ਖੇਡਾਂ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਬਣਾਉਂਦੀਆਂ ਹਨ: ਸੰਸਦ ਮੈਂਬਰ ਮਨੀਸ਼ ਤਿਵਾੜੀ

ਪਿੰਡ ਚੰਦਪੁਰ ਬੇਲਾ ਵਿਖੇ ਹੋਏ 21ਵੇਂ ਕਬੱਡੀ ਕੱਪ ਵਿੱਚ ਕੀਤੀ ਸ਼ਿਰਕਤ; ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ; ਪਿੰਡ ਦੇ ਵਿਕਾਸ ਲਈ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

ਖੇਡਾਂ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਬਣਾਉਂਦੀਆਂ ਹਨ: ਸੰਸਦ ਮੈਂਬਰ ਮਨੀਸ਼ ਤਿਵਾੜੀ

ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ , 2022: ਖੇਡਾਂ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਬਣਾਉਂਦੀਆਂ ਹਨ ਤੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੁੰਦੀਆਂ ਹਨ| ਇਹ ਸ਼ਬਦ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਚੰਦਪੁਰ ਬੇਲਾ ਵਿਖੇ ਕਰਵਾਏ ਗਏ 21ਵੇਂ ਕਬੱਡੀ ਕੱਪ ਵਿੱਚ ਸ਼ਿਰਕਤ ਕਰਨ ਮੌਕੇ ਕਹੇ।

ਇਸ ਮੌਕੇ ਸੰਤ ਬਾਬਾ ਸੇਵਾ ਸਿੰਘ , ਸੰਤ ਬਾਬਾ ਭਾਗ ਸਿੰਘ , ਸੰਤ ਬਾਬਾ ਲਾਭ ਸਿੰਘ, ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਦੀ ਯਾਦ ਨੂੰ ਸਮਰਪਿਤ ਕਿਲਾ ਅਨੰਦਗੜ੍ਹ ਸਾਹਿਬ ਅਤੇ ਯੂਥ ਕਲੱਬ ਤੇ ਨਗਰ ਨਿਵਾਸੀਆਂ ਵੱਲੋਂ ਕਰਵਾਏ ਗਏ ਕਬੱਡੀ ਕੱਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹੋਏ, ਐਮ.ਪੀ ਤਿਵਾੜੀ ਨੇ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਉਂਦੀਆਂ ਹਨ ਤੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੀਆਂ ਹਨ। ਇਸ ਤੋਂ ਇਲਾਵਾ, ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਖੇਡਾਂ ਬਹੁਤ ਵੱਡਾ ਹਥਿਆਰ ਹਨ। ਉਨ੍ਹਾਂ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਟੂਰਨਾਮੈਂਟ ਵਿੱਚ ਕੁੱਲ 18 ਟੀਮਾਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 65 ਕਿਲੋ ਭਾਰ ਵਰਗ ਵਿੱਚ ਚੰਦਪੁਰ ਬੇਲਾ ਦੀ ਟੀਮ ਪਹਿਲੇ ਅਤੇ ਸ੍ਰੀ ਚਮਕੌਰ ਸਾਹਿਬ ਦੀ ਟੀਮ ਦੂਜੇ ਸਥਾਨ ’ਤੇ ਰਹੀ। ਪਿੰਡ ਪੱਧਰ ’ਤੇ ਹੋਏ ਆਲ ਓਪਨ ਟੂਰਨਾਮੈਂਟ ਵਿੱਚ 8 ਟੀਮਾਂ ਨੇ ਭਾਗ ਲਿਆ ਅਤੇ ਮੌਲੀ ਬੈਦਵਾਨ ਦੀ ਟੀਮ ਪਹਿਲੇ ਅਤੇ ਖੇੜੀ ਗੁੱਜਰਾਂ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸ ਤਰ੍ਹਾਂ, ਰੱਸਾ ਕੱਸੀ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਸ਼ਾਹਪੁਰ ਬੇਲਾ ਪਹਿਲੇ ਅਤੇ ਚੰਦਪੁਰ ਬੇਲਾ ਦੂਜੇ ਸਥਾਨ ’ਤੇ ਰਿਹਾ।

ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਪ੍ਰਬੰਧਕਾਂ ਦੀ ਸ਼ਲਾਘਾ ਵੀ ਕੀਤੀ, ਜਿਨ੍ਹਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਪਿੰਡ ਦੇ ਵਿਕਾਸ ਲਈ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਬਾਬਾ ਖੜਕ ਸਿੰਘ, ਪ੍ਰਦੀਪ ਸਿੰਘ ਸਾਬਕਾ ਸਰਪੰਚ, ਸੰਜੀਵ ਪੰਡਿਤ ਪ੍ਰਧਾਨ ਯੂਥ ਕਲੱਬ, ਹਰਨੇਕ ਸਿੰਘ ਮੀਤ ਪ੍ਰਧਾਨ, ਸੰਜੀਵ ਪੰਡਿਤ ਸਪੋਰਟਸ ਕੁਮੈਂਟੇਟਰ, ਡਾ. ਅੱਛਰ ਸ਼ਰਮਾ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਰੋਪੜ, ਸਰਪੰਚ ਜਸਪਾਲ ਸਿੰਘ, ਗੁਰਵੀਰ ਸਿੰਘ ਗੱਜਪੁਰ, ਸੁਭਾਸ਼ ਚੰਦ, ਕਰਨ, ਲਵਲੀ, ਪ੍ਰਿੰਸ, ਸੁਖਵੀਰ ਕਾਕਾ ਆਦਿ ਹਾਜ਼ਰ ਸਨ।