲਜਿੰਦਰ ਸਿੰਘ ਸੰਧੂ ਅਤੇ 20 ਮੈਂਬਰੀ ਟੀਮ ਵੱਲੋਂ ਮੌਕ ਡਰਿੱਲ ਰਾਹੀਂ ਵੱਖ-ਵੱਖ ਹਾਲਾਤ ਜਿਵੇਂ ਭੂਚਾਲ ਦਾ ਆਉਣਾ, ਅੱਗ ਲੱਗਣ ਦੀ ਘਟਨਾ, ਹੜ੍ਹਾਂ ਦੀ ਸਥਿਤੀ, ਜ਼ਹਿਰੀਲੀ ਗੈਸ ਲੀਕ ਹੋਣਾ, ਅਤੇ ਬੋਰਵਲ ਵਿੱਚ ਡਿਗਣਾ ਆਦਿ ਸਬੰਧੀ ਕੀਤੇ ਜਾਣ ਵਾਲੇ ਬਚਾਅ ਦੇ ਢੰਗਾਂ ਸਬੰਧੀ ਸਿਖਾਇਆ ਗਿਆ। ਟ੍ਰੇਨਿੰਗ ਵਰਕਸ਼ਾਪ ਵਿੱਚ ਹੜ੍ਹਾਂ ਅਤੇ ਦਰਿਆ ਪਾਰ ਕਰਨ ਮੌਕੇ ਆਈ ਮੁਸ਼ਕਿਲ ਸਮੇਂ ਕਿਸ ਤਰ੍ਹਾਂ ਆਪਣੀ ਅਤੇ ਹੋਰਨਾਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਕਿਸ ਤਰ੍ਹਾਂ ਘਰੇਲੂ ਵਸਤੂਆਂ ਦੀ ਵਰਤੋਂ ਕਰਕੇ ਸੁਰੱਖਿਅਤ ਸਥਾਨ ਤੇ ਪਹੁੰਚਿਆ ਜਾ ਸਕਦਾ ਹੈ ਬਾਰੇ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ। ਟੀਮ ਵੱਲੋਂ ਟਰੇਨਿੰਗ ਦੌਰਾਨ ਵਾਤਾਵਰਣ ਸੰਭਾਲ ਦਾ ਸੰਦੇਸ਼ ਵੀ ਦਿੱਤਾ ਗਿਆ।

ਸਕੂਲ ਵੱਲੋਂ ਐਨ.ਡੀ.ਆਰ.ਐਫ ਦੀ ਟੀਮ ਅਤੇ ਮੁੱਖ ਮਹਿਮਾਨ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਕੂਲ ਸਟਾਫ ਵਿਸ਼ਾਲ ਗੁਪਤਾ, ਲੈਫਟੀਨੈਂਟ ਪ੍ਰਿਤਪਾਲ ਸਿੰਘ, ਬਲਵਿੰਦਰ ਕੋਰ, ਪ੍ਰਿਯੰਕਾ ਜੋਸ਼ੀ, ਗੀਤਾ, ਸ਼ਰੁਤੀ ਮਹਿਤਾ, ਨੈਨਸੀ ਪ੍ਰਵੀਨ ਬਾਲਾ, ਸੁਚੀ ਜੈਨ, ਗੁਰਪ੍ਰੀਤ ਕੌਰ ਲੈਕਚਰਾਰ, ਅਰੁਣ ਕੁਮਾਰ, ਵਿਜੇ ਭਾਰਤੀ, ਸ਼ਵੇਤਾ ਅਰੋੜਾ, ਸੰਦੀਪ ਕੁਮਾਰ, ਮਨਦੀਪ ਸਿੰਘ, ਬਲਜੀਤ ਕੌਰ, ਦਵਿੰਦਰ ਕੁਮਾਰ, ਅਮਰਜੀਤ ਕੌਰ, ਆਂਚਲ ਮਨਚੰਦਾ, ਨੇਹਾ ਕਾਮਰਾ, ਕੰਚਨ ਬਾਲਾ, ਮਹਿਮਾ ਕਸ਼ਅਪ ਅਤੇ ਜਗਸੀਰ ਸਿੰਘ ਪਟਵਾਰੀ ਹਾਜ਼ਰ ਸਨ।