ਬਾਬਾ ਬੁੱਧ ਸਿੰਘ ਜੀ ਢਾਹਾਂ ਵਾਲਿਆਂ ਦਾ  ਜਨਮ ਸ਼ਤਾਬਦੀ ਸਾਲ ਹੈ ਇਹ

ਬਾਬਾ ਬੁੱਧ ਸਿੰਘ ਜੀ ਢਾਹਾਂ ਵਾਲਿਆਂ ਦਾ  ਜਨਮ ਸ਼ਤਾਬਦੀ ਸਾਲ ਹੈ ਇਹ

▪️ਗੁਰਭਜਨ ਗਿੱਲ

ਫਗਵਾੜਾ ਤੋਂ ਨਵਾਂ ਸ਼ਹਿਰ ਜਾਦਿਆ ਬਹੁਤ ਵਾਰ ਢਾਹਾਂ ਕਲੇਰਾਂ ਹਸਪਤਾਲ ਦਾ ਬੋਰਡ ਪੜ੍ਹੀਦਾ ਸੀ ਅਰ ਅੰਦਰ ਜਾਣ ਦਾ ਮੌਕਾ ਕਦੇ ਨਾ ਮਿਲਿਆ।
2005-06 ਵਿੱਚ ਅਚਨਚੇਤ ਸੁਨੇਹਾ ਮਿਲਿਆ ਕਿ ਹਸਪਤਾਲ  ਵਿੱਚ ਕਵੀ ਦਰਬਾਰ ਤੇ ਸੈਮੀਨਾਰ ਹੈ। ਹੈਰਾਨੀ ਵੀ ਹੋਈ ਪਰ ਜਾਣ ਦਾ ਚਾਅ ਵੱਧ ਸੀ।  ਇਸ ਹਸਪਤਾਲ ਦੇ ਮੋਢੀ ਬਾਬਾ ਬੁੱਧ ਸਿੰਘ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ। ਕਵੀ ਦਰਬਾਰ ਵਿੱਚ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਹਿਤ, ਤ੍ਰੈਲੋਚਨ ਲੋਚੀ ਸਮੇਤ ਕੁਝ ਹੋਰ ਮਿੱਤਰ ਸਨ, ਮੈਂ ਵੀ। ਡਾ. ਸੁਤਿੰਦਰ ਸਿੰਘ ਨੂਰ ਤੇ ਕੁਝ ਹੋਰ ਵਿਦਵਾਨ ਸੈਮੀਨਾਰ ਵਿੱਚ ਬੋਲੇ।  ਆਦਰ ਮਾਣ ਪਿੱਛੇ ਬੀਬੀਸੁਸ਼ੀਲ ਕੌਰ ਸੀ। ਉਹ ਇਸ ਹਸਪਤਾਲ ਵਿੱਚ ਲੋਕ ਸੰਪਰਕ ਦੀ ਦੇਖ ਰੇਖ ਦੇ ਨਾਲ ਨਾਲ ਇੱਕ ਮੈਗਜ਼ੀਨ ਵੀ ਟਰਸਟ ਵੱਲੋਂ ਸੰਪਾਦਿਤ ਕਰਦੀ ਸੀ।
ਰਸਮੀ ਤੌਰ ਤੇ ਸਾਡੀ ਪਹਿਲੀ ਮੁਲਾਕਾਤ ਸੀ ਇਹ। ਬਾਬਾ ਬੁੱਧ ਸਿੰਘ ਜੀ ਬਾਰੇ ਮਹਿੰਦਰ ਸਿੰਘ ਦੋਸਾਂਝ। ਦੱਸਦੇ ਹੁੰਦੇ ਸਨ ਕਿ ਬਾਬਾ ਜੀ ਜਵਾਨ ਉਮਰੇ ਕੈਨੇਡਾ ਕਮਾਈਆਂ ਕਰਨ ਗਏ ਸਨ। ਫਿਰ ਪਿੰਡ ਤੇ ਇਲਾਕਾ  ਚੇਤੇ ਆਇਆ। ਬਾਬਾ ਜੀ ਪਰਤ ਆਏ। ਰੱਕੜਾਂ ਵਿੱਚ ਸੇਵਾ ਦਾ ਕੰਵਲ ਫੁੱਲ ਉਗਾਇਆ। ਪੂਰੇ ਖੇੜੇ ਤੇ ਆਇਆ ਤਾਂ ਕੁਝ ਸੱਜਣਾਂ ਨੂੰ ਨਾ ਭਾਇਆ।
“ਸੰਤ ਚੱਲਦੇ ਭਲੇ
ਨਗਰੀ ਵੱਸਦੀ ਭਲੀ”
ਵਾਕ ਲੈ ਕੇ ਨਵੀਂ ਦੁਨੀਆਂ ਵਸਾਉਣ ਤੁਰ ਪਏ। ਕੁੱਕੜ ਮਜਾਰਾ ਵਿੱਚ ਜਾ ਮੇਹੜੀ ਗੱਡੀ। ਕੁਝ ਸਮੇਂ ਬਾਦ ਸਵਾਸਾਂ ਦੀ ਡੋਰ ਟੁੱਟ ਗਈ। ਬਾਬਾ ਜੀ ਦੇ ਸੰਗੀਆਂ ਸੁਸ਼ੀਲ ਕੌਰ ਤੇ ਰਘਬੀਰ ਸਿੰਘ ਸਮੇਤ ਸਭ ਰਲ ਕੇ ਬਾਬਾ ਜੀ ਦਾ ਜਨਮ ਸ਼ਤਾਬਦੀ ਸਾਲ ਮਨਾ ਰਹੇ ਹਨ। ਚੰਡੀਗੜ੍ਹ ਰੋਡ ਤੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਕੁੱਕੜ ਮਜਾਰਾ ਪਿੰਡ ਵਿੱਚ  ਅੱਜ ਪਰਮਾਰਥ ਦੀਆਂ ਵੀ ਬਾਤਾਂ ਪੈਣਗੀਆਂ ਤੇ ਸੇਵਾ ਲਈ ਮੈਡੀਕਲ ਕੈਂਪ ਵੀ।
ਬਾਬਾ ਜੀ ਬਾਰੇ ਉਨ੍ਹਾਂ ਦੇ ਅਭਿਨੰਦਨ ਗ੍ਰੰਥ ਲਈ ਕਿਸੇ ਵਕਤ ਪੰਜਾਬ ਟਾਈਮਜ਼ ਜਲੰਧਰ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾੜ ਨੇ ਮੇਰੇ ਤੋਂ ਕੁਝ ਸਤਰਾਂ  ਲਿਖਵਾਈਆਂ ਸਨ। ਅਭਿਨੰਦਨ ਗ੍ਰੰਥ ਤਾਂ ਅੱਜ ਤੀਕ ਵੇਖਿਆ ਨਹੀਂ, ਪਰ ਇਹ ਕਵਿਤਾ ਮੈਂ ਆਪਣੇ 2007 ਵਿੱਚ ਛਪੇ ਕਾਵਿ ਸੰਗ੍ਰਹਿ “ਪਾਰਦਰਸ਼ੀ” ਵਿੱਚ ਸ਼ਾਮਲ ਕਰ ਲਈ ਸੀ। ਉਹੀ ਕਵਿਤਾ ਤੁਹਾਡੇ ਲਈ ਬਾਬਾ ਬੁੱਧ ਸਿੰਘ ਸਿਮਰਤੀ ਸਮਾਰੋਹ ਮੌਕੇ ਹਾਜ਼ਰ ਹੈ। ਇਹ ਸ਼ਬਦ ਅੰਜੁਲੀ ਪ੍ਰਵਾਨ ਕਰਨਾ।

 ਇਹ ਤਾਂ ਜੋ ਨਿਰੰਤਰ ਕੋਈ

(ਬਾਬਾ ਬੁੱਧ ਸਿੰਘ ਢਾਹਾਂ ਦੇ ਨਾਂ)

ਦਰਦ ਪਰੁੱਚੀ ਧਰਤੀ ਉੱਤੇ,
ਜਿਥੇ ਬਹੁਤੇ ਲੋਕੀਂ ਸੁੱਤੇ,
ਚਾਰ ਚੁਫੇਰੇ ਅੰਨ੍ਹੀ ਬੋਲੀ,
ਨੇਰ੍ਹੀ ਵੀ ਤੇਜ਼ ਵਗੇ।
ਫਿਰ ਵੀ ਵੇਖੋ,
ਇਸ ਝੱਖੜ ਵਿਚ
ਸੁਰਖ਼ ਚਿਰਾਗ ਜਗੇ।

ਗੁਰੂ ਨਾਨਕ ਦੇ ਸਿੱਖ ਦੀ ਬੁੱਧ ਨੇ,
ਰੱਕੜਾਂ ਦੇ ਵਿਚ ਡੇਰਾ ਲਾਇਆ।
ਕੱਲਰਾਂ ਦੀ ਚਮਕਾਰ ਡਰਾਵੇ,
ਪਰ ਲੋਕਾਂ ਤੋਂ ਸ਼ਕਤੀ ਲੈ ਕੇ,
ਰੜੇ ਮੈਦਾਨ 'ਚ ਕੰਵਲ ਉਗਾਇਆ।

‘ਢਾਹਾਂ’ ਵਾਲੇ ਅਰਥ ਬਦਲ ਕੇ,
ਕੀਤੀ ਉਸ ਨੇ ਇੰਜ ਉਸਾਰੀ।
ਦੋਆਬੇ ਦੀ ਧਰਤੀ ਅੰਦਰ,
ਜੋੜੀ ਸਗਲ ਸ੍ਰਿਸ਼ਟੀ ਸਾਰੀ।

ਬੱਬਰਾਂ ਦੀ ਮਿੱਟੀ ਦਾ ਜਾਇਆ।
ਛੱਡ ਕੇ ਵੱਸਦਾ ਦੇਸ਼ ਕਨੇਡਾ।
ਮੁੜ ਆਪਣੇ ਵਤਨਾਂ ਵੱਲ ਧਾਇਆ।
ਵੀਹਵੀਂ ਸਦੀ ਦੇ ਅੰਤ ਪਹਿਰ ਵਿਚ,
ਉਸ ਨੇ ਗ਼ਦਰੀ ਬਾਬਿਆਂ ਵਾਲਾ,
ਵਰਕਾ ਪਲਟ, ਪਾਠ ਦੁਹਰਾਇਆ।

ਉਸ ਨੇ ਚਾਹਿਆ।
ਜੇ ਲੋਕਾਂ ਨੂੰ ਸਿਹਤ ਸਹੂਲਤ,
ਸਿੱਖਿਆ ਤੇ ਸੰਸਾਰ ਦੀ ਸੋਝੀ,
ਘਰ ਬੈਠੇ ਹਾਸਲ ਹੋ ਜਾਵੇ।
ਉਸ ਤੋਂ ਮਗਰੋਂ ਮੈਨੂੰ ਭਾਵੇਂ,
ਅਗਲਾ ਸਾਹ ਆਵੇ ਨਾ ਆਵੇ।

ਉਸ ਨੇ ਹੋਕਾ ਦਿੱਤਾ ਲੋਕੋ,
ਚੱਖਣਾ ਜਿਸ ਨੇ ਅਸਲੀ ਮੇਵਾ।
ਕਰੋ ਸਮਰਪਿਤ ਜ਼ਿੰਦਗੀ ਏਥੇ,
ਧਰਮ ਬਣਾਉ ਮਾਨਵ ਸੇਵਾ।

ਸਿਰਫ਼ ਵਿਖਾਵਾ ਨਿਰਾ ਕਪਟ ਹੈ,
ਗੁਰੂ ਨਾਨਕ ਦੇ ਬੋਲ ਪੁਗਾਉ।
ਸੇਵਾ ਸਿਮਰਨ ਅਤੇ ਸ਼ਬਦ ਨੂੰ,
ਘਰ ਘਰ ਅੰਦਰ ਤੁਰਤ ਪੁਚਾਉ।

ਗੁਰੂ ਨਾਨਕ ਦੇ ਸਿੱਖ ਨੇ ਕੀਤੀ,
ਕੁਲ ਦੁਨੀਆਂ ਨੂੰ ਇੰਜ ਅਪੀਲ।
 ਨਾ ਧਿਰਿਆਂ ਦੀ ਧਿਰ ਬਣ ਜਾਓ,
ਜਿੰਨ੍ਹਾਂ ਦਾ ਨਾ ਕੋਈ ਵਕੀਲ।

ਕੁਲ ਆਲਮ ਨੇ ਸੁਣਿਆ ਸਾਰੇ
ਬਾਬੇ ਨੇ ਜੋ ਲਾਇਆ ਨਾਅਰਾ।
ਪਰਤ ਕਿਹਾ, ਤੂੰ ਫ਼ਿਕਰ ਕਰੀਂ ਨਾ,
ਅਸੀਂ ਦਿਆਂਗੇ ਠੋਸ ਹੁੰਗਾਰਾ।

ਲੋਕ ਸ਼ਕਤੀਆਂ ਦੇ ਰੱਬ ਸੁਣਿਆ,
ਇਸ ਦਰਗਾਹੇ ਇਹ ਜੈਕਾਰਾ।
ਅੱਖ ਪਲਕਾਰੇ ਦੇ ਵਿਚ ਤੱਕਿਆ,
ਸੁੱਕੇ ਰੁੱਖ ਨੂੰ ਪਿਆ ਫੁਟਾਰਾ।

ਦੋਆਬੇ ਦੀ ਬਾਤ ਜਦੋਂ ਇਹ,
ਤੁਰ ਪਈ ਸੱਤ ਸਮੁੰਦਰੋਂ ਪਾਰ।
ਕੁੱਲ ਆਲਮ ਨੇ ਇਕ ਸੁਰ ਹੋ ਕੇ,
ਸਿਰਜ ਲਿਆ ਅਦਭੁੱਤ ਸੰਸਾਰ।

ਏਸ ਕਥਨ ਨੂੰ ਸੱਚ ਕਰ ਜਾਣਿਆਂ,
ਘਰ ਬਾਹਰ ਤੇਰਾ ਭਰਵਾਸਾ।
ਨੇਕ ਕਮਾਈ ਕਰਨ ਵਾਲਿਆ,
ਭਰ ਦਿੱਤਾ ਮੂੰਹ ਤੀਕਣ ਕਾਸਾ।

ਸੁਪਨੇ ਤੋਂ ਨਿਰਮਾਣ ਤੀਕਰਾਂ,
ਜੋ ਵੀ ਰਾਹ ਵਿਚ ਰੋੜੇ ਆਏ।
ਚੁਗ ਚੁਗ ਲੋਕਾਂ ਆਪ ਹਟਾਏ।
ਬਣਨ ਤਾਂ ਜੋ ਸਾਂਝੇ ਸੁਪਨੇ ਨੂੰ,
ਕੋਈ ਆਂਚ ਨਾ ਆਵੇ।

ਏਸ ਕਾਫ਼ਲੇ ਅੰਦਰ ਰਲ ਗਏ,
ਦੀਨ, ਦੁਨੀ ਤੇ ਹਰਕਤ ਵਾਲੇ।
ਤਾਂ ਹੀ ਇਸ ਧਰਤੀ ਤੇ ਉੱਗੇ,
ਸੁਪਨ ਸੁਨਹਿਰੀ ਬਰਕਤ ਵਾਲੇ।

ਏਸ ਭਵਨ ਦੀ ਨੀਂਹ ਦੇ ਹੇਠਾਂ,
ਬੈਠੇ ਨੇ ਜੋ ਲੋਕ ਅਸੀਲ।
ਉਨ੍ਹਾਂ ਵਿਚ ਇਕ ਸਿਦਕਣ ਵੀ ਹੈ,
ਲੋਕੀਂ ਜਿਸ ਨੂੰ ਕਹਿਣ ਸੁਸ਼ੀਲ।

ਉਹ ਆਪਣੇ ਲਈ ਦੁਨੀਆਂ ਕੋਲੋਂ,
ਸੁਖਾਂ ਪਰੁੱਚੀ ਥਾਂ ਨਹੀਂ ਮੰਗਦੀ।
ਇੱਟਾਂ ਉਪਰ ਲਿਖਿਆ ਗੂੜ੍ਹਾ,
ਲਿਸ਼ ਲਿਸ਼ਕੰਦੜਾ ਨਾਂ ਨਹੀਂ ਮੰਗਦੀ।
ਇਹ ਤਾਂ ਕਿਰਪਾ ਬਿਰਖਾਂ ਦੀ ਹੈ,
ਆਪਣੇ ਮੂੰਹੋਂ ਛਾਂ ਨਹੀਂ ਮੰਗਦੀ।

ਇਹ ਤਾਂ ਜੋ ਨਿਰੰਤਰ ਕੋਈ,
ਤੂਫ਼ਾਨਾਂ ਤੋਂ ਬਚ ਕੇ ਆਈ।
ਕਰਮ ਭੂਮ ਬਣ ਗਈ ਕਲੇਰਾਂ,
ਹੋਰ ਕਿਸੇ ਥਾਂ ਜੰਮੀ ਜਾਈ।

ਜੰਗਲ ਦੇ ਵਿਚ ਮੰਗਲ ਜਿਥੇ,
ਨਾ ਧਿਰਿਆਂ ਦੀ ਜਿੱਥੇ ਥਾਂ ਹੈ।
ਮੇਰੀ ਇਹ ਸ਼ਬਦਾਂ ਦੀ ਅੰਜੁਲੀ,
ਸਾਂਭੋ, ਇਹ ਸਭ ਉਸ ਦੇ ਨਾਂ ਹੈ।