ਨਵਾਂਸ਼ਹਿਰ ਜ਼ਿਲ੍ਹੇ ’ਚ ਦਵਾਈਆਂ, ਘਰੇਲੂ ਰਾਸ਼ਨ ਅਤੇ ਸਬਜ਼ੀਆਂ ਦੀ ਡਿਲਿਵਰੀ ਦਾ ਕੰਮ ਸਫ਼ਲਤਾਪੂਰਵਕ ਚੱਲਿਆ

ਜ਼ਿਲ੍ਹੇ ਵਿੱਚ 45 ਮੈਡੀਕਲ ਸਟੋਰਾਂ ਤੋਂ ਲੋਕਾਂ ਨੂੰ ਮਿਲੀ ਸੁਵਿਧਾ

ਨਵਾਂਸ਼ਹਿਰ ਜ਼ਿਲ੍ਹੇ ’ਚ ਦਵਾਈਆਂ, ਘਰੇਲੂ ਰਾਸ਼ਨ ਅਤੇ ਸਬਜ਼ੀਆਂ ਦੀ ਡਿਲਿਵਰੀ ਦਾ ਕੰਮ ਸਫ਼ਲਤਾਪੂਰਵਕ ਚੱਲਿਆ
ਨਵਾਂਸ਼ਹਿਰ ’ਚ ਰਾਸ਼ਨ ਦੀ ਵੰਡ, ਦਵਾਈਆਂ ਲੈਂਦੇ ਹੋਏ ਅਤੇ ਸਬਜ਼ੀਆਂ ਖਰੀਦਦੇ ਹੋਏ ਲੋਕ।

ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਤੋਂ ਲੋਕਾਂ ਦੀ ਆਮ ਲੋੜਾਂ ਪ੍ਰਭਾਵਿਤ ਨਾ ਹੋਣ ਦੇਣ ਨੂੰ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਵਾਈਆਂ, ਘਰੇਲੂ ਰਾਸ਼ਨ ਅਤੇ ਸਬਜ਼ੀਆਂ ਸਪਲਾਈ ਕਰਨ ਦੀ ਯੋਜਨਾ ਸਫ਼ਲ ਰਹੀ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ’ਚ 45 ਦੇ ਕਰੀਬ ਮੈਡੀਕਲ ਸਟੋਰਾਂ ਰਾਹੀਂ ਅੱਜ ਲੋਕਾਂ ਨੂੰ ਦਵਾਈਆਂ ਦੀ ਸਪਲਾਈ ਕੀਤੀ ਗਈ। ਇਨ੍ਹਾਂ ਵਿੱਚ ਜੀ ਓ ਜੀਜ਼ ਵੱਲੋਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਦਵਾਈਆਂ ਪਹੁੰਚਾਉਣ ’ਚ ਸਹਾਇਤਾ ਕੀਤੀ ਗਈ। ਦਵਾਈਆਂ  ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ 01823-227471, 227473 ਅਤੇ 227473  ’ਤੇ ਸੰਪਰਕ ਕਰਕੇ ਹੋਮ ਡਿਲਿਵਰੀ ਕਰਵਾਈ ਜਾ ਸਕਦੀ ਹੈ।
ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ’ਚ ਤਜਰਬੇ ਦੇ ਆਧਾਰ ’ਤੇ ਕਰਵਾਈ ਗਈ ਘਰੇਲੂ ਸਮਾਨ ਦੀ ਵੰਡ ਦੀ ਯੋਜਨਾ ਵੀ ਪੂਰੀ ਕਾਮਯਾਬ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ, ਬਰਨਾਲਾ ਰੋਡ, ਹੀਰਾ ਜੱਟਾਂ ਮੁਹੱਲਾ, ਟੀਚਰ ਕਲੋਨੀ, ਸ਼ੂਗਰ ਮਿੱਲ ਦੇ ਨੇੜੇ, ਰਾਹੋਂ ਰੋਡ, ਸਲੋਹ ਰੋਡ, ਵਿਕਾਸ ਨਗਰ, ਨਿਊ ਟੀਚਰ ਕਲੋਨੀ, ਫਰੈਂਡਜ਼ ਕਲੋਨੀ, ਖਾਰਾ ਕਲੋਨੀ, ਕਰਿਆਮ ਰੋਡ, ਨਵੀਨ ਆਬਾਦੀ, ਸ੍ਰੀ ਗੁਰੂ ਰਵਿਦਾਸ ਮੁਹੱਲਾ ਅਤੇ ਪੰਡੋਰਾ ਮੁਹੱਲਾ ਵਿੱਚ ਗੱਡੀਆਂ ਰਾਹੀਂ ਘਰ-ਘਰ ਰਾਸ਼ਨ ਸਪਲਾਈ ਕਰਵਾਇਆ ਗਿਆ।
ਇਸੇ ਤਰ੍ਹਾਂ ਬੰਗਾ ਸ਼ਹਿਰ ’ਚ ਚਾਰ ਗੱਡੀਆਂ ਰਾਸ਼ਨ ਤੋਂ ਬਾਅਦ ਸ਼ਾਮ ਤੱਕ ਚਾਰ ਹੋਰ ਗੱਡੀਆਂ ਰਾਸ਼ਨ ਦੀਆਂ ਭੇਜੀਆਂ ਜਾ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਰਾਸ਼ਨ ਦੀ ਵੰਡ ਨੂੰ ਬਾਕੀ ਸ਼ਹਿਰਾਂ ਤੱਕ ਅਤੇ ਪਿੰਡਾਂ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਘਰਾਂ ਤੱਕ ਸਪਲਾਈ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ।
ਮਾਰਕੀਟ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ’ਚ ਰੇਹੜੀਆਂ ਰਾਹੀਂ ਸਬਜ਼ੀਆਂ ਦੀ ਸਪਲਾਈ ਕੀਤੀ ਗਈ, ਜਿਸ ਕਾਰਨ ਸ਼ਹਿਰ ’ਚ ਕਿਸੇ ਨੂੰ ਵੀ ਮੁਸ਼ਕਿਲ ਨਹੀਂ ਆਈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਪਿੰਡਾਂ ਤੱਕ ਵੀ ਲਿਜਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਜਿਵੇਂ ਦੁੱਧ-ਦਹੀਂ, ਸਬਜ਼ੀਆਂ, ਦਵਾਈਆਂ ਅਤੇ ਰਾਸ਼ਨ ਨੂੰ ਅੱਜ ਪੂਰਾ ਪੂਰਾ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਆਪਸ ’ਚ ਨਾ ਮਿਲਣ ਦੇਣ ਅਤੇ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ’ਚ ਸਹਿਯੋਗ ਦਿੰਦੇ ਹੋਏ ਘਰਾਂ ’ਚ ਹੀ ਬੈਠਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਮੈਡੀਕਲ ਐਮਰਜੈਂਸੀ ਲਈ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਪਾਸ ਜਾਰੀ ਕਰਨ ਦੇ ਅਖਤਿਆਰ ਦਿੱਤੇ ਗਏ ਹਨ ਅਤੇ ਕੋਈ ਵੀ ਵਿਅਕਤੀ ਇਸ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।/(25 ਮਾਰਚ)