ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪਾਬੰਦੀ ਹੁਕਮ ਜਾਰੀ

ਗੈਰ-ਕਾਨੂੰਨੀ ਤੌਰ 'ਤੇ ਪਟਾਕੇ/ਆਤਿਸ਼ਬਾਜੀ ਤਿਆਰ ਕਰਨ ਅਤੇ ਜਮ੍ਹਾਂ/ਸਟੋਰੇਜ਼ ਕਰਨ ਦੀ ਮਨਾਹੀ

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪਾਬੰਦੀ ਹੁਕਮ ਜਾਰੀ

ਲੁਧਿਆਣਾ, 11 ਅਕਤੂਬਰ, 2023: ਡਿਪਟੀ ਕਮਿਸ਼ਨਰ ਪੁਲਿਸ, ਇਨਵੈਸਟੀਗੇਸ਼ਨ, ਲੁਧਿਆਣਾ-ਕਮ-ਵਾਧੂ ਚਾਰਜ਼, ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ. ਵਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 02) ਦੀ ਧਾਰਾ 144 (ਸੀ.ਆਰ.ਪੀ.ਸੀ.) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਅਣ-ਅਧਿਕਾਰਤ ਤੌਰ 'ਤੇ ਪਟਾਕੇ/ਆਤਿਸ਼ਬਾਜੀ ਤਿਆਰ ਕਰਨ ਅਤੇ ਜਮ੍ਹਾਂ/ਸਟੋਰੇਜ਼ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ।

 

ਡੀ.ਸੀ.ਪੀ. ਇਨਵੈਸਟੀਗੇਸ਼ਨ-ਕਮ-ਸਥਾਨਕ ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ. ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਿਉਹਾਰਾਂ ਦਾ ਸੀਜ਼ਨ ਸੁ਼ਰੂ ਹੋ ਰਿਹਾ ਹੈ ਜਿਸ ਵਿੱਚ ਦੁਸ਼ਹਿਰਾ/ਦਿਵਾਲੀ ਆਦਿ ਪ੍ਰਮੱਖ ਤਿਉਂਹਾਰ ਹਨ, ਜਿਸ ਵਿੱਚ ਆਮ ਲੋਕਾਂ ਵਲੋਂ ਆਪਣੇ ਖੁਸ਼ੀ ਦੇ ਪ੍ਰੋਗਰਾਮਾਂ ਵਿੱਚ ਆਤਿਸ਼ਬਾਜੀ/ਪਟਾਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

 

ਉਨ੍ਹਾਂ ਅੱਗੇ ਦੱਸਿਆ ਕਿ ਕਈ ਵਿਅਕਤੀਆਂ ਵਲੋਂ ਅਣਅਧਿਕਾਰਤ ਤੌਰ 'ਤੇ ਵੱਖ-ਵੱਖ ਤਰ੍ਹਾਂ ਦੀ ਪਟਾਕੇ/ਆਤਿਸ਼ਬਾਜੀ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਜਵਲਣਸ਼ੀਲ ਪਦਾਰਥਾਂ ਦੀ ਵਰਤੋਂ ਹੁੰਦੀ ਹੈ ਜੋ ਮਨੁੱਖੀ ਸ਼ਰੀਰ ਲਈ ਘਾਤਕ ਹਨ, ਨੂੰ ਗੈਰ ਕਾਨੂੰਨੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਸਟੋਰ ਕਰਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਗਰੀ ਦੇ ਫਟਣ/ਧਮਾਕਾ ਹੋਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਲਈ ਪਬਲਿਕ ਹਿੱਤ ਵਿੱਚ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ।

 

ਇਹ ਹੁਕਮ 10 ਅਕਤੂਬਰ ਤੋਂ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।