ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਦੂਜੇ ਦਿਨ ਡਾ. ਧਰਮਵੀਰ ਗਾਂਧੀ ਵਲੋਂ ਪੰਦਰਾਂ ਲੱਖ ਦੀ ਗ੍ਰਾਂਟ ਦਾ ਐਲਾਨ
ਲੁਧਿਆਣਾ, 23 ਨਵੰਬਰ, 2025:
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਨਾਏ ਜਾ ਰਹੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ
ਸਾਹਿਤ ਉਤਸਵ ਦੇ ਦੂਜਾ ਦਿਨ ਗਾਉਦੀ ਸ਼ਾਇਰੀ ਨੂੰ ਸਮਰਪਿਤ ਰਿਹਾ। ਸਮਾਗਮ ਦੀ ਪ੍ਰਧਾਨਗੀ
ਭਾਸ਼ਾ ਵਿਭਾਗ, ਪੰਜਾਬੀ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੇ ਕੀਤੀ। ਮੁਖ ਮਹਿਮਾਨ ਵਜੋਂ
ਸਵਰਨਜੀਤ ਸਵੀ, ਚੇਅਰਮੈਨ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਸ਼ਾਮਲ ਹੋਏ। ਪ੍ਰਧਾਨਗੀ
ਮੰਡਲ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਾਬ ਖ਼ਾਲਿਦ ਹੁਸੈਨ, ਅਮਰਜੀਤ
ਸਿੰਘ ਗਰੇਵਾਲ, ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਹੋਏ। ਸਮਾਗਮ ਦਾ ਪ੍ਰਧਾਨਗੀ ਭਾਸ਼ਨ
ਦਿੰਦਿਆਂ ਜਸਵੰਤ ਜ਼ਫ਼ਰ ਨੇ ਕਿਹਾ ਜਿੰਨਾ ਚਿਰ ਪੰਜਾਬੀ ਬੋਲਣ ਵਾਲੇ ਹਨ ਓਨਾ ਚਿਰ
ਪੰਜਾਬੀ ਜ਼ਿੰਦਾ ਰਹੇੇਗੀ। ਨਵੀਆਂ ਤਕਨੀਕਾਂ ਦਾ ਸਵਾਗਤ ਕਰਨਾ ਬਣਦਾ ਹੈ। ਉਨ੍ਹਾਂ ਕਿਹਾ
ਪੰਜਾਬੀ ਦਾ ਗੀਤਾਂ ਨਾਲ ਗੂੜਾ ਸੰਬੰਧ ਹੈ, ਪਰ ਬਾਜ਼ਾਰੀਕਰਨ ਦੇ ਕਾਰਨ ਅਸੀਂ ਗੀਤਾਂ
ਨਾਲੋਂ ਵਿਛੜ ਰਹੇ ਹਾਂ।
ਇਸ ਮੌਕੇ ‘ਪੰਜਾਬ ਅਤੇ ਪਰਵਾਸ’ ਵਿਸ਼ੇ ’ਤੇ ਅਮਰਜੀਤ ਸਿੰਘ ਗਰੇਵਾਲ ਨੇ ਵਿਸ਼ੇਸ਼
ਲੈਕਚਰ ਦਿੰਦਿਆਂ ਕਿਹਾ ਕਿ ਰਾਸ਼ਟਰਵਾਦ ਪਰਵਾਸ ਨੂੰ ਰੋਕ ਦਿੰਦਾ ਹੈ। ਅਮਰੀਕਾ ’ਚ ਜਿੰਨਾ
ਵੀ ਵਿਕਾਸ ਹੋਇਆ ਉਸ ਵਿਚ ਪਰਵਾਸੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਵੱਡੇ ਦੁਖਾਂਤਕ ਪਰਵਾਸਾਂ
ਵਿਚ ਭਾਰਤ ਦੇਸ਼ ਦੀ ਤਿੰਨ ਥਾਈਂ ਵੰਡ ਅਤੇ ਅਫ਼ਰੀਕਾ ਮਹਾਂਦੀਪ ਵਿਚੋਂ ਬੰਧੂਆਂ ਲੋਕਾਂ
ਨੂੰ ਹੋਰ ਥਾਈਂ ਲਿਜਾਉਣਾ ਪ੍ਰਮੁੱਖ ਹਨ। ਅੱਜ ਦੇ ਪ੍ਰਵਾਸ ਵਿਚ ਮੌਸਮ ਦੀ ਤਬਦੀਲੀ
ਸ਼ਹਿਰੀਕਰਨ, ਧਰਤੀ ਤੋਂ ਪੁਲਾੜ, ਜਨ ਸਾਧਾਰਣ ਜ਼ਿੰਦਗੀ ਵਿਚ ਸੋਸ਼ਲ ਮੀਡੀਆ ਵੀ ਪਰਵਾਸ ਹੈ।
ਵਿਦੇਸ਼ਾਂ ਵਿਚ ਪੱਕੇ ਤੌਰ ’ਤੇ ਨਾ ਟਿਕਣ ਵਾਲੇ ਪਰਵਾਸੀ ਜਦੋਂ ਵਤਨ ਪਰਤਨਗੇ ਤਾਂ ਪੰਜਾਬ
ਲਈ ਇਕ ਵੰਗਾਰ ਹੋਵੇਗੀ। ਪੰਜਾਬ ਨੂੰ ਛੋਟੀਆਂ ਲੜਾਈਆਂ ਵਿਚ ਉਲਝਾਇਆ ਜਾ ਰਿਹਾ ਹੈ, ਇਹ
ਲੜਾਈ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਜਾਂ ਚੰਡੀਗੜ੍ਹ ਦੀ ਹੋਂਦ ਦੀ ਹੋਵੇ। ਅੰਤ ਵਿਚ
ਉਨਾਂ ਨੇ ਪਰਵਾਸ ਨਾਲ ਸੰਬੰਧਿਤ ਆਪਣੀ ਕਵਿਤਾ ਸਾਂਝੀ ਕੀਤੀ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਜਨਾਬ ਖ਼ਾਲਿਦ ਹੁਸੈਨ ਨੇ ਕਿਹਾ ਪੰਜਾਬੀ ਜ਼ਿੰਦਾ ਜ਼ੁਬਾਨ ਹੈ
ਤੇ ਜ਼ਿੰਦਾ ਰਹੇਗੀ। ਭਾਵੇਂ ਸਿੱਖਾਂ ਦੇ ਰਾਜ ਵਿਚ ਵੀ ਰਾਜਸੀ ਜ਼ੁਬਾਨ ਫ਼ਾਰਸੀ ਸੀ, ਪਰ
ਅੱਜ ਵੀ ਜ਼ਿੰਦਾ ਹੈ। ਅੱਜ ਦੇ ਲੇਖਕ ਲਹਿੰਦੀ ਪੰਜਾਬੀ, ਪੋਠੋਹਾਰੀ, ਬਹਾਵਲਪੁਰੀ, ਡੋਗਰੀ
ਆਦਿ ਨੂੰ ਛੱਡ ਕੇ ਹੋਰ ਜ਼ੁਬਾਨਾਂ ਵੱਲ ਵਧੇਰੇ ਰੁਚਿਤ ਹੁੰਦੇ ਹਨ। ਮੁੱਖ ਮਹਿਮਾਨ
ਸਵਰਨਜੀਤ ਸਵੀ ਨੇ ਕਿਹਾ ਕਿ ਇਸ ਪੁਸਤਕ ਮੇਲੇ ਮੌਕੇ ਪਹੁੰਚ ਕੇ ਬੜਾ ਚੰਗਾ ਲੱਗਿਆ। ਸ਼ਬਦ
ਨੂੰ ਸ਼ੁੱਧ ਬੋਲਣਾ ਬਹੁਤ ਜ਼ਰੂਰੀ ਹੈ।
ਦੂਜੇ ਸੈਸ਼ਨ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਸਮਾਗਮ ’ਚ ਸ਼ਾਮਲ ਹੋਏ।
ਉਨ੍ਹਾਂ ਆਪਣੇ ਐਮ.ਪੀ.ਲੈਡ. ਫ਼ੰਡ ਵਿਚੋਂ ਅਕਾਡਮੀ ਨੂੰ ਪੰਦਰਾਂ ਲੱਖ ਰੁਪਏ ਸਹਾਇਤਾ
ਵਜੋਂ ਦੇਣ ਦਾ ਐਲਾਨ ਕੀਤਾ ਅਤੇ ਇਹ ਵੀ ਕਿਹਾ ਕਿ ਏਨੀ ਹੀ ਰਾਸ਼ੀ ਮੈਂ ਲੁਧਿਆਣਾ ਨਾਲ
ਸੰਬੰਧਿਤ ਐਮ.ਪੀ.ਤੋਂ ਦਿਵਾਵਾਂਗਾ। ਡਾ. ਧਰਮਵੀਰ ਗਾਂਧੀ ਦਾ ਸਵਾਗਤ ਕਰਦਿਆਂ ਡਾ.
ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਡਾ. ਗਾਂਧੀ ਸਾਡੀ ਰਾਜਨੀਤੀ ਨੂੰ ਪੁਸਤਕਾਂ ਦੀ
ਦਿਸ਼ਾ ਵਿਚ ਤੋਰ ਰਹੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਡਾ. ਧਰਮਵੀਰ
ਗਾਂਧੀ ਜੀ ਨੂੰ ਬਤੌਰ ਮੈਂਬਰ ਪਾਰਲੀਮੈਂਟ ਪੰਜਾਬੀ ਭਵਨ ਦੇ ਵਿਹੜੇ ’ਚ ਪਹੁੰਚਣ ਤੇ ਜੀ
ਆਇਆਂ ਨੂੰ ਕਹਿੰਦਿਆਂ ਉਨ੍ਹਾਂ ਦੇ ਪੰਜਾਬ ਵਿਚ ਮੁਢਲੇ ਪੱਧਰ ਦੇ ਕੀਤੇ ਜਾਂਦੇ ਕੰਮਾਂ
ਦਾ ਜਿਕਰ ਕੀਤਾ। ਉਨ੍ਹਾਂ ਅੱਜ ਦੇ ਸਮਾਗਮ ’ਚ ਪਹੁੰਚੇ ਸਮੂਹ ਲੇਖਕਾਂ, ਸਰੋਤਿਆਂ ਦਾ
ਧੰਨਵਾਦ ਕੀਤਾ।
ਕਵੀ ਦਰਬਾਰ ਵਿਚ ਧਰਮ ਕੰਮੇਆਣਾ, ਤ੍ਰੈਲੋਚਨ ਲੋਚੀ, ਜਗਸੀਰ ਜੀਦਾ, ਸ਼ਬਦੀਸ਼, ਦਲਜਿੰਦਰ
ਰੀਹਲ, ਗੁਰਜੰਟ ਰਾਜੇਆਣਾ, ਕੁਲਵਿੰਦਰ ਕੁੱਲਾ, ਗੁਰਸੇਵਕ ਲੰਬੀ, ਗੁਰਚਰਨ ਪੱਬਾਰਾਲੀ
ਅਤੇ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸਰੋਤਿਆਂ ਨੂੰ ਸ਼ਰਸਾਰ ਕੀਤਾ।
ਇਸ ਪ੍ਰੋਗਰਾਮ ਦੇ ਕਨਵੀਨਰ ਡਾ. ਹਰੀ ਸਿੰਘ ਜਾਚਕ ਸਨ ਅਤੇ ਮੰਚ ਸੰਚਾਲਨ ਜਸਵੀਰ ਝੱਜ ਨੇ
ਸੁਚਾਰੂ ਅਤੇ ਖ਼ੂਬਸੂਰਤ ਅੰਦਾਜ਼ ’ਚ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਸ੍ਰੀ
ਵਾਹਿਦ (ਸਤਨਾਮ ਸਿੰਘ), ਡਾ. ਗੁਰਮੇਲ ਸਿੰਘ, ਮਲਕੀਅਤ ਸਿੰਘ ਔਲਖ, ਸੰਤੋਖ ਸੁੱਖੀ,
ਲਖਵੀਰ ਲੱਭਾ, ਸੁਰਿੰਦਰ ਮਖਸੂਦਪੁਰੀ, ਹਰਸਿਮਰਤ ਕੌਰ, ਸੁਰਿੰਦਰ ਜੈਪਾਲ, ਜਸਪ੍ਰੀਤ
ਕੌਰ, ਸੁਰਿੰਦਰ ਦੀਪ, ਸਤੀਸ਼ ਗੁਲਾਟੀ, ਸਤਨਾਮ ਸਿੰਘ ਕੋਮਲ, ਜ਼ੋਰਵਰ ਪੰਛੀ, ਸਰਬਜੀਤ
ਸੰਧੂ, ਗੁਰਮੇਜ ਭੱਟੀ, ਜਗਜੀਵਨ ਕੌਰ, ਪਾਲੀ ਖ਼ਾਦਿਮ, ਵੀਰਪਾਲ ਕੌਰ, ਡਾ. ਲਖਵਿੰਦਰ
ਕੌਰ, ਪਰਮਿੰਦਰ ਕੌਰ, ਅਮਰਿੰਦਰ ਸੋਹਲ, ਪ੍ਰਭਜੋਤ ਰਾਮਪੁਰ, ਦੀਪ ਦਿਲਬਰ, ਸੁਰਜੀਤ
ਦਰਸ਼ੀ, ਸਿਮਰਨ, ਮਨਪ੍ਰੀਤ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।
ਸ਼ਾਮ ਦੇ ਸੈਸ਼ਨ ਵਿਚ ਨਾਟਕ ‘ਇੱਕ ਸੀ ਜਲਪਰੀ’ ਨਿਰਦੇਸ਼ਕ ਰਾਜਵਿੰਦਰ ਸਮਰਾਲਾ, ਲੇਖਕ
ਰਾਜਵਿੰਦਰ ਸਮਰਾਲਾ, ਅਕਸ ਰੰਗਮੰਚ ਸਮਰਾਲਾ ਵਲੋਂ ਖੇਡਿਆ ਗਿਆ। ਇਸ ਮੌਕੇ ਸ. ਮਲਕੀਅਤ
ਸਿੰਘ ਦਾਖਾ ਅਤੇ ਡਾ. ਅਰੁਣ ਮਿੱਤਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਨਾਟਕ ਬਾਰੇ
ਵਿਚਾਰ ਸਾਂਝੇ ਕੀਤੇ।
ਉਪਰੋਕਤ ਪ੍ਰੋਗਰਾਮਾਂ ਤੋਂ ਇਲਾਵਾ ਡਾ. ਪਰਮਜੀਤ ਸਿੰਘ ਸੋਹਲ ਅਤੇ ਰਵੀ ਰਵਿੰਦਰ ਵਲੋਂ
ਫ਼ੋਟੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਪੁਸਤਕ ਮੇਲੇ ਵਿਚ ਲਗਪਗ 40 ਦੇ ਕਰੀਬ ਪੁਸਤਕਾਂ ਦੇ
ਸਟਾਲ ਲੱਗੇ ਹੋਏ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੂਹ ਪੁਸਤਕ ਅਤੇ
ਪੰਜਾਬੀ ਪ੍ਰੇਮੀਆਂ ਨੂੰ ਹਾਰਦਿਕ ਖੁੱਲ੍ਹਾ ਸੱਦਾ ਹੈ ਕਿ ਉਹ ਪੰਜਾਬੀ ਭਵਨ, ਲੁਧਿਆਣਾ
ਪਹੁੰਚ ਕੇ ਆਪਣੀਆਂ ਮਨਪਸੰਦ ਪੁਸਤਕਾਂ ਖ਼ੀਦਣ ਤੋਂ ਇਲਾਵਾਂ ਸਾਹਿਤਕ ਸਮਾਗਮ ਵਿਚ ਵੀ
ਸ਼ਾਮਲ ਹੋਣ।
City Air News 


