ਲੁਧਿਆਣਾ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨ ਲਈ 'ਵੈਕਸੀਨ ਐਟ ਡੋਰਸਟੈਪਸ' ਮੁਹਿੰਮ ਦੀ ਸੁਰੂਆਤ

ਵਸਨੀਕਾਂ ਦੀ ਸਹੂਲਤ ਲਈ ਵੱਖ-ਵੱਖ ਖੇਤਰਾਂ 'ਚ ਘਰ ਦੇ ਨੇੜੇ ਟੀਕਾਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਲੁਧਿਆਣਾ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨ ਲਈ 'ਵੈਕਸੀਨ ਐਟ ਡੋਰਸਟੈਪਸ' ਮੁਹਿੰਮ ਦੀ ਸੁਰੂਆਤ

ਲੁਧਿਆਣਾ: ਲੁਧਿਆਣਾ ਵਿੱਚ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਇਸ ਵਾਇਰਸ ਦੀ ਲੜੀ ਨੂੰ ਤੋੜਨ ਲਈ ਘੱਟ ਸਮੇਂ ਵਿੱਚ ਵੱਡੀ ਆਬਾਦੀ ਨੂੰ ਵੈਕਸੀਨੇਸ਼ਨ ਲਗਾਉਣ ਲਈ ਇੱਕ ਵਿਲੱਖਣ ਪਹਿਲ 'ਵੈਕਸੀਨ ਐਟ ਡੋਰਸਟੈਪਸ' (ਬੂਹੇ 'ਤੇ ਵੈਕਸੀਨ) ਦੀ ਸ਼ੁਰੂਆਤ ਕੀਤੀ ਹੈ।

ਇਲਾਕੇ ਦੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਇਲਾਕਾ ਨਿਵਾਸੀ ਡਾ. ਐਸ.ਬੀ. ਪਾਂਧੀ ਦੇ ਯਤਨਾਂ ਸਦਕਾ ਸਥਾਨਕ ਪ੍ਰਤਾਪ  ਕਲੋਨੀ ਪਾਰਕ, ​​ਪੱਖੋਵਾਲ ਰੋਡ ਵਿਖੇ ਲਗਾਏ ਗਏ ਪਹਿਲੇ ਕੈਂਪ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਮਾਹਰਾਂ ਅਨੁਸਾਰ ਕੋਵਿਡ-19 ਦੀ ਦੂਜੀ ਲਹਿਰ ਵਧੇਰੇ ਤੀਬਰ ਹੈ ਜਿਸ ਕਾਰਨ ਜਿਆਦਾ ਲੋਕ ਸੰਕਰਮਣ ਵਿੱਚ ਆ ਰਹੇ ਹਨ। ਇਸ ਲਈ ਉਨ੍ਹਾਂ ਕਿਹਾ ਕਿ ਇਹ ਟੀਕਾ ਲਗਾ ਕੇ ਵੱਧ ਤੋਂ ਵੱਧ ਆਬਾਦੀ ਨੂੰ ਕਵਚ ਪ੍ਰਦਾਨ ਕਰਨਾ ਵਧੇਰੇ ਮਹੱਤਵਪੂਰਨ ਬਣ ਜਾਂਦਾ ਹੈ।

ਉਨ੍ਹਾਂ ਕਿਹਾ ਕਿ 'ਵੈਕਸੀਨ ਐਟ ਡੋਰਸਟੈਪਸ' ਦੀ ਪਹਿਲ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿਚ ਖੜ੍ਹਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ/ਫੈਕਟਰੀਆਂ/ਪਿੰਡਾਂ/ਰਿਹਾਇਸ਼ੀ ਸੁਸਾਇਟੀਆਂ ਜਾਂ ਨਿੱਜੀ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਸ਼ਾਸਨ ਨੂੰ ਇੱਕ ਫੋਨ ਕਰਨ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਣ ਲਈ ਭੇਜੇਗਾ, ਜਿੱਥੋਂ ਇਹ ਕਾਲ ਆਵੇਗੀ।

ਲੋਕਾਂ ਨੂੰ ਬੇਝਿੱਜਕ ਟੀਕੇ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਟੀਕੇ ਨੂੰ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਰਾਸ਼ਟਰ ਪ੍ਰਤੀ ਸਮਾਜਕ ਜ਼ਿੰਮੇਵਾਰੀ ਮੰਨਦਿਆਂ ਸਾਨੂੰ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਹੀ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਜਦੋਂ ਕੋਵਿਡ ਦੀ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿੱਚ ਨਿਰਾਸ਼ ਸਨ ਅਤੇ ਟੀਕੇ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਜਦੋਂ ਹੁਣ ਵੈਕਸੀਨ ਮੌਜੂਦ ਹੈ, ਤਾਂ ਲੋਕਾਂ ਨੂੰ ਇਸ ਮਹਾਂਮਾਰੀ ਦੇ ਵਿਰੁੱਧ ਜੰਗ ਜਿੱਤਣ ਲਈ ਵੈਕਸੀਨ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਲੋਕਾਂ ਨੂੰ ਤਹਿਦਿਲ ਨਾਲ ਸਮਰਥਨ ਦੀ ਮੰਗ ਕਰਦਿਆਂ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਲੋਕਾਂ ਲਈ ਇਹ ਸਭ ਤੋਂ ਉੱਤਮ ਪ੍ਰਣਾਲੀ ਹੈ ਕਿਉਂਕਿ ਕਤਾਰ ਵਿਚ ਖੜੇ ਹੋਣ ਅਤੇ ਸਮਾਂ ਬਰਬਾਦ ਕਰਨ ਦੀ ਬਜਾਏ ਸਿਹਤ ਟੀਮਾਂ ਉਨ੍ਹਾਂ ਦੇ ਘਰ ਜਾ ਕੇ ਟੀਕੇ ਲਗਾਉਣਗੀਆਂ।

ਡੀ.ਐਮ.ਸੀ.ਐਚ. ਤੋਂ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਸਾਨੂੰ ਕੋਵਿਡ ਦੇ ਮਾਮਲਿਆਂ ਵਿੱਚ ਅਚਾਨਕ ਉਛਾਲ ਆਉਣ 'ਤੇ ਟੀਕਾ ਮੁਹਿੰਮ ਨੂੰ ਤੇਜ਼ ਕਰਨ ਦੀ ਲੋੜ ਹੈ, ਖ਼ਾਸਕਰ ਨੌਜਵਾਨ ਲੋਕਾਂ ਵਿੱਚ, ਇਸ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਵਾ ਕੇ ਸਾਰੇ ਯੋਗ ਵਿਅਕਤੀਆਂ ਨੂੰ ਇਸ ਮੁਹਿੰਮ ਦਾ ਲਾਭ ਲੈਣਾ ਚਾਹੀਦਾ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਡੀ.ਆਈ.ਓ. ਡਾ. ਕਿਰਨ ਗਿੱਲ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ।