ਓਲੰਪਿਕ ਖੇਡਾਂ ਲਈ ਚੁਣੇ ਖਿਡਾਰੀਆਂ ਦਾ ਕ੍ਰੈਡਿਟ ਲਵੇ ਪੰਜਾਬ, ਨੌਕਰੀਆਂ ਦੇਣ ਬਾਹਰਲੇ ਰਾਜ
ਚੁਣੇ 16 ਖਿਡਾਰੀਆਂ ਚੋਂ 14 ਬਾਹਰਲੇ ਰਾਜਾਂ ਚ ਨੌਕਰੀਆਂ ਕਰਨ ਲਈ ਮਜਬੂਰ

ਟੋਕੀਓ ਓਲੰਪਿਕ ਖੇਡਾਂ 2021 ਲਈ ਪੰਜਾਬ ਦੇ 16 ਦੇ ਕਰੀਬ ਖਿਡਾਰੀ ਵੱਖ ਵੱਖ ਖੇਡਾਂ ਲਈ ਚੁਣੇ ਗਏ ਪੰਜਾਬ ਸਰਕਾਰ ਇਨ੍ਹਾਂ ਖਿਡਾਰੀਆਂ ਦੇ ਚੁਣੇ ਜਾਣ ਦਾ ਪੂਰਾ ਲਾਹਾ ਲੈ ਰਹੀ ਹੈ ਅਤੇ ਇਸ ਨੂੰ ਆਪਣੇ ਖੇਡ ਵਿਭਾਗ ਦੀ ਵੱਡੀ ਪ੍ਰਾਪਤੀ ਦੱਸ ਰਹੀ ਹੈ। ਪਰ ਦੋ, ਤਿੰਨ ਖਿਡਾਰੀਆਂ ਨੂੰ ਛੱਡ ਕੇ ਪੰਜਾਬ ਸਰਕਾਰ ਨੇ ਨੌਕਰੀ ਕਿਸੇ ਵੀ ਖਿਡਾਰੀ ਨੂੰ ਨਹੀਂ ਦਿੱਤੀ ਹੈ, ਨੌਕਰੀਆਂ ਕਰਨ ਲਈ ਉਨ੍ਹਾਂ ਨੂੰ ਬਾਹਰਲੇ ਰਾਜਾਂ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਜਾਣਾ ਪੈ ਰਿਹਾ ਹੈ । ਇੱਥੋਂ ਤੱਕ ਕੇ ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ ਜਦੋਂ ਖਿਡਾਰੀਆਂ ਨੂੰ ਮਾਣ ਸਨਮਾਨ, ਐਵਾਰਡ ਅਤੇ ਨਗਦ ਇਨਾਮ ਦੇਣ ਦੀ ਗੱਲ ਵੀ ਆਉਂਦੀ ਹੈ ਤਾਂ ਪੰਜਾਬ ਸਰਕਾਰ ਇਹ ਕਹਿ ਕੇ ਪੱਲਾ ਝਾੜ ਲੈਂਦੀ ਹੈ ਕਿ ਇਹ ਖਿਡਾਰੀ ਤਾਂ ਬਾਹਰਲੇ ਅਦਾਰਿਆਂ ਵੱਲੋਂ ਖੇਡਦੇ ਹਨ ਪਰ ਜਦੋਂ ਓਲੰਪਿਕ ਖੇਡਾਂ ਲਈ ਚੁਣੇ ਗਏ ਤਾਂ ਪੰਜਾਬ ਆਪਣੀ ਵਾਹ ਵਾਹ ਕਰਵਾ ਰਿਹਾ ਹੈ । ਕਪਤਾਨ ਮਨਪ੍ਰੀਤ ਸਿੰਘ ਜੋ ਪੰਜਾਬ ਪੁਲੀਸ ਵਿੱਚ ਡੀਐਸਪੀ ਹੈ ਨੂੰ ਛੱਡ ਕੇ ਸਾਰੇ ਹੀ ਖਿਡਾਰੀ ਪੰਜਾਬ ਸਰਕਾਰ ਕੋਲੋਂ ਚੰਗੀਆਂ ਨੌਕਰੀਆਂ ਹਾਸਲ ਕਰਨ ਲਈ ਤਰਲੇ ਕੱਢ ਰਹੇ ਹਨ ਜੇਕਰ ਖਿਡਾਰੀਆਂ ਦੀਆਂ ਨੌਕਰੀਆਂ ਦਾ ਲੇਖਾ ਜੋਖਾ ਕਰੀਏ ਤਾਂ ਪੰਜਾਬ ਦਾ ਹਰਮਨਪ੍ਰੀਤ ਸਿੰਘ ,ਵਰੁੁਣ ਕੁਮਾਰ ,ਭਾਰਤ ਪੈਟਰੋਲੀਅਮ ਮੁੰਬਈ ਵਿੱਚ ਨੌਕਰੀ ਕਰਦੇ ਹਨ ਸਿਮਰਨਜੀਤ ਸਿੰਘ, ਗੋਲਕੀਪਰ ਕ੍ਰਿਸ਼ਨ ਕੁਮਾਰ ਪਾਠਕ, ਦਿਲਪ੍ਰੀਤ ਸਿੰਘ ਬੁਤਾਲਾ, ਹਾਰਦਿਕ ਸਿੰਘ ਇੰਡੀਅਨ ਆਇਲ ਦਿੱਲੀ ਵਿੱਚ ਨੌਕਰੀ ਕਰਦੇ ਹਨ । ਗੁਰਜੰਟ ਸਿੰਘ ਵਿਰਕ ਮਨਦੀਪ ਸਿੰਘ ਮਿੱਠਾਪੁਰ ਤੇਲ ਕੰਪਨੀ ਓ ਐਨ ਜੀ ਸੀ ਦੇਹਰਾਦੂਨ ਵਿੱਚ ਕੰਮ ਕਰਦੇ ਹਨ ਜਦਕਿ ਦੁਨੀਆਂ ਦੇ ਧੜੱਲੇਦਾਰ ਫੁੱਲਬੈਕ ਭਾਰਤੀ ਹਾਕੀ ਦੇ ਸਟਾਰ ਰੁਪਿੰਦਰਪਾਲ ਸਿੰਘ ਨੂੰ ਨੌਕਰੀ ਕਰਨ ਲਈ ਇੰਡੀਅਨ ਓਵਰਸੀਜ਼ ਬੈਂਕ ਚੇਨੱਈ ਵਿਖੇ ਜਾਣ ਲਈ ਮਜਬੂਰ ਹੋਣਾ ਪਿਆ ਹੈ ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਨੂੰ ਪੰਜਾਬ ਨੈਸ਼ਨਲ ਬੈਂਕ ਦਿੱਲੀ ਦੇ ਵਿੱਚ ਨੌਕਰੀ ਕਰਨ ਲਈ ਜਾਣਾ ਪਿਆ ਹੈ ਹਾਕੀ ਵਾਲੀ ਇਕੋ ਇਕ ਲੜਕੀ ਜੋ ਭਾਰਤੀ ਹਾਕੀ ਟੀਮ ਲਈ ਚੁਣੀ ਗਈ ਹੈ ਗੁਰਜੀਤ ਕੌਰ ਉਸ ਨੂੰ ਵੀ ਰੇਲਵੇ ਵਿਚ ਨੌਕਰੀ ਕਰਨ ਲਈ ਬੇਵੱਸ ਹੋਣਾ ਪਿਆ ਹੈ ਇਸੇ ਤਰ੍ਹਾਂ ਅਥਲੈਟਿਕਸ ਵਿਚ ਵਧੀਆ ਰਿਕਾਰਡ ਕਾਇਮ ਕਰਨ ਵਾਲੇ ਤਜਿੰਦਰਪਾਲ ਸਿੰਘ ਤੂਰ ਨੇਵੀ ਵਿੱਚ ,ਕਮਲਪ੍ਰੀਤ ਕੌਰ ਰੇਲਵੇ ਵਿੱਚ , ਗੁਰਪ੍ਰੀਤ ਸਿੰਘ ਫੌਜ਼ ਵਿੱਚ ਅਤੇ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਨੂੰ ਵੀ ਪੰਜਾਬ ਤੋਂ ਬਾਹਰ ਨੌਕਰੀਆਂ ਲਈ ਮਜ਼ਬੂਰ ਜਾਣਾ ਪੈ ਰਿਹਾ ਹੈ । ਇਹ ਸਾਰੇ ਖਿਡਾਰੀ ਪੰਜਾਬ ਵਿੱਚ ਨੌਕਰੀ ਹਾਸਲ ਕਰਨ ਲਈ ਸਰਕਾਰੇ ਦਰਬਾਰੇ ਚੱਕਰ ਲਾ ਰਹੇ ਹਨ । ਦੂਜੇ ਪਾਸੇ ਗੁਆਂਢੀ ਸੂਬਾ ਹਰਿਆਣਾ ਦੇਖੋ ਜਿਸ ਨੇ ਆਪਣੇ ਇਕ ਓਲੰਪੀਅਨ ਖਿਡਾਰੀ ਨੂੰ ਹੀ ਖੇਡ ਮੰਤਰੀ ਬਣਾਇਆ ਹੈ ਅਤੇ ਸਾਰੇ ਏਸ਼ੀਅਨ ਖੇਡਾਂ ,ਕਾਮਨਵੈਲਥ ਖੇਡਾਂ ਅਤੇ ਓਲੰਪਿਕ ਖੇਡਾਂ ਦੇ ਤਮਗਾ ਜੇਤੂਆਂ ਨੂੰ ਉਥੋਂ ਦੇ ਵਿਭਾਗਾਂ ਵਿੱਚ ਵੱਡੇ ਵੱਡੇ ਰੈਂਕ ਦੀਆਂ ਨੌਕਰੀਆਂ ਦਿੱਤੀਆਂ ਹੋਈਆਂ ਹਨ ਜਦ ਕਿ ਪੰਜਾਬ ਦੇ ਵਿੱਚ ਖਿਡਾਰੀਆਂ ਲਈ ਨੌਕਰੀਆਂ ਦਾ ਪੂਰੀ ਤਰ੍ਹਾਂ ਕਾਲ ਪਿਆ ਹੋਇਆ ਹੈ ਇੱਥੋਂ ਤਕ ਹਰਿਆਣਾ ਨੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨੂੰ 15 ਲੱਖ ਦੀ ਇਨਾਮੀ ਰਾਸ਼ੀ ਅਤੇ ਇੱਕ ਕਾਰ ਇਸ ਤੋਂ ਇਲਾਵਾ ਓਲੰਪਿਕ ਖੇਡਾਂ ਵਿੱਚ ਹਰਿਆਣਾ ਸਟੇਟ ਨੇ ਸੋਨ ਤਮਗਾ ਜੇਤੂ ਨੂੰ 6 ਕਰੋੜ , ਚਾਂਦੀ ਦਾ ਤਮਗਾ ਜੇਤੂ ਨੂੰ 4 ਕਰੋੜ ਅਤੇ ਕਾਂਸੀ ਤਮਗਾ ਜੇਤੂ ਨੂੰ 3 ਕਰੋੜ ਦੀ ਇਨਾਮੀ ਰਾਸ਼ੀ ਦੇ ਰਿਹਾ ਹੈ। ਦਿੱਲੀ ਸਰਕਾਰ ਨੇ ਵੀ ਓਲੰਪਿਕ ਦੇ ਤਮਗਾ ਜੇਤੂ ਨੂੰ 3 ਕਰੋੜ ਦਾ ਇਨਾਮ ਰੱਖਿਆ ਹੋਇਆ ਹੈ ਜਦਕਿ ਪੰਜਾਬ ਨੇ ਆਪਣੇ ਸੋਨ ਤਗਮਾ ਜੇਤੂ ਨੂੰ ਸਵਾ ਦੋ ਕਰੋੜ , ਚਾਂਦੀ ਦਾ ਤਗਮਾ ਜੇਤੂ ਨੂੰ ਡੇਢ ਕਰੋੜ ਜਦਕਿ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 1 ਕਰੋੜ ਦਾ ਹੀ ਨਾਂ ਰੱਖਿਆ ਹੋਇਆ ਹੈ ਨਾ ਨੌਕਰੀਆਂ , ਨਾ ਹੀ ਇਨਾਮੀ ਰਾਸ਼ੀ ,ਨਾ ਹੀ ਕੋਈ ਹੋਰ ਐਵਾਰਡ ਖਿਡਾਰੀਆਂ ਦੀ ਜੇਤੂ ਮੁਕਾਮ ਮੁਤਾਬਕ ਪੰਜਾਬ ਸਰਕਾਰ ਨਹੀਂ ਦੇ ਰਹੀ ਫਿਰ ਕਿਸ ਤਰ੍ਹਾਂ ਪੰਜਾਬ ਦਾ ਖੇਡ ਸੱਭਿਆਚਾਰ ਪ੍ਰਫੁੱਲਤ ਹੋਵੇਗਾ ਕੌਣ ਪੰਜਾਬ ਲਈ ਖੇਡਣਾ ਚਾਹੇਗਾ ਸਿਰਫ ਅਖਬਾਰੀ ਬਿਆਨਬਾਜ਼ੀ ਰਾਹੀਂ ਹੀ ਖੇਡਾਂ ਨੂੰ ਪ੍ਰਫੁੱਲਤ ਕਰਨਾ ,ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ,ਖਿਡਾਰੀਆਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਦੇਣ ਦੀ ਝੂਠੀ ਬਿਆਨਬਾਜ਼ੀ ਕਰ ਕੇ ਝੂਠੀ ਸ਼ੋਹਰਤ ਖੱਟਣਾ ਵੱਖ ਵੱਖ ਸਮੇਂ ਦੀਆਂ ਪੰਜਾਬ ਸਰਕਾਰਾਂ ,ਰਾਜਨੀਤਕ ਆਗੂਆਂ ਦਾ ਕਿੱਤਾ ਬਣ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕਬੱਡੀ ਵਿਸ਼ਵ ਕੱਪਾਂ ਦਾ ਰਾਮ ਰੌਲਾ ਪਾ ਕੇ ਨਾ ਕੋਈ ਖੇਡਾਂ ਦੀ ਪ੍ਰਾਪਤੀ ਕੀਤੀ ਅਤੇ ਨਾਂ ਹੀ ਕਬੱਡੀ ਨੂੰ ਕਿਸੇ ਮੁਕਾਮ ਤੇ ਪਹੁੰਚਾਇਆ ਅਤੇ ਓਲੰਪਿਕ ਖੇਡ ਸੱਭਿਆਚਾਰ ਦਾ ਵੀ ਸੱਤਿਆਨਾਸ ਕਰ ਦਿੱਤਾ ਸੀ । ਕਬੱਡੀ ਖਿਡਾਰੀਆਂ ਦੀਆਂ ਨੌਕਰੀਆਂ ਅਤੇ ਕਈਆਂ ਦੇ ਇਨਾਮ ਵੀ ਅਜੇ ਸਰਕਾਰੀ ਕਾਗਜ਼ ਪੱਤਰਾਂ ਵਿੱਚ ਉਲਝੇ ਪਏ ਹਨ । ਇੱਕ ਉਹ ਵੀ ਵਕਤ ਸੀ ਕਿ ਜਦੋਂ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਬੋਲਬਾਲਾ ਹੁੰਦਾ ਸੀ , ਅਥਲੈਟਿਕਸ ਫੁੱਟਬਾਲ ਆਦਿ ਖੇਡਾਂ ਵਿੱਚ ਵੀ ਪੰਜਾਬ ਦੇ ਖਿਡਾਰੀਆਂ ਦੀ ਵੱਡੀ ਧਾਕ ਹੁੰਦੀ ਸੀ ਪੰਜਾਬ ਪੁਲੀਸ ਵਰਗੀ ਹਾਕੀ ਟੀਮ ਵਿੱਚ ਵੀ 11-11 ਓਲੰਪੀਅਨ ਖਿਡਾਰੀ ਹੁੰਦੇ ਸਨ ਪਰ ਅੱਜ ਦੀ ਘੜੀ ਪੰਜਾਬ ਦੇ ਸਾਰੇ ਵਿਭਾਗ ਭਾਵੇਂ ਪੰਜਾਬ ਪੁਲੀਸ ਹੋਵੇ,ਬਿਜਲੀ ਬੋਰਡ ਹੋਵੇ, ਮੰਡੀਕਰਨ ਬੋਰਡ ਹੋਵੇ ਅਤੇ ਹੋਰ ਪੰਜਾਬ ਦੇ ਅਦਾਰੇ ਜੋ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੂੰ ਨੌਕਰੀ ਦਿੰਦੇ ਸਨ ਉਨ੍ਹਾਂ ਦੇ ਸਾਰੇ ਸਪੋਰਟਸ ਸੈੱਲ ਖ਼ਤਮ ਹੋ ਗਏ ਹਨ,ਖੇਡਾਂ ਅਤੇ ਖਿਡਾਰੀਆਂ ਦੇ ਨਾਮ ਦੀ ਚੀਜ਼ ਵਿਭਾਗਾਂ ਵਿੱਚੋਂ ਖ਼ਤਮ ਹੋ ਗਈ ਹੈ। ਇਹ ਵਕਤ ਵੀ ਸੀ ਜਦੋਂ ਸਾਰੇ ਵਿਭਾਗਾਂ ਵਿਚ ਖੇਡ ਸਮਰਥਕ ਅਧਿਕਾਰੀ ਹੁੰਦੇ ਸਨ ਪੰਜਾਬ ਪੁਲੀਸ ਦੇ ਖੇਡ ਸੱਭਿਆਚਾਰ ਨੂੰ ਪੰਜਾਬ ਪੁਲੀਸ ਦੇ ਮੁਖੀ ਸ੍ਰੀ ਅਸ਼ਵਨੀ ਕੁਮਾਰ ਉਸਤੋਂ ਬਾਅਦ ਮਹਿਲ ਸਿੰਘ ਭੁੱਲਰ ਰਾਜਦੀਪ ਸਿੰਘ ਗਿੱਲ ਅਤੇ ਹੋਰ ਵਿਭਾਗਾਂ ਦੇ ਖੇਡ ਸਮਰੱਥ ਅਧਿਕਾਰੀਆਂ ਨੇ ਆਪੋ ਆਪਣੇ ਮਹਿਕਮਿਆਂ ਨੂੰ ਖੇਡਾਂ ਦੇ ਉੱਚ ਮੁਕਾਮ ਤੇ ਪਹੁੰਚਾਇਆ ਸੀ ਅੱਜ ਦੀ ਘੜੀ ਵੱਖ ਵੱਖ ਮਹਿਕਮਿਆਂ ਵਿੱਚ ਆਈ ਪੀ ਐਸ ਜਾਂ ਆਈ ਏ ਐਸ ਜਾਂ ਹੋਰ ਅਧਿਕਾਰੀ ਉੱਚ ਅਹੁਦਿਆਂ ਤੇ ਬੈਠੇ ਹਨ ਉਨ੍ਹਾਂ ਨੂੰ ਖੇਡਾਂ ਬਾਰੇ ਨਾ ਹੀ ਕੋਈ ਉੱਕਾ ਗਿਆਨ ਹੈ ਨਾ ਹੀ ਉਨ੍ਹਾਂ ਦੀ ਖੇਡਾਂ ਅਤੇ ਖਿਡਾਰੀਆਂ ਵਿੱਚ ਕੋਈ ਦਿਲਚਸਪੀ ਹੈ ਅਤੇ ਨਾ ਹੀ ਪੰਜਾਬ ਸਰਕਾਰ ਦੀ ਕੋਈ ਖੇਡਾਂ ਵੱਲ ਨਿਗ੍ਹਾ ਸਵੱਲੀ ਹੈ ਜਿਸ ਵੱਡੇ ਰਾਜਨੀਤਕ ਆਗੂ ਨੂੰ ਕੋਈ ਸਜ਼ਾ ਦੇਣੀ ਹੋਵੇ ਉਸ ਨੂੰ ਖੇਡ ਮੰਤਰੀ ਬਣਾ ਦਿੱਤਾ ਜਾਂਦਾ ਜਿਸ ਅਧਿਕਾਰੀ ਨੂੰ ਖੂੰਜੇ ਲਾਕੇ ਰੱਖਣਾ ਹੋਵੇ ਉਸ ਨੂੰ ਪੰਜਾਬ ਦਾ ਡਾਇਰੈਕਟਰ ਸਪੋਰਟਸ ਲਗਾ ਦਿੱਤਾ ਜਾਂਦਾ ਹੈ ਉਹ ਉਨ੍ਹਾਂ ਅਹੁਦਿਆਂ ਉੱਤੇ ਬੈਠੇ ਸਿਰਫ਼ ਵਕਤ ਕਟੀ ਕਰਦੇ ਹਨ ।
ਜੇਕਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਬਚਾਉਣਾ ਹੈ ਖਿਡਾਰੀਆਂ ਨੂੰ ਕਿਸੇ ਮੁਕਾਮ ਤੇ ਪਹੁੰਚਾਉਣਾ ਹੈ ਤਾਂ ਫਿਰ ਜਾਂ ਤਾਂ ਭਾਰਤੀ ਕ੍ਰਿਕਟ ਬੋਰਡ ਵਾਂਗ ਪੰਜਾਬ ਦੀਆਂ ਖੇਡਾਂ ਦੀ ਮਾਰਕੀਟਿੰਗ ਹੋਵੇ ਖਿਡਾਰੀਆਂ ਲਈ ਪ੍ਰੋਫੈਸ਼ਲਿਜ਼ਮ ਲਿਆਂਦਾ ਜਾਵੇ ਤਾਂ ਹੀ ਵੱਡੇ ਪੱਧਰ ਤੇ ਖਿਡਾਰੀਆਂ ਲਈ ਸਪੋਂਸਰ ਅੱਗੇ ਆਉਣਗੇ ਅੱਜ ਇਕ ਰਣਜੀ ਟਰਾਫੀ ਖੇਡਣ ਵਾਲਾ ਕ੍ਰਿਕਟ ਖਿਡਾਰੀ ਲੱਖਾਂ ਕਮਾ ਰਿਹਾ ਹੈ ਦੂਜੇ ਪਾਸੇ ਓਲੰਪਿਕ ਜਿੱਤਣ ਦੇ ਬਾਵਜੂਦ ਵੀ ਸਾਡੇ ਖਿਡਾਰੀ ਨੌਕਰੀਆਂ ਹਾਸਿਲ ਕਰਨ ਲਈ ਤਰਲੇ ਕੱਢ ਰਹੇ ਹਨ ਸਰਕਾਰਾਂ ਨੇ ਕਦੇ ਵੀ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਗੰਭੀਰ ਨਹੀਂ ਹੋਣਾ ਕਿਉਂਕਿ ਪੂਰੇ ਦੇਸ਼ ਦੀ ਹੀ ਰਾਜਨੀਤੀ ਉਤੇ ਲੋਟੂ ਮਾਫੀਏ ਕਾਬਜ਼ ਹੋ ਗਏ ਹਨ । ਪਰ ਜੇ ਪੰਜਾਬ ਸਰਕਾਰ ਨੂੰ ਖਿਡਾਰੀਆਂ ਪ੍ਰਤੀ ਥੋੜ੍ਹੀ ਬਹੁਤੀ ਵੀ ਹਮਦਰਦੀ ਹੈ ਤਾਂ ਉਹ ਟੋਕੀਓ ਓਲੰਪਿਕ ਖੇਡਾਂ 2021 ਵਿੱਚ ਪੰਜਾਬ ਦੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਘੱਟੋ ਘੱਟ ਡੀਐੱਸਪੀ ਰੈਂਕ ਦੀ ਨੌਕਰੀ ਦੇਣ ਦਾ ਐਲਾਨ ਕਰੇ ਅਤੇ ਉਨ੍ਹਾਂ ਲਈ ਸਨਮਾਨਯੋਗ ਇਨਾਮੀ ਰਾਸ਼ੀ ਐਲਾਨੇ ਤਗ਼ਮਾ ਜਿੱਤਣ ਤੇ ਵਿਸੇਸ਼ ਸਨਮਾਨ ਹੋਵੇ ਫਿਰ ਤਾਂ ਮੰਨਾਂਗੇ ਕਿ ਪੰਜਾਬ ਸਰਕਾਰ ਖੇਡਾਂ ਪ੍ਰਤੀ ਸੁਹਿਰਦ ਹੈ ਨਹੀਂ ਤਾਂ ਐਵੇਂ ਝੂਠੀ ਬਿਆਨਬਾਜ਼ੀ ਕਰਕੇ ਲਾਹਾ ਖੱਟਣ ਦਾ ਕੋਈ ਫ਼ਾਇਦਾ ਨਹੀਂ ,ਪੰਜਾਬ ਪਹਿਲਾਂ ਹੀ ਸਾਰੇ ਖੇਤਰਾਂ ਵਿੱਚ ਬੁਰੀ ਤਰ੍ਹਾਂ ਉਜੜ ਰਿਹਾ ਹੈਹੁਣ ਇਸ ਨੇ ਖੇਡਾਂ ਵਿੱਚ ਵੀ ਉੱਜੜ ਜਾਣਾ ਹੈ ਜੇ ਹਾਲਾਤ ਇਹੀ ਰਹੇ ਅਗਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ ਦੋ ਚਾਰ ਹੀ ਹੋਵੇਗੀ ਪੰਜਾਬ ਦੇ ਖਿਡਾਰੀਆਂ ਅਤੇ ਖੇਡਾਂ ਦਾ ਰੱਬ ਰਾਖਾ।
ਜਗਰੂਪ ਸਿੰਘ ਜਰਖੜ
ਖੇਡ ਲੇਖਕ।