ਵਿਰਾਸਤੀ ਖੇਡ ਗੱਤਕਾ ਦਾ ਦੇਸ਼-ਵਿਦੇਸ਼ ਚ ਪ੍ਰਚਾਰ-ਪਸਾਰ ਕਰਨ ਦੀ ਬੇਹੱਦ ਲੋੜ: ਆਵਲਾ

ਨੌਵੀਂ ਰਾਸਟਰੀ ਗੱਤਕਾ ਚੈਂਪੀਅਨਸ਼ਿੱਪ ਦਾ ਸ਼ਾਨਦਾਰ ਆਗਾਜ਼

ਵਿਰਾਸਤੀ ਖੇਡ ਗੱਤਕਾ ਦਾ ਦੇਸ਼-ਵਿਦੇਸ਼ ਚ ਪ੍ਰਚਾਰ-ਪਸਾਰ ਕਰਨ ਦੀ ਬੇਹੱਦ ਲੋੜ: ਆਵਲਾ
ਵਿਧਾਇਕ ਰਮਿੰਦਰ ਸਿੰਘ ਆਂਵਲਾ ਤੇ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਗੁਰੂ ਹਰਸਹਾਏ ਵਿਖੇ 9ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿੱਪ ਦੀ ਸ਼ੁਰੂਆਤ ਕਰਵਾਉਂਦੇ ਹੋਏ।

ਗੁਰੂਹਰਸਹਾਏ / ਫਿਰੋਜ਼ਪੁਰ: ਸਿੱਖ ਵਿਰਾਸਤ ਦੀ ਖੇਡ ਗੱਤਕਾ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਅਤੇ ਗੱਤਕਾ ਖਿਡਾਰੀਆਂ ਖਾਤਰ ਵੱਡੇ ਮੌਕੇ ਪ੍ਰਦਾਨ ਕਰਨ ਲਈ ਵਿਆਪਕ ਯਤਨਾਂ ਦੀ ਲੋੜ ਹੈ ਕਿਉਂਕਿ ਇਹ ਖੇਡ ਜਿੱਥੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦੀ ਹੈ ਉਥੇ ਉਨ੍ਹਾਂ ਅੰਦਰ ਸਵੈ-ਰੱਖਿਆ ਦੇ ਗੁਣ ਵੀ ਪੈਦਾ ਕਰਦੀ ਹੈ।
          ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਰਮਿੰਦਰ ਸਿੰਘ ਆਵਲਾ ਹਲਕਾ ਵਿਧਾਇਕ ਜਲਾਲਾਬਾਦ ਨੇ ਅੱਜ ਇੱਥੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਹਰਸਹਾਏ ਵਿਖੇ 9ਵੀਂ ਰਾਸਟਰੀ ਗੱਤਕਾ ਚੈਂਪੀਅਨਸ਼ਿੱਪ ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਨੇ ਟੂਰਨਾਮੈਂਟ ਦੇ ਆਯੋਜਕ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਉਹ ਹਰ ਸਮੇਂ ਹਰ ਤਰ੍ਹਾਂ ਨਾਲ ਮੱਦਦ ਕਰਨ ਲਈ ਤਿਆਰ ਰਹਿਣਗੇ।
          ਇਸ ਮੌਕੇ ਬੋਲਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਖਿਡਾਰੀਆਂ ਨੂੰ ਆਖਿਆ ਕਿ ਗੱਤਕਾ ਖੇਡ ਦਿਨੋ-ਦਿਨ ਬਹੁਤ ਤਰੱਕੀ ਕਰ ਰਹੀ ਹੈ ਅਤੇ ਭਵਿੱਖ ਵਿਚ ਹੋਰ ਗੱਤਕਾ ਅਕੈਡਮੀਆਂ ਖੋਲ੍ਹੀਆਂ ਜਾਣਗੀਆਂ ਅਤੇ ਜ਼ਿਲ੍ਹਾ ਪੱਧਰ ਉੱਤੇ ਕੋਚ ਭਰਤੀ ਕਰਕੇ ਗੱਤਕੇ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ। ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਦੁੱਗਲ ਨੇ ਵੀ ਖਿਡਾਰੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤਿੰਨ ਰੋਜਾ ਰਾਸਟਰੀ ਗੱਤਕਾ ਖੇਡਾਂ ਵਿੱਚ ਦੇਸ਼ ਦੇ 16 ਰਾਜਾਂ ਦੇ 535 ਗੱਤਕਾ ਖਿਡਾਰੀ ਤੇ ਖਿਡਾਰਨਾਂ ਭਾਗ ਲੈ ਰਹੀਆਂ ਹਨ।
          ਇਸ ਮੌਕੇ ਤੇ ਅਵਤਾਰ ਸਿੰਘ ਪਟਿਆਲਾ ਚੇਅਰਮੈਨ ਗੱਤਕਾ ਐਸੋਸੀਏਸ਼ਨ ਪੰਜਾਬ, ਡਾ. ਪ੍ਰੀਤਮ ਸਿੰਘ ਉਪ ਪ੍ਰਧਾਨ ਨੈਸਨਲ ਗੱਤਕਾ ਐਸੋਸੀਏਸ਼ਨ, ਪਰਮਜੀਤ ਸਿੰਘ ਪ੍ਰਧਾਨ ਦਿੱਲੀ ਗੱਤਕਾ ਐਸੋਸੀਏਸ਼ਨ, ਕਮਲਪਾਲ ਸਿੰਘ ਪ੍ਰਧਾਨ ਜਿਲ੍ਹਾ ਗੱਤਕਾ ਐਸੋਸੀਏਸਨ ਫਿਰੋਜ਼ਪੁਰ ਅਤੇ ਮਾਤਾ ਸਾਹਿਬ ਕੌਰ ਸਕੂਲ ਪ੍ਰਬੰਧਕੀ ਕਮੇਟੀ ਦੇ ਮੁੱਖ ਇੰਚਾਰਜ ਮਹੀਪਾਲ ਸਿੰਘ, ਗੁਰਿੰਦਰ ਸਿੰਘ, ਸਕੂਲ ਪਿ੍ਰੰਸੀਪਲ ਡਾ: ਪੰਕਜ ਧਮੀਜਾ ਵੀ ਇਸ ਮੌਕੇ ਹਾਜ਼ਰ ਸਨ।
          ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦਾ ਝੰਡਾ ਲਹਿਰਾਉਣ ਉਪਰੰਤ ਬਾਬਾ ਜਗਤ ਸਿੰਘ ਗੱਤਕਾ ਅਕੈਡਮੀ ਦੇ ਗੱਤਕੇਬਾਜਾਂ ਨੇ ਸ਼ਾਨਦਾਰ ਗੱਤਕਾ ਪ੍ਰਦਰਸ਼ਨ ਕੀਤਾ।
          ਇਸ ਤੋਂ ਬਾਅਦ ਪੰਜਾਬ ਅਤੇ ਗੋਆ ਦੇ ਵਿਅਕਤੀਗਤ ਅੰਡਰ-14 ਸਿੰਗਲ ਸੋਟੀ ਦੇ ਮੈਚ ਵਿੱਚ ਪੰਜਾਬ ਜੇਤੂ ਰਿਹਾ। ਮਹਾਰਾਸਟਰ ਨੇ ਹਰਿਆਣਾ ਤੋਂ ਜਿੱਤ ਪ੍ਰਾਪਤ ਕੀਤੀ। ਕਰਨਾਟਕ ਨੇ ਛੱਤੀਸਗੜ੍ਹ ਨੂੰ ਅਤੇ ਰਾਜਸਥਾਨ ਨੇ ਮੱਧ ਪ੍ਰਦੇਸ਼ ਨੂੰ ਹਰਾਇਆ।
          ਭਲਕੇ 8 ਅਗਸਤ ਨੂੰ 9ਵੀਂ ਰਾਸ਼ਟਰੀ ਗੱਤਕਾ (ਲੜਕੀਆਂ) ਚੈਂਪੀਅਨਸ਼ਿੱਪ ਦੀ ਸੁਰੂਆਤ ਕਰਨ ਲਈ ਅਨੁਮੀਤ ਸਿੰਘ ਹੀਰਾ ਸੋਢੀ ਰਾਜ ਸੂਚਨਾ ਕਮਿਸ਼ਨਰ ਪੰਜਾਬ ਅਤੇ ਆਤਮਜੀਤ ਸਿੰਘ ਡੇਵਿਡ ਐਮਸੀ ਅਤੇ ਸਮਾਜ ਸੇਵੀ ਹਾਜਰ ਹੋਣਗੇ। ਇਸ ਟੂਰਨਾਮੈਂਟ ਦੀ ਸਮਾਪਤੀ ਮੌਕੇ 9 ਅਗਸਤ ਨੂੰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇਨਾਮਾਂ ਦੀ ਵੰਡ ਕਰਨਗੇ।