ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰੇਮ ਗੋਰਖੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰੇਮ ਗੋਰਖੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ : 
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋ
ਅਕਾਡਮੀ ਦੇ ਜੀਵਨ ਮੈਂਬਰ ਸ੍ਰੀ ਪ੍ਰੇਮ ਗੋਰਖੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ
ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇੇ ਜਨਰਲ ਸਕੱਤਰ
ਡਾ. ਸੁੁਰਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਪ੍ਰੇਮ ਗੋਰਖੀ
ਸਵੈਜੀਵਨੀ ਲੇਖਕ ਅਤੇ ਨਾਮੀ ਪੱਤਰਕਾਰ ਸਨ। ਉਨ੍ਹਾਂ ਨੇ ਪੰਜਾਬ ਦੇ ਦਲਿਤ ਸਮਾਜ ਦੇ
ਅਣਗੌਲੇ ਜੀਵਨ ਦੇ ਅਨੇਕਾਂ ਪਾਸਾਰਾਂ ਨੂੰ ਆਪਣੀਆਂ ਕਹਾਣੀਆਂ, ਨਾਵਲੈਟਾਂ ਅਤੇ ਸਵੈ
ਜੀਵਨੀ ਵਿਚ ਮੂਰਤੀਮਾਨ ਕੀਤਾ ਸੀ। ਗੋਰਕੀ ਜੀ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਮਿੱਟੀ
ਰੰਗੇ ਲੋਕ’ ਅਤੇ ‘ਨਾਵਲੈਟ ‘ਤਿੱਤਰ ਖੰਭੀ ਜੂਹ’ ਦੇ ਛਪਣ ਨਾਲ ਚਰਚਾ ਵਿਚ ਆਏ ਸਨ।
ਉਨ੍ਹਾਂ ਦਸਿਆ ਪ੍ਰੇਮ ਗੋਰਖੀ ਨੇ ਮਿੱਟੀ ਰੰਗੇ ਲੋਕ, ਜੀਣ ਮਰਣ, ਅਰਜਨ ਸਫੈਦੀ ਵਾਲਾ,
ਧਰਤੀ ਪੁੱਤਰ ਤੇ ਜਨਰੇਸ਼ਨ ਗੈਪ’ ਕਹਾਣੀ ਸੰਗ੍ਰਹਿ ਸਮੇਤ ‘ਤਿੱਤਰ ਖੰਭੀ ਜੂਹ, ਬੁੱਢੀ
ਰਾਤ ਤੇੇ ਸੂਰਜ ਅਤੇ ਵਣਵੇਲਾ’ ਨਾਵਲੈੱਟ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਨ੍ਹਾਂ ਦਸਿਆ
‘ਗੈਰ ਹਾਜ਼ਰ ਆਦਮੀ’ ਉਨ੍ਹਾਂ ਦੀ ਸਵੈਜੀਵਨੀ ਹੈ। ਸ੍ਰੀ ਪ੍ਰੇਮ ਗੋਰਖੀ ਦੇ ਸਦੀਵੀ
ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ
ਹੈ। ਇਸ ਦੁੱਖ ਦੇੇ ਸਮੇਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰ ਨਾਲ ਹਮਦਰਦੀ ਦਾ
ਪ੍ਰਗਟਾਵਾ ਕਰਦੀ ਹੈ।
ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਕ ਹੋਰ ਉਦਾਸ ਕਰਨ
ਵਾਲੀ ਖਬਰ ਹੈ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ
ਤਰਸੇਮ ਬਰਨਾਲਾ ਦਾ ਵੱਡਾ ਵੀਰ ਕੁਝ ਸਮਾਂ ਬੀਮਾਰ ਰਹਿ ਕੇ ਸਦੀਵੀ ਵਿਛੋੜਾ ਦੇ ਗਏ ਹਨ।
ਇਸ ਨਾ ਪੂਰੇ ਜਾਣ ਵਾਲੇ ਘਾਟੇ ਕਰਕੇ ਅਕਾਡਮੀ ਤਰਸੇਮ ਬਰਨਾਲਾ ਅਤੇ ਪਰਿਵਾਰ ਨਾਲ ਦੁੱਖ
ਸਾਂਝਾ ਕਰਦੀ ਹੋਈ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ
ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ,
ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ
ਪੰਧੇਰ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ,
ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼,
ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ,
ਤਰਸੇਮ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਡਾ. ਵਨੀਤਾ, ਗੁਲਜ਼ਾਰ ਸਿੰਘ ਸ਼ੌਂਕੀ,
ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।

 

 

ਲਿੱਸੇ ਤੇ ਕਮਜ਼ੋਰ ਨਿਤਾਣੇ ਲੋਕਾਂ ਦੀ ਆਵਾਜ਼ ਵਾਲਾ ਲੇਖਕ ਸੀ ਪ੍ਰੇਮ ਗੋਰਖੀ - ਗੁਰਭਜਨ ਗਿੱਲ

ਲੁਧਿਆਣਾ:  

ਲਾਡੋਵਾਲੀ(ਜਲੰਧਰ) ਪਿੰਡ ਦੇ ਜੰਮਪਲ ਤੇ ਸਮਰੱਥ ਕਹਾਣੀਕਾਰ ਪ੍ਰੇਮ ਗੋਰਖੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਸਭਿਆਚਾਰ ਅਕਾਡਮੀ ਦੇ ਚੇਅਰਮੈਨ ਤੇ ਗੋਰਖੀ ਦੇ ਪੁਰਾਣੇ ਮਿੱਤਰ ਗੁਰਭਜਨ ਗਿੱਲ ਨੇ ਕਿਹਾ ਹੈ ਕਿ ਸਾਡੇ ਵੱਡੇ ਵੀਰ ਤੇ ਲੇਖਕ ਪ੍ਰੋਮ ਗੋਰਖੀ ਦਾ ਅਚਨਚੇਤ ਚਲਾਣਾ ਬੇਹੱਦ ਦੁਖਦਾਈ ਹੈ।
ਸਾਡਾ ਵੀਰ ਪ੍ਰੇਮ ਗੋਰਖੀ ਬਣਨ ਤੋਂ ਪਹਿਲਾਂ ਨਿਮਾਣਾ ਤਲੱਖਸ ਨਾਲ ਜਾਣਿਆ ਜਾਣ ਲੱਗਾ ਅਤੇ ਸਾਰੀ ਉਮਰ ਅਭਿਮਾਨ ਮੁਕਤ ਨਿਮਾਣਾ ਹੀ ਰਿਹਾ। ਉਸ ਕੋਲ ਲਿੱਸੇ ਤੇ ਕਮਜ਼ੋਰ ਨਿਤਾਣੇ ਪਰਿਵਾਰਾਂ ਦਾ ਤਜ਼ਰਬਾ ਹੋਣ ਕਾਰਨ ਅੰਮ੍ਰਿਤਾ ਪ੍ਰੀਤਮ ਜੀ ਦਾ ਪਿਆਰ ਪਾਤਰ ਬਣਿਆ।
ਪੱਤਰਕਾਰੀ ਵਿੱਚ ਆਉਣ ਤੋਂ ਪਹਿਲਾਂ ਉਹ ਲਾਇਲਪੁਰ ਖਾਲਸਾ ਕਾਲਿਜ ਚ ਕਰਮਚਾਰੀ ਸੀ ਜਿੱਥੇ ਉਸ ਸਮੇਂ ਦੇ ਵਿਦਿਆਰਥੀਆਂ ਸ: ਬਰਜਿੰਦਰ ਸਿੰਘ ਹਮਦਰਦ, ਡਾ: ਸ ਪ ਸਿੰਘ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਰਾਜਿੰਦਰ ਸਿੰਘ ਚੀਮਾ ਪ੍ਰੋ: ਪਰਬਿੰਦਰ ਸਿੰਘ ਤੇ ਅਮਰਜੀਤ ਚੰਦਨ ਨੇ ਉਸ ਨੂੰ ਸਾਹਿੱਤ ਤੇ ਸਮਾਜਿਕ ਸਰੋਕਾਰਾਂ ਨਾਲ ਜੋੜਿਆ।
ਪ੍ਰੇਮ ਗੋਰਖੀ ਨੇ  ਦਲਿਤ ਸਮਾਜ ਦੇ ਅਣਗੌਲੇ ਜਨ  ਜੀਵਨ ਨੂੰ ਆਪਣੀਆਂ ਲਿਖਤਾਂ ਵਿੱਚ ਪੇਸ਼ ਕੀਤਾ। ਰੋਜ਼ਾਨਾ ਅਜੀਤ ਵਿੱਚ ਪਰੁਫ਼ ਰੀਡਰ ਤੋਂ ਸਫ਼ਰ ਸ਼ੁਰੂ ਕਰਕੇ ਉਹ ਪੰਜਾਬੀ ਟ੍ਰਿਬਿਊਨ ਵਿੱਚ ਲੰਮਾ ਸਮਾਂ ਰਹੇ ਤੇ ਸੇਵਾ ਮੁਕਤੀ ਉਪਰੰਤ ਦੇਸ਼ ਸੇਵਕ ਅਖ਼ਬਾਰ ਦੇ ਸਾਹਿੱਤ ਸੰਪਾਦਕ ਬਣੇ।
ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਮਿੱਟੀ ਰੰਗੇ ਲੋਕ ਤੇ ਦ੍ਰਿਸ਼ਟੀ ਚ ਛਪੇ ਨਾਵਲੈੱਟ ‘ਤਿੱਤਰ-ਖੰਭੀ ਜੂਹ’ ਨਾਲ ਉਹ ਪੰਜਾਬੀ ਸਾਹਿਤ ਜਗਤ ਵਿਚ ਪਛਾਣ ਸਥਾਪਤ ਕਰਨ ਚ ਕਾਮਯਾਬ ਹੋਏ।
ਉਨ੍ਹਾਂ ਦੀਆਂ ਹੋਰ ਲਿਖਤਾਂ ਵਿੱਚ ਮਿੱਟੀ ਰੰਗੇ ਲੋਕ,ਜੀਣ ਮਰਨ, ਅਰਜਨ ਸਫੈਦੀ ਵਾਲਾ, ਧਰਤੀ ਪੁੱਤਰ ਤੇ ਜੈਨਰੇਸ਼ਨ ਗੈਪ ਪ੍ਰਮੁੱਖ ਸਨ। ਤਿੱਤਰ ਖੰਭੀ ਜੂਹ ਤੋਂ ਬਾਦ ਉਨ੍ਹਾਂ ਦੇ ਦੋ ਹੋਰ ਨਾਵਲਿਟ ਬੁੱਢੀ ਰਾਤ ਤੇ ਸੂਰਜ ਅਤੇ ਵਣ ਬੇਲਾ ਵੀ ਛਪੇ। ਦਰਦ ਪਰੁੱਚੀ ਜੀਵਨ ਯਾਤਰਾ ਅਧਾਰਿਤ ਪੁਸਤਕ ਗੈਰਹਾਜ਼ਰ ਆਦਮੀ ਪਹਿਲਾਂ ਨਾਗਮਣੀ ਚ ਲੜੀਵਾਰ ਛਪਿਆ ਤੇ ਮਗਰੋਂ ਪੁਸਤਕ ਰੂਪ ਵਿੱਚ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਉਸ ਨੂੰ ਸਾਹਿੱਤ ਜਗਤ ਚ ਪ੍ਰੇਰਨਾ ਦੇਣ ਵਾਲੇ ਡਾ: ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਤਰਨਜੀਤ ਸਿੰਘ ਰਿੰਪੀ ਸੰਪਾਦਕ ਸੰਗੀਤ ਦਰਪਨ, ਰਾਜਦੀਪ ਤੂਰ, ਪ੍ਰਭਜੋਤ ਸੋਹੀ ਤੇ ਅਮਨਦੀਪ ਸਿੰਘ ਫੱਲ੍ਹੜ ਨੇ ਪ੍ਰੇਮ ਗੋਰਖੀ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।