ਮੈਡੀਕਲ ਐਮਰਜੈਂਸੀ ਤੇ ਸਰਕਾਰ ਵੱਲੋਂ ਪ੍ਰਵਾਨਿਤ ਸੇਵਾਵਾਂ ਨੂੰ ਛੱਡ ਕੇ ਜ਼ਿਲ੍ਹੇ ਤੋਂ ਬਾਹਰ ਜਾਣ ਅਤੇ ਜ਼ਿਲ੍ਹੇ ’ਚ ਆਉਣ ’ਤੇ ਪਾਬੰਦੀ

ਬਾਹਰ ਜਾਣ ਵਾਲੇ ਲੋਕਾਂ ਲਈ ਵਾਪਸੀ ’ਤੇ 14 ਦਿਨ ‘ਘਰ ’ਚ ਅਲਹਿਦਾ ਰਹਿਣਾ’ ਲਾਜ਼ਮੀ-ਜ਼ਿਲ੍ਹਾ ਮੈਜਿਸਟ੍ਰੇਟ

ਮੈਡੀਕਲ ਐਮਰਜੈਂਸੀ ਤੇ ਸਰਕਾਰ ਵੱਲੋਂ ਪ੍ਰਵਾਨਿਤ ਸੇਵਾਵਾਂ ਨੂੰ ਛੱਡ ਕੇ ਜ਼ਿਲ੍ਹੇ ਤੋਂ ਬਾਹਰ ਜਾਣ ਅਤੇ ਜ਼ਿਲ੍ਹੇ ’ਚ ਆਉਣ ’ਤੇ ਪਾਬੰਦੀ

ਨਵਾਂਸ਼ਹਿਰ: ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਮੈਡੀਕਲ ਐਮਰਜੈਂਸੀ ਅਤੇ ਸਰਕਾਰ ਵੱਲੋਂ ਪ੍ਰਵਾਨਿਤ ਸੇਵਾਵਾਂ ਨੂੰ ਛੱਡ ਕੇ ਜ਼ਿਲ੍ਹੇ ’ਚੋਂ ਕਿਸੇ ਵੀ ਵਿਅਕਤੀ ਦੇ ਬਾਹਰ ਜਾਣ ਅਤੇ ਜ਼ਿਲ੍ਹੇ ’ਚ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਕਿਸੇ ਦੇ ਵੀ ਜ਼ਰੂਰੀ ਕੰਮ ਬਾਹਰ ਜਾਣ ’ਤੇ ਉਸਦੀ ਵਾਪਸੀ ’ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਸ ਦਾ 14 ਦਿਨ ‘ਘਰ ’ਚ ਅਲਹਿਦਾ ਰਹਿਣਾ’ (ਹੋਮ ਕੁਆਰਨਟਾਈਨ) ਲਾਜ਼ਮੀ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਲਾਚੌਰ ਸਬ ਡਵੀਜ਼ਨ ਦੇ ਇੱਕ ਡਰਾਈਵਰ ਦੇ ਡਿਊਟੀ ਤੋਂ ਆਉਣ ਬਾਅਦ ਪਾਜ਼ੇਟਿਵ ਪਾਏ ਜਾਣ ਦੀ ਘਟਨਾ ਤੋਂ ਬਾਅਦ ਆਪਣੇ ਪਹਿਲਾਂ ਜਾਰੀ ਜ਼ਿਲ੍ਹੇ ’ਚ ਬਾਹਰ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ਨਾਕੇ ’ਤੇ ਜਾਂ ਨੇੜਲੇ ਪੁਲਿਸ ਸਟੇਸ਼ਨ ’ਚ ਆਪਣੀ ਸੂਚਨਾ ਦੇ ਕੇ, ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸੀ ਡੀ ਪੀ ਓ) ਨੂੰ ਰਿਪੋਰਟ ਕਰਨ ਦੇ ਹੁਕਮਾਂ ਦੀ ਲਗਾਤਾਰਤਾ ’ਚ ਇਹ ਹੁਕਮ ਜਾਰੀ ਕੀਤੇ ਹਨ।
ਨਵੇਂ ਹੁਕਮਾਂ ਮੁਤਾਬਕ ਜ਼ਿਲ੍ਹੇ ’ਚ ਬਾਹਰੋਂ ਆਉਣ ਵਾਲੇ ਜਾਂ ਜ਼ਿਲ੍ਹੇ ’ਚੋਂ ਬਾਹਰ ਜਾਣ ਵਾਲੇ ਕਿਸੇ ਵੀ ਵਿਅਕਤੀ (ਸਿਵਾਏ ਸਰਕਾਰੀ ਡਿਊਟੀ ’ਤੇ ਤਾਇਨਾਤ ਵਿਅਕਤੀਆਂ) ਦੇ ਦਾਖਲੇ ’ਤੇ ਪਾਬੰਦੀ ਹੋਵੇਗੀ। ਜ਼ਿਲ੍ਹੇ ’ਚੋਂ ਜ਼ਰੂਰੀ ਸੇਵਾਵਾਂ ਨਾਲ ਚੱਲਣ ਵਾਲੇ ਡਰਾਇਵਰਾਂ ਨੂੰ ਆਪਣੇ ਇਲਾਕੇ ਨਾਲ ਸਬੰਧਤ ਐਸ ਡੀ ਐਮ ਪਾਸੋਂ ਆਗਿਆ ਲੈ ਕੇ ਅਤੇ ਆਪਣੇ ਨਾਲ ਕੇਵਲ ਇੱਕ ਸਹਾਇਕ ਲਿਜਾਣ ਦੀ ਮਨਜੂਰੀ ਮਿਲੇਗੀ। ਪਰੰਤੂ ਜ਼ਿਲ੍ਹੇ ’ਚ ਵਾਪਸੀ ’ਤੇ ਡਰਾਇਵਰ/ਉਸ ਦੇ ਨਾਲ ਗਏ ਸਹਾਇਕ ਨੂੰ ਘੱਟੋ-ਘੱਟ 14 ਦਿਨ ਦੀ ‘ਘਰ ’ਚ ਅਲਹਿਦਗੀ’ ਦੀ ਸਿਹਤ ਵਿਭਾਗ ਦੀ ਹਦਾਇਤ ਦਾ ਸਖਤੀ ਨਾਲ ਪਾਲਣ ਕਰਨਾ ਪਵੇਗਾ। ਸਬੰਧਤ ਵਿਅਕਤੀ ਨੂੰ ਜ਼ਿਲ੍ਹੇ ’ਚ ਵਾਪਸੀ ’ਤੇ ਨਾਕੇ ’ਤੇ ਅਤੇ ਨੇੜਲੇ ਪੁਲਿਸ ਥਾਣੇ ’ਚ ਸੂਚਨਾ ਦੇਣਾ ਅਤੇ ਸੀ ਡੀ ਪੀ ਓ ਨੂੰ ਰਿਪੋਰਟ ਕਰਨਾ ਵੀ ਲਾਜ਼ਮੀ ਹੋਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਬਬਲਾਨੀ ਨੇ ਬਲਾਚੌਰ ਦੇ ਬੂਥਗੜ੍ਹ ਦੇ ਮਾਮਲੇ ਤੋਂ ਬਾਅਦ ਅੱਜ ਤਿੰਨਾਂ ਉੱਪ ਮੰਡਲ ਮੈਜਿਸਟ੍ਰੇਟਾਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ ਇਨ੍ਹਾਂ ਹੁਕਮਾਂ ਦੀ ਆਪੋ-ਆਪਣੀ ਸਬ ਡਵੀਜ਼ਨ ’ਚ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਬਾਅਦ ਸਾਨੂੰ ਹੋਰ ਵੀ ਖ਼ਬਰਦਾਰ ਹੋਣ ਦੀ ਲੋੜ ਹੈ ਅਤੇ ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ’ਚ ਬਾਹਰੋਂ ਡਰਾਇਵਰੀ ਆਦਿ ਦੀ ਡਿਊਟੀ ਕਰਕੇ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਨਿਯਮ ਸਖਤੀ ਨਾਲ ਲਾਗੂ ਕੀਤੇ ਜਾਣ।
ਸ੍ਰੀ ਬਬਲਾਨੀ ਨੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ ਪਾਸ ਅਜਿਹਾ ਕੋਈ ਬਾਹਰੋਂ ਆਇਆ ਵਿਅਕਤੀ ਧਿਆਨ ’ਚ ਹੈ ਤਾਂ ਉਹ ਤੁਰੰਤ ਜ਼ਿਲ੍ਹੇ ਦੇ ਕੰਟਰੋਲ ਰੂਮ ਨੰਬਰਾਂ 01823-227470, 227471, 227473, 227474, 227476, 227478, 227479 ਅਤੇ 227480 ’ਤੇ ਲਿਖਵਾਉਣ ਤਾਂ ਜੋ ਇਨ੍ਹਾਂ ਸਬੰਧੀ ਨਾਲ ਦੀ ਨਾਲ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਕਾਰਵਾਈ ਲਈ ਕਿਹਾ ਜਾ ਸਕੇ।