ਬੁੱਢਾ ਦਰਿਆ ਲੁਧਿਆਣਾ ਕੰਢੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੰਤਰ ਰਾਸ਼ਟਰੀ ਪੰਜਾਬੀ ਕਵੀ ਦਰਬਾਰ

ਪ੍ਰਧਾਨਗੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੇ ਕੀਤੀ

ਬੁੱਢਾ ਦਰਿਆ ਲੁਧਿਆਣਾ ਕੰਢੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੰਤਰ ਰਾਸ਼ਟਰੀ ਪੰਜਾਬੀ ਕਵੀ ਦਰਬਾਰ

ਲੁਧਿਆਣਾ, 16 ਨਵੰਬਰ, 2025: ਬੁੱਢਾ ਦਰਿਆ ਲੁਧਿਆਣਾ ਕੰਢੇ ਗੁਰੂ ਨਾਨਕ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਜੀ ,ਭਾਈ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਵੇਂ ਸ਼ਹੀਦੀ ਸਾਲ  ਤੇ ਭਾਈ ਜੈਤਾ ਜੀ ਦੀ ਮਹਾਨ ਸੇਵਾ ਨੂੰ ਸਮਰਪਿਤ ਕਵੀ ਦਰਬਾਰ  ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ।  ਮੰਚ ਸੰਚਾਲਨ ਕਰਦਿਆਂ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਸਮੂਹ ਪੰਜਾਬੀ ਕਵੀਆਂ ਨੂੰ ਜੀ ਆਇਆਂ ਨੂੰ ਕਿਹਾ।
ਕਵੀ ਦਰਬਾਰ ਵਿੱਚ ਪ੍ਹੋ. ਰਵਿੰਦਰ ਭੱਠਲ ,ਗੁਰਭਜਨ ਗਿੱਲ ,ਰਵਿੰਦਰ ਸਹਿਰਾਅ (ਅਮਰੀਕਾ) ,ਦਲਜਿੰਦਰ ਰਹਿਲ (ਇਟਲੀ) ਪਾਲੀ ਦੇਤਵਾਲੀਆ ,ਤ੍ਰੈਲੋਚਨ ਲੋਚੀ ,ਸਹਿਜਪ੍ਰੀਤ ਸਿੰਘ ਮਾਂਗਟ,ਮਨਜਿੰਦਰ ਧਨੋਆ ,ਡਾੑ ਗੁਰਇਕਬਾਲ ਸਿੰਘ ,ਰਾਮ ਸਿੰਘ ਅਲਬੇਲਾ ,ਗੁਰਸੇਵਕ ਸਿੰਘ ਢਿੱਲੋਂ ,ਕਰਮਜੀਤ ਗਰੇਵਾਲ ਹਰਵਿੰਦਰ ਤਤਲਾ ,ਅਮਰਜੀਤ ਸਿੰਘ ਸ਼ੇਰਪੁਰੀ , ਦੇਵਿੰਦਰ ਸਿੰਘ ਜੇ ਈ ਤੇ ਦਲਬੀਰ ਕਲੇਰ ਨੇ ਕਲਾਮ ਪੇਸ਼ ਕੀਤਾ। ਨਾ ਪੁੱਜ ਸਕੇ ਕਵੀ ਸ਼ਰਨਜੀਤ ਮਣਕੂ ਨੇ ਇਸ ਮੌਕੇ ਤੇ ਵਿਸ਼ੇਸ਼ ਰੂਪ ਵਿੱਚ ਲਿਖੀ ਕਵਿਤਾ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਲਈ ਭੇਜੀ। ਉਨ੍ਹਾਂ ਲਿਖਿਆ ਕਿ
ਕਈ ਬੁੱਢੇ ਚਲੇ ਗਏ ਕਈਆਂ ਨੇ ਚਲੇ ਜਾਣਾ ਹੈ। ਬੁੱਢਾ ਨਾਲਾ ਏਥੇਂ ਸੀ
ਏਥੇ ਰਹਿ ਜਾਣਾ ਹੈ। ਬੁੱਢਾ ਨਾਲਾ ਸਾਫ਼ ਕਰ ਕੇ ,ਕੁਰਲਾ ਕਰਵਾ ਕੇ
ਤੁਹਾਨੂੰ ਗਊ-ਘਾਟ,ਗੁਰਦੁਆਰੇ
ਲਿਜਾਣਾ ਹੈ ,ਪਹਿਲਾਂ ਵਾਂਗ
ਇਸ ਚੇ ਸੁਟਿਆ ਪੈਸਾ,ਸਾਫ਼ ਨਜ਼ਰ ਆਏਗਾ। ਇਹਨੂੰ ਸਾਫ਼ ਕਰਨ ਲਈ
ਮੈਂ ਵਰਲਡ -ਬੈਂਕ ਜਾਂ ਸਰਕਾਰ ਕੋਲ ਨਹੀਂ,ਤੁਹਾਡੇ ਕੋਲ ਆਣਾ ਹੈ। ਤੁਸੀਂ ਕੂੜਾ-ਕਰਕਟ ਬੁੱਢੇ -ਨਾਲੇ ਵਿੱਚ
ਨਹੀਂ ਪਾਉਣਾ ਹੈ। ਕਾਰ-ਸੇਵਾ ਵਾਂਗ
ਇਹ ਕਾਰਜ ਕਰਵਾਉਣਾ ਹੈ ,ਜੇ ਸੁਲਤਾਨ ਪੁਰ ਲੋਧੀ ਦੀ ਬੇਈ ਸਾਫ਼ ਹੋ ਸਕਦੀ ਹੈ ਤਾਂ ਬੁੱਢਾ ਨਾਲਾ
ਕਿਉਂ ਨਹੀਂ?ਦੋਹਾਂ ਧਰਤੀਆਂ ਤੇ
ਬਾਬੇ ਨਾਨਕ ਨੇ ਪੈਰ ਪਾਇਆ ਸੀ
ਬਾਣੀ ਵਿੱਚ ਪਾਣੀ ਨੂੰ ਪਿਤਾ ਫ਼ੁਰਮਾਇਆ ਹੈ ਜਿਸ ਨੂੰ ਤੁਸੀਂ
ਗੰਧਲਾ ਬਣਾਇਆ ਹੈ। ਚਲੋ ਪਿਤਾ -ਪਾਣੀ ਦਾ ਸਨਮਾਨ ਕਰੀਏ ਬੁੱਢੇ ਨਾਲੇ ਨੂੰ ਸਾਫ਼ ਕਰੀਏ ਸ਼ੁਧ ਪਾਣੀ ਨਾਲ ਕੁਰਲਾ ਕਰੀਏ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲਗਪਗ ਪੰਦਰਾਂ ਸਾਲ ਪਹਿਲਾਂ ਅਸੀਂ ਸੰਤ ਬਲਬੀਰ ਸਿੰਘ ਜੀ ਨੂੰ ਇਸ ਬੁੱਢੇ ਦਰਿਆ ਦੇ ਨਾਲ ਨਾਲ ਗੁਰਦੁਆਰਾ ਗਊ ਘਾਟ ਤੋਂ ਸਲੇਮਪੁਰ ਪਿੰਡ ਤੀਕ ਚੇਤਨਾ ਮਾਰਚ ਕਰਕੇ ਜਾਣੂੰ ਕਰਵਾਇਆ ਸੀ। ਉਸ ਤੋਂ ਬਾਦ ਅਨੇਕਾਂ ਸਰਕਾਰੀ ਗ਼ੈਰ ਸਰਕਾਰੀ ਯਤਨ ਹੋਏ ਪਰ ਹੁਣ ਨਤੀਜੇ ਦਿਸਣ ਦੀ ਸੰਭਾਵਨਾ ਲੱਗਦੀ ਹੈ। ਉਨ੍ਹਾਂ ਲੁਧਿਆਣਾ ਦੇ ਉਦਯੋਗਪਤੀਆਂ ਤੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਲ ਸੋਮੇ ਵਿੱਚ ਜ਼ਹਿਰੀਲੀਆਂ ਧਾਤਾਂ ਵਾਲੇ  ਤੱਤ ਤੇ ਰਸਾਇਣ ਤੋਂ ਇਲਾਵਾ ਸੀਵਰੇਜ ਵਾਲਾ ਮੱਲ ਮੂਤਰ ਤੇ ਡੇਅਰੀਆਂ ਦਾ ਗੋਹਾ ਕੂੜਾ ਨਾ ਪਾਉਣ। ਇਹੀ ਪਾਣੀ ਦਰਿਆ ਸਤਲੁਜ ਵਿੱਚ ਪੈ ਕੇ ਅੱਗੇ ਪੀਣ ਦੇ ਕੰਮ ਆਉਂਦਾ ਹੈ ਤੇ ਕੈਂਸਰ ਦਾ ਕਾਰਨ ਬਣਦਾ ਹੈ।
ਇਸ  ਮੌਕੇ ਪ੍ਰਧਾਨਗੀ ਭਾਸ਼ਨ ਦੇਦਿਆਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅਸੀਂ ਸਾਰਿਆਂ ਗੁਰ ਸੰਦੇਸ਼ ਵੱਲ ਪਿੱਠ ਕੀਤੀ ਹੋਈ ਹੈ। ਨਾ ਪੌਣ ਨੂੰ ਗੁਰੂ ਮੰਨਦੇ ਹਾਂ, ਨਾ ਪਾਣੀ ਨੂੰ ਪਿਤਾ ਤੇ ਨਾ ਧਰਤੀ ਨੂੰ ਮਾਂ। ਇਸੇ ਕਰਕੇ ਨਰਕ ਵਰਗੀ ਜੂਨ ਹੰਢਾ ਰਹੇ ਹਾਂ। ਲੋਕ ਸੁੱਤੇ ਪਏ ਨੇ, ਨੌਕਰਸ਼ਾਹੀ ਸੰਵੇਦਨਸ਼ੀਲ ਨਹੀਂ ਰਹੀ, ਇਸ ਪਲ ਲੇਖਕਾਂ ਦੀ ਜ਼ਿੰਮੇਵਾਰੀ ਵੱਡੀ ਹੈ ਕਿ ਉਹ ਲੋਕ ਚੇਤਨਾ ਲਈ ਸਾਹਿੱਤ ਰਚਣ। ਨੈਕਰਸ਼ਾਹੀ ਨੂੰ  ਵੀ ਸ਼ੀਸ਼ੇ ਵਿੱਚ ਉਨ੍ਹਾਂ ਦਾ ਕਰੂਪ ਚਿਹਰਾ ਵਿਖਾਉਣ। ਉਨ੍ਹਾਂ ਇਸ ਮੌਕੇ ਹਾਜ਼ਰ ਕਵੀਆਂ, ਅਮਰੀਕਾ ਤੋਂ ਆਈ ਬੀਬੀ ਨੀਰੂ ਸਹਿਰਾਅ ਤੇ ਦੇਸ਼ ਬਦੇਸ਼ ਤੋਂ ਆਏ ਮਹਿਮਾਨਾਂ ਨੂੰ ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ।