ਪਹਿਲੀ ਬਰਸੀ ਮੌਕੇ - ਦਿਲ ਦਰਿਆ ਸੀ ਸਾਡਾ ਵੱਡਾ ਵੀਰ ਸ. ਕ੍ਰਿਪਾਲ  ਸਿੰਘ ਔਜਲਾ

ਪਹਿਲੀ ਬਰਸੀ ਮੌਕੇ - ਦਿਲ ਦਰਿਆ ਸੀ ਸਾਡਾ ਵੱਡਾ ਵੀਰ ਸ. ਕ੍ਰਿਪਾਲ  ਸਿੰਘ ਔਜਲਾ

ਸ. ਕ੍ਰਿਪਾਲ  ਸਿੰਘ ਔਜਲਾ ਪਿਛਲੇ ਸਾਲ ਬਦੇਸ਼ੀ ਧਰਤੀ ਤੇ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਸੀ। ਕੱਲ੍ਹ 7ਨਵੰਬਰ ਨੂੰ ਉਸ ਦੀ ਪਹਿਲੀ ਬਰਸੀ ਦਾ ਭੋਗ ਤੇ ਅਰਦਾਸ ਸਮਾਗਮ ਗੁਰਦਵਾਰਾ ਮਾਤਾ ਬਿਸ਼ਨ ਕੌਰ ਪ੍ਰਕਾਸ਼ ਕਾਲੋਨੀ ਪੁਸ਼ਪ ਵਿਹਾਰ ਨੇੜੇ ਬਾੜੇਵਾਲ ਵਿੱਚ ਦੁਪਹਿਰ 12ਵਜੇ ਤੋਂ 1ਵਜੇ ਤੀਕ ਹੈ।

ਨਸਰਾਲੀ ਪਿੰਡ ਦੇ ਵੱਡੇ ਔਜਲਾ ਪਰਿਵਾਰ ਦੇ ਪੜ੍ਹੇ ਲਿਖੇ ਸ. ਕਪੂਰ ਸਿੰਘ ਨਸਰਾਲੀ ਪੰਜਾਬ ਵਿੱਚ ਲੰਮਾ ਸਮਾਂ ਵਿੱਤ ਮੰਤਰੀ ਤੇ ਮਗਰੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ। ਉਹ ਕ੍ਰਿਪਾਲ ਸਿੰਘ ਔਜਲਾ ਦੇ ਦਾਦਾ ਜੀ ਸਨ। ਲੁਧਿਆਣਾ ਵਿੱਚ ਦਯਾਨੰਦ ਹਸਪਤਾਲ ਖੋਲ੍ਹਣ, ਖਾਲਸਾ ਦੀਵਾਨ ਦੇ ਵਿਦਿਅਕ ਅਦਾਰੇ ਸਥਾਪਤ ਕਰਨ, ਚੰਡੀਗੜ੍ਹ ਵਿੱਚ ਗੁਰੂ ਗੋਬਿੰਦ ਸਿੰਘ ਕਾਲਿਜਜ਼ ਸਥਾਪਤ ਕਰਨ ਵਿੱਚ ਬਾਬਾ ਜੀ ਕਪੂਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਸੀ।
ਆਪਣੇ ਇਕਲੌਤੇ ਪੁੱਤਰ ਸ. ਗੁਰਬਚਨ ਸਿੰਘ ਔਜਲਾ ਦੀ ਜਵਾਨ ਉਮਰੇ ਮੌਤ ਕਾਰਨ ਆਪਣੇ ਪੋਤਰਿਆਂ ਪੋਤਰੀਆਂ ਨੂੰ ਬਾਬਾ ਜੀ ਨੇ ਹੀ ਪਾਲ਼ਿਆਂ। ਕ੍ਰਿਪਾਲ ਇਨ੍ਹਾਂ ਬੰੱਚਿਆਂ ਵਿੱਚ ਸਭ ਤੋਂ ਵੱਡਾ ਹੋਣ ਕਰਕੇ ਬਚਪਨ ਵਿੱਚ ਹੀ ਜ਼ੁੰਮੇਵਾਰ ਹਸਤੀ ਬਣ ਗਿਆ।
ਲੁਧਿਆਣਾ ਦੀ ਫ਼ੀਰੋਜ਼ਪੁਰ ਸੜਕ ਤੇ ਬਾਬਾ ਜੀ ਦੀ ਕੁਝ ਜ਼ਮੀਨ ਸੀ ਜਿਸ ਵਿੱਚ ਘਰ ਬਣਾ ਕੇ ਰਹਿਣ ਲੱਗ ਪਏ। ਇਸ ਦੋ ਏਕੜਾਂ ਤੋਂ ਵੱਡੇ ਸਾਰੇ ਘਰ ਵਿੱਚ ਲੰਮਾ ਸਮਾਂ ਕਈ ਪਰਿਵਾਰ ਵੱਸਦੇ ਰਹੇ। ਬਾਦ ਵਿੱਚ ਔਜਲਾ ਪਰਿਵਾਰ ਨੇ ਇਸ ਨੂੰ ਸ਼ਹਿਨਸ਼ਾਹ ਪੈਲੇਸ ਨਾਮ ਹੇਠ ਵਿਆਹ ਮੰਡਪ ਬਣਾ ਲਿਆ। ਹਰ ਸਾਲ ਪਹਿਲੀ ਜਨਵਰੀ ਨੂੰ ਵਿਸ਼ਾਲ ਕੀਰਤਨ ਦਰਬਾਰ ਕਈ ਸਾਲ ਹੁੰਦਾ ਰਿਹਾ।
ਬਾਬਾ ਜੀ ਸ. ਕਪੂਰ ਸਿੰਘ ਦੇ ਕਾਂਗਰਸੀ ਪਿਛੋਕੜ ਕਾਰਨ ਕ੍ਰਿਪਾਲ ਸਿੰਘ ਔਜਲਾ ਵੀ ਚੜ੍ਹਦੀ ਉਮਰੇ ਯੂਥ ਕਾਂਗਰਸ ਵਿੱਚ ਸਰਗਰਮ ਹੋ ਗਿਆ। ਸੰਜਯ ਗਾਂਧੀ ਦੇ ਪੰਜਾਬ ਵਿੱਚ ਵਿਸ਼ਵਾਸਪਾਤਰ ਸਾਥੀਆਂ ਵਿੱਚ ਸ਼ਿਵਕੰਵਰ ਸਿੰਘ ਸੰਧੂ ਤੇ ਕ੍ਰਿਪਾਲ ਸਿੰਘ ਔਜਲਾ ਦਾ ਨਾਮ ਪ੍ਰਮੁੱਖ ਸੀ।
ਮੇਨਕਾ ਗਾਂਧੀ ਨਾਲ ਇਸ ਪਰਿਵਾਰ ਦਾ ਰਿਸ਼ਤਾ ਅੱਜ ਤੀਕ ਵੀ ਕਾਇਮ ਹੈ। ਮੇਨਕਾ ਗਾਂਧੀ ਨੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਕ੍ਰਿਪਾਲ ਸਿੰਘ ਔਜਲਾ ਦੇ ਦੇਹਾਂਤ ਨੂੰ ਨਿੱਜੀ ਤੇ ਪਰਿਵਾਰਕ ਘਾਟਾ ਕਿਹਾ ਹੈ।
ਸ਼ਿਵਕੰਵਰ ਸਿੰਘ ਸੰਧੂ ਉਸ ਨੂੰ ਵੱਡਾ ਭਰਾ ਮੰਨਦੇ ਸਨ। 1977 ਵਿੱਚ ਜਨਤਾ ਦਲ ਸਰਕਾਰ ਬਣ ਉਪਰੰਤ ਜਦ ਪਾਟੋਧਾੜ ਹੋ ਗਈ ਤਾਂ ਜਨਤਾ ਪਾਰਟੀ ਵਾਲਾ ਗਰੁੱਪ ਪ੍ਰੋ. ਤੇਜਾ ਸਿੰਘ ਟਿਵਾਣਾ, ਸ. ਬਲਬੀਰ ਸਿੰਘ ਬਲਟਾਣਾ , ਸ਼ਿਵਕੰਵਰ ਸਿੰਧ ਸੰਧੂ ਤੇ ਕ੍ਰਿਪਾਲ ਸਿੰਘ ਔਜਲਾ ਵੀ ਪੀ ਸਿੰਘ ਨਾਲ ਚਲੇ ਗਏ।
ਵੀ ਪੀ ਸਿੰਘ ਜਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਪੰਜਾਬ ਸੰਕਟ ਹੱਲ ਕਰਨ ਲਈ 1989 ਚੋਣਾਂ ਤੋ ਬਾਦ ਲੁਧਿਆਣਾ ਵਿੱਚ ਆਲ ਪਾਰਟੀ ਮੀਟਿੰਗ ਕੀਤੀ ਉਸ ਦਾ ਪ੍ਰਬੰਧ ਵੀ ਸ਼ਿਵਕੰਵਰ ਸਿੰਘ ਸੰਧੂ ਤੇ ਕ੍ਰਿਪਾਲ ਸਿੰਘ ਔਜਲਾ ਕੇ ਸਾਥੀਆਂ ਨੇ ਕੀਤਾ। ਇਸੇ ਟੀਮ ਨੇ ਹਲਵਾਰਾ ਏਅਰ ਬੇਸ ਤੇ ਵੀ ਪੀ ਸਿੰਘ, ਇੰਦਰ ਕੁਮਾਰ ਗੁਜਰਾਲ, ਚੌਧਰੀ ਦੇਵੀ ਲਾਲ ਤੇ ਮੁਫ਼ਤੀ ਮੁਹੰਮਦ ਸੱਯਦ ਨੂੰ ਜੀ ਆਇਆਂ ਨੂੰ ਕਿਹਾ। ਸ. ਕ੍ਰਿਪਾਲ ਸਿੰਘ ਔਜਲਾ ਤੇ ਸ਼ਿਵਕੰਵਰ ਸੱੰਘ ਸੰਧੂ ਦੇ ਸਨੇਹ ਸਦਕਾ ਮੈਂ ਤੇ ਬਟਾਲਾ ਵਾਲੇ ਫੋਟੋ ਆਰਟਿਸਟ ਹਰਭਜਨ ਸਿੰਘ ਬਾਜਵਾ ਵੀ ਇਸ ਇਤਿਹਾਸਕ ਪਲ ਦੇ ਚਸ਼ਮਦੀਦ ਵਜੋਂ ਹਲਵਾਰਾ ਏਅਰ ਬੇਸ ਤੇ ਹਾਜ਼ਰ ਸਾਂ
ਬਹੁਤ ਯਾਦਾਂ ਹਨ ਵੱਡੇ ਵੀਰ ਕ੍ਰਿਪਾਲ ਸਿੰਘ ਔਜਲਾ ਦੀਆਂ।  ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ, ਪੁੱਤਰਾਂ ਨੂੰਹਾਂ ਤੇ ਬੱਚਿਆਂ ਤੋਂ ਇਲਾਵਾ ਭੈਣ ਭਰਾਵਾਂ ਨਾਲ ਪਰਿਵਾਰਕ ਸੰਵੇਦਨਾ ਪ੍ਰਗਟਾਉਂਦਿਆਂ ਇਹੀ ਕਹਾਂਗਾ ਕਿ ਸਾਡਾ ਦਰਿਆ ਦਿਲ ਵੀਰ ਬਹੁਤ ਵਧੀਆ ਖੇਡ ਸਰਪ੍ਰਸਤ ਸੀ। ਖੇਡ ਮੈਦਾਨਾਂ ਦੀ ਰੌਣਕ ਤੇ ਖਿਡਾਰੀਆਂ ਲਈ ਉਤਸ਼ਾਹ ਦਾ ਸੋਮਾ ਸੀ।
ਉਸ ਦੀ ਯਾਦ ਵਿੱਚ ਪ੍ਰੋ. ਮੋਹਨ ਸਿੰਘ ਜੀ ਦਾ ਸ਼ਿਅਰ ਚੇਤੇ ਕਰਨਾ ਚਾਹਾਂਗਾ।
ਫੁੱਲ -ਹਿੱਕ  ਵਿੱਚ ਜੰਮੀਪਲ਼ੀ ਖੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।

ਗੁਰਭਜਨ ਗਿੱਲ