ਤਕਨੀਕੀ ਅੜਚਣ ਕਾਰਨ ਪਾਸ ਜਾਰੀ ਨਾ ਹੋਣ ਕਾਰਨ ਮੁਸ਼ਕਿਲ ’ਚ ਆਏ ਆੜ੍ਹਤੀਆਂ ਦੀ ਮੱਦਦ ’ਤੇ ਆਏ ਐਮ ਐਲ ਏ ਅੰਗਦ ਸਿੰਘ

ਮੰਡੀ ਬੋਰਡ ਅਧਿਕਾਰੀਆਂ ਨੂੰ ਸੂਚੀ ਭੇਜ ਕੇ ਜਲਦ ਮਾਮਲਾ ਹੱਲ ਕਰਵਾਉਣ ਦੀ ਕੀਤੀ ਅਪੀਲ

ਤਕਨੀਕੀ ਅੜਚਣ ਕਾਰਨ ਪਾਸ ਜਾਰੀ ਨਾ ਹੋਣ ਕਾਰਨ ਮੁਸ਼ਕਿਲ ’ਚ ਆਏ ਆੜ੍ਹਤੀਆਂ ਦੀ ਮੱਦਦ ’ਤੇ ਆਏ ਐਮ ਐਲ ਏ ਅੰਗਦ ਸਿੰਘ
ਐਮ ਐਲ ਏ ਅੰਗਦ ਸਿੰਘ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆੜ੍ਹਤੀਆਂ ਦੇ ਪਾਸ ਜਾਰੀ ਕਰਨ ਲਈ ਪੱਤਰ ਲਿਖਦੇ ਹੋਏ।

ਨਵਾਂਸ਼ਹਿਰ: ਪੰਜਾਬ ਮੰਡੀ ਬੋਰਡ ਵੱਲੋਂ ਕੋਵਿਡ-19 ਕਰਫ਼ਿਊ ਅਤੇ ਪਾਬੰਦੀਆਂ ਦੇ ਮੱਦੇਨਜ਼ਰ ਮੰਡੀਆਂ ’ਚ ਕਿਸਾਨਾਂ ਦੀ ਸੀਮਿਤ ਆਮਦ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਪਾਸ ਪ੍ਰਕਿਰਿਆ ’ਚੋਂ ਤਕਨੀਕੀ ਕਾਰਨਾਂ ਕਰਕੇ ਵਾਂਝੇ ਰਹੇ ਕੁੱਝ ਆੜ੍ਹਤੀਆਂ ਦੀ ਮੱਦਦ ’ਤੇ ਐਮ ਐਲ ਏ ਅੰਗਦ ਸਿੰਘ ਨਵਾਂਸ਼ਹਿਰ ਆਏ ਹਨ।
ਉਨ੍ਹਾਂ ਨੇ ਅੱਜ ਜ਼ਿਲ੍ਹੇ ਦੇ ਮੰਡੀ ਅਫ਼ਸਰ ਪਾਸੋਂ ਸਾਰੀ ਜਾਣਕਾਰੀ ਲੈਣ ਬਾਅਦ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਨ੍ਹਾਂ ਆੜ੍ਹਤੀਆਂ ਦੀ ਸੂਚੀ ਭੇਜਦੇ ਹੋਏ, ਇਨ੍ਹਾਂ ਨੂੰ ਪਾਸ ਜਾਰੀ ਕਰਨ ’ਚ ਆ ਰਹੀਆਂ ਤਕਨੀਕੀ ਅੜਚਣਾਂ ਨੂੰ ਤੁਰੰਤ ਦੂਰ ਕਰਕੇ ਪਾਸ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਮੰਡੀ ਬੋਰਡ ਅਧਿਕਾਰੀਆਂ ਨੂੰ ਲਿਖੇ ਅਰਧ ਸਰਕਾਰੀ ਪੱਤਰ ’ਚ ਉਨ੍ਹਾਂ ਨੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਿਲ ਅਤੇ ਇਸ ਦੇ ਕਿਸਾਨਾਂ ’ਤੇ ਪੈਣ ਵਾਲੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਇਸ ਮਾਮਲੇ ਨੂੰ ਪਰਮ ਅਗੇਤ ਦੇ ਕੇ ਉਨ੍ਹਾਂ ਦੇ ਪਾਸ ਜਾਰੀ ਕਰਨ ਦਾ ਢੁਕਵਾਂ ਹੱਲ ਕਰਨ ਲਈ ਆਖਿਆ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਰਾਜ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇਕਰ ਇਨ੍ਹਾਂ ਆੜ੍ਹਤੀਆਂ ਨੂੰ ਪਾਸ ਜਾਰੀ ਹੋਣ ਦੀ ਮੁਸ਼ਕਿਲ ਹੱਲ ਨਾ ਹੋਈ ਤਾਂ ਇਸ ਨਾਲ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। /(18 ਅਪਰੈਲ)