ਦੋਆਬਾ ਕਾਲਜ ਵਿੱਚ ਨਵੀਨਤਾ ਅਤੇ ਸਵੈ-ਰੋਜ਼ਗਾਰ ’ਤੇ ਸੈਮੀਨਾਰ ਦਾ ਅਯੋਜਨ
ਜਲੰਧਰ, 16 ਨਵੰਬਰ, 2026: ਦੋਆਬਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਵਿਭਾਗ ਕਾਮਰਸ ਐਂਡ ਬਿਜਨੈਸ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਵਿੱਚ ਉੱਦਮੀ ਸੋਚ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਨਵੀਨਤਾ ਅਤੇ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਨਵੀਨਤਾ ਅਤੇ ਸਵੈ-ਰੋਜ਼ਗਾਰ ਵਿਸ਼ੇ 'ਤੇ ਇੱਕ ਜਾਣਕਾਰੀ ਭਰਪੂਰ ਸੈਮੀਨਾਰ ਅਯੋਜਤ ਕੀਤਾ ਗਿਆ । ਇਸ ਮੌਕੇ ’ਤੇ ਐਨਆਈਟੀ ਜਲੰਧਰ ਦੇ ਹਿਊਮੈਨਿਟੀਜ਼ ਐਂਡ ਮੈਨੇਜਮੈਂਟ ਵਿਭਾਗ ਦੀ ਪ੍ਰੋ. ਡਾ. ਸੋਨਿਆ ਚਾਵਲਾ ਨੇ ਮੁੱਖ ਬੁਲਾਰੇ ਦੇ ਰੂਪ ਵਿੱਚ ਸ਼ਿਰਕਤ ਕੀਤੀ । ਵਿਭਾਗ ਦੇ ਮੁੱਖੀ ਪ੍ਰੋ. ਨਰੇਸ਼ ਮਲਹੋਤਰਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ।
ਡਾ. ਸੋਨੀਆ ਚਾਵਲਾ ਨੇ ਪੂਰੀ ਉੱਦਮਤਾ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ । ਉਨ੍ਹਾਂ ਨੇ ਨਵੇਂ ਕਾਰੋਬਾਰੀ ਵਿਚਾਰ ਪੈਦਾ ਕਰਨ, ਕਾਰੋਬਾਰੀ ਪਿਚਿੰਗ, ਪ੍ਰੋਟੋਟਾਈਪ ਪ੍ਰਮਾਣਿਕਤਾ ਅਤੇ ਸ਼ੁਰੂਆਤੀ ਪੜਾਅ ਦੇ ਵਪਾਰੀਕਰਨ ਵਰਗੇ ਮੁੱਖ ਪਹਿਲੂਆਂ ਬਾਰੇ ਵਿਹਾਰਕ ਸਮਝ ਪ੍ਰਦਾਨ ਕੀਤੀ । ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਭਰ ਰਹੇ ਉੱਦਮੀਆਂ ਲਈ ਉਪਲਬੱਧ ਵੱਖ-ਵੱਖ ਵਿੱਤੀ ਸਹਾਇਤਾ ਯੋਜਨਾਵਾਂ ਅਤੇ ਸੰਸਥਾਗਤ ਸਹਾਇਤਾ ਮੌਕਿਆਂ ਤੋਂ ਜਾਣੂ ਕਰਵਾਇਆ । ਇਨ੍ਹਾਂ ਵਿੱਚ DST NIDHI-PRAYAS, MSME Incubation Scheme, ਡਾ. ਏ.ਪੀ.ਜੇ. ਅਬਦੁਲ ਕਲਾਮ ਸੀਡ ਫੀਡਿੰਗ, ਕੈਂਪਸ ਫੰਡ ਅਤੇ ਐਨਸੀਆਈਈ ਸਟਾਰਟਅੱਪ ਪ੍ਰੋਗਰਾਮ ਸ਼ਾਮਲ ਸਨ । ਉਨ੍ਹਾਂ ਦੇ ਭਾਸ਼ਣ ਨੇ ਵਿਦਿਆਰਥੀਆਂ ਨੂੰ ਆਪਣੇ ਨਵੀਨਤਾਕਾਰੀ ਵਿਚਾਰਾਂ ਨੂੰ ਸਫਲ ਅਤੇ ਵਿਵਹਾਰਕ ਵਪਾਰਕ ਉੱਦਮਾਂ ਵਿੱਚ ਬਦਲਣ ਲਈ ਪ੍ਰੇਰਿਤ ਕੀਤਾ।
ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਸਾਰਥਕ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਦੇ ਅਯੋਜਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕਿਹਾ ਕਿ ਨੌਜਵਾਨ ਗ੍ਰੇਜੂਏਟਾਂ ਵਿੱਚ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਵਿਕਸਤ ਕਰਨਾ ਸਮੇਂ ਦੀ ਇੱਕ ਮਹੱਤਵਪੂਰਨ ਲੋੜ ਹੈ । ਇਸ ਨਾਲ ਨੌਜਵਾਨ ਸਿਰਫ਼ ਨੌਕਰੀ ਲੱਭਣ ਵਾਲੇ ਹੀ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ, ਨਵੀਨਤਾ ਦੇ ਮੋਢੀ ਅਤੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਵਾਲੇ ਜ਼ਿੰਮੇਵਾਰ ਨਾਗਰਿਕ ਬਣਨ ਦੇ ਯੋਗ ਹੋਣਗੇ ।
ਸੈਮੀਨਾਰ ਦੀ ਸਮਾਪਤੀ ਪ੍ਰੋ. ਰਜਨੀ ਧੀਰ ਦੁਆਰਾ ਪੇਸ਼ ਕੀਤੇ ਗਏ ਰਸਮੀ ਧੰਨਵਾਦ ਮਤੇ ਲਾਲ ਹੋਈ । ਇਸ ਮੌਕੇ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ ।

City Air News

