ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਬਾਣੀ ਸਮੁੱਚੇ ਭਾਰਤੀ ਸਭਿਆਚਾਰ ਲਈ ਸਰਬ-ਸਾਂਝੀਵਾਲਤਾ ਦਾ ਸੁਨੇਹਾ
ਫਿਰੋਜ਼ਾਬਾਦ (ਯੂਪੀ) ਵਿਖੇ ਭਾਰਤੀ ਸੱਭਿਆਚਾਰ ਦੇ ਸੰਦਰਭ ਵਿੱਚ ਗੁਰੂ ਗ੍ਰੰਥ ਸਾਹਿਬ: ਸੰਤ ਕਵੀਆਂ ਦੀ ਵਿਚਾਰਧਾਰਕ ਦ੍ਰਿਸ਼ਟੀ' ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਸੰਪੰਨ
ਫ਼ਿਰੋਜਾਬਾਦ, 22 ਨਵੰਬਰ, 2026: ਸਿੱਖ ਗੁਰੂ ਸਾਹਿਬਾਨ ਇੱਕੋ ਇਲਾਹੀ ਨੂਰ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਦੇ ਹਨ ਅਤੇ ਜਨਮ-ਆਧਾਰਿਤ ਊਚ-ਨੀਚ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਕਬੀਰ, ਰਵਿਦਾਸ, ਫ਼ਰੀਦ ਸਮੇਤ ਕੁੱਲ 15 ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਜਿਸ ਵਿੱਚੋਂ ਗੁਰੂ ਸਾਹਿਬਾਨਾਂ ਦੇ ਉਪਰੋਕਤ ਆਸ਼ੇ ਦਾ ਇਲਾਹੀ ਨੂਰ ਝਲਕਦਾ ਹੈ। ਸੰਤੋਖ, ਸਵੈ-ਮਾਣ, ਬਦਲਾ ਨਾ ਲੈਣਾ, ਕਿਰਤ ਨੂੰ ਹੀ ਪੂਜਾ ਮੰਨਣਾ ਅਤੇ ਅਪਣੱਤ, ਇਹ ਸਾਰੇ ਸੰਤ-ਭਗਤ ਕਵੀਆਂ ਦੀਆਂ ਸਾਂਝੀਆਂ ਜੀਵਨ-ਕਦਰਾਂ-ਕੀਮਤਾਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਦੀ ਸੰਪਾਦਨਾ ਦੇ ਬਾਰੀਕੀ ਨਾਲ ਅਧਿਐਨ ਕਰਨ 'ਤੇ ਪਤਾ ਚੱਲਦਾ ਹੈ ਕਿ ਕਿਵੇਂ ਗੁਰੂ ਸਾਹਿਬਾਨ ਨੇ ਸਹਿਮਤੀ ਹੋਣ 'ਤੇ ਬਰਾਬਰੀ ਨਾਲ ਸਾਥ ਚੱਲਣ, ਅਸਹਿਮਤੀ ਹੋਣ 'ਤੇ ਸਤਿਕਾਰ ਨਾਲ ਆਪਣਾ ਪੱਖ ਰੱਖਣ, ਅਤੇ ਇੱਕ ਵੱਖਰੀ ਧਾਰਮਿਕ ਵਿਵਸਥਾ ਪ੍ਰਤੀ ਬਿਨਾਂ ਕਿਸੇ ਦਖ਼ਲਅੰਦਾਜ਼ੀ ਦੇ ਸਤਿਕਾਰਯੋਗ ਨਿਰਪੱਖਤਾ ਬਣਾਈ ਰੱਖਣ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤੀ ਸੱਭਿਆਚਾਰ ਨੂੰ ਸਰਬ-ਸਾਂਝੀਵਾਲਤਾ ਦੇ ਸੂਤਰ ਵਜੋਂ ਸੰਵਾਦ ਤੇ ਗੋਸ਼ਟਿ ਨੂੰ ਜੀਵਨ ਸ਼ੈਲੀ ਦੇ ਇੱਕ ਵਿਵਹਾਰਕ ਮਾਪਦੰਡ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਗੁਰੂ ਸਾਹਿਬ ਦਰਸਾਉਂਦੇ ਹਨ ਕਿ ਸੱਚੀ ਸੱਭਿਆਚਾਰਕ ਏਕਤਾ ਲਈ ਵਿਚਾਰਾਂ ਦੇ ਵਖਰੇਵਿਆਂ ਨੂੰ ਮਿਟਾਉਣਾ ਜ਼ਰੂਰੀ ਨਹੀਂ ਹੈ; ਆਪਣੀ ਸੁਤੰਤਰ ਪਛਾਣ ਨੂੰ ਕਾਇਮ ਰੱਖਦੇ ਹੋਏ ਵੀ ਦੂਜਿਆਂ ਦੀ ਆਵਾਜ਼ ਨੂੰ ਮਾਣ-ਸਤਿਕਾਰ ਨਾਲ ਥਾਂ ਦਿੱਤੀ ਜਾ ਸਕਦੀ ਹੈ। ਇਹ ਵਿਚਾਰ ਪੰਜਾਬੀ ਸਾਹਿਤਕ ਮੈਗਜ਼ੀਨ ਲਫ਼ਜ਼ਾਂ ਦਾ ਪੁਲ ਦੇ ਸੰਪਾਦਕ, ਲੇਖਕ ਪੱਤਰਕਾਰ ਤੇ ਆਲੋਚਕ ਦੀਪ ਜਗਦੀਪ ਸਿੰਘ ਨੇ 'ਭਾਰਤੀ ਸੱਭਿਆਚਾਰ ਦੇ ਸੰਦਰਭ ਵਿੱਚ ਗੁਰੂ ਗ੍ਰੰਥ ਸਾਹਿਬ: ਸੰਤ ਕਵੀਆਂ ਦੀ ਵਿਚਾਰਧਾਰਕ ਦ੍ਰਿਸ਼ਟੀ' ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦੌਰਾਨ ਮਹਾਤਮਾ ਗਾਂਧੀ ਬਾਲਿਕਾ ਵਿਦਿਆਲਾ (ਪੀ.ਜੀ.) ਕਾਲਜ, ਫਿਰੋਜ਼ਾਬਾਦ ਦੇ ਵਿਹੜੇ ਵਿੱਚ ਆਪਣੇ ਸੰਬੋਧਨ ਦੌਰਾਨ ਪ੍ਰਗਟ ਕੀਤੇ। ਇਹ ਰਾਸ਼ਟਰੀ ਸੈਮੀਨਾਰ ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਅਤੇ ਹਿੰਦੀ ਵਿਭਾਗ, ਮਹਾਤਮਾ ਗਾਂਧੀ ਬਾਲਿਕਾ ਵਿਦਿਆਲਾ (ਪੀ.ਜੀ.) ਕਾਲਜ, ਫ਼ਿਰੋਜ਼ਾਬਾਦ ਦੀ ਸਾਂਝੀ ਸਰਪ੍ਰਸਤੀ ਹੇਠ ਸਫ਼ਲਤਾਪੂਰਵਕ ਸੰਪੰਨ ਹੋਇਆ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਅੱਗੇ ਦੀਪ ਜਗਾਉਣ ਅਤੇ ਸਰਸਵਤੀ ਵੰਦਨਾ ਨਾਲ ਹੋਈ। ਇਸ ਉਪਰੰਤ ਡਾ. ਸੋਨਮ ਸੇਠ ਵੱਲੋਂ ਪੇਸ਼ ਕੀਤੇ ਗਏ ਭਗਤੀਮਈ ਭਜਨ ਨੇ ਮਾਹੌਲ ਨੂੰ ਅਧਿਆਤਮਕ ਭਾਵਨਾ ਨਾਲ ਭਰ ਦਿੱਤਾ। ਸਰਸਵਤੀ ਵੰਦਨਾ ਮਹਾਂਵਿਦਿਆਲੇ ਦੀ ਵਿਦਿਆਰਥਣ ਹਿਮਾਨੀ ਯਾਦਵ ਨੇ ਪੇਸ਼ ਕੀਤੀ।
ਸੈਮੀਨਾਰ ਕੋਆਰਡੀਨੇਟਰ ਡਾ. ਸੰਧਿਆ ਦਿਵੇਦੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੈਮੀਨਾਰ ਦੇ ਵਿਸ਼ੇ ਦੀ ਰੂਪ-ਰੇਖਾ ਪੇਸ਼ ਕੀਤੀ। ਦੀਪ ਜਗਦੀਪ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਧਾਰਮਿਕ ਆਸਥਾ ਦਾ ਗ੍ਰੰਥ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਕਲਿਆਣ ਦਾ ਮਾਰਗ ਦਰਸਾਉਣ ਵਾਲਾ ਮਹਾਨ ਅਧਿਆਤਮਕ ਅਤੇ ਸੱਭਿਆਚਾਰਕ ਗ੍ਰੰਥ ਹੈ।
ਅਲੀਗੜ੍ਹ ਦੀ ਸਾਹਿਤਕਾਰ ਡਾ. ਰਵਿੰਦਰ ਕੌਰ ਭਾਟੀਆ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੰਤ ਕਵੀਆਂ ਦੀ ਬਾਣੀ ਜਾਤ, ਧਰਮ ਅਤੇ ਸੰਪਰਦਾ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਪ੍ਰੇਮ, ਸਦਭਾਵਨਾ, ਸਮਾਨਤਾ ਅਤੇ ਪਰਉਪਕਾਰ ਦੀ ਪ੍ਰੇਰਨਾ ਦਿੰਦੀ ਹੈ। ਉੱਤਰ ਪ੍ਰਦੇਸ਼ ਸੂਰਦਾਸ ਬ੍ਰਜ ਅਕਾਦਮੀ ਪਾਰਸੌਲੀ, ਗੋਵਰਧਨ, ਮਥੁਰਾ ਦੇ ਨਿਰਦੇਸ਼ਕ ਡਾ. ਕੇਸ਼ਵਦੇਵ ਸ਼ਰਮਾ ਨੇ ਕਿਹਾ ਕਿ ਸੰਤ ਕਵੀਆਂ ਦੀ ਵਿਚਾਰਧਾਰਕ ਦ੍ਰਿਸ਼ਟੀ ਭਾਰਤੀ ਸੱਭਿਆਚਾਰ ਦੀ ਸਾਂਝੀਵਾਲਤਾ ਵਾਲੀ ਪਰੰਪਰਾ ਨੂੰ ਮਜ਼ਬੂਤ ਕਰਦੀ ਹੈ। ਇਸ ਮੌਕੇ ਕੇਂਦਰੀ ਹਿੰਦੀ ਸੰਸਥਾਨ ਆਗਰਾ ਤੋਂ ਪ੍ਰੋ. ਉਮਾਪਤੀ ਦੀਕਸ਼ਿਤ, ਸੀਨੀਅਰ ਸਾਹਿਤਕਾਰ ਡਾ. ਰਾਮਸਨੇਹੀ ਲਾਲ ਸ਼ਰਮਾ 'ਯਾਯਾਵਰ' ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਲਖਨਊ ਤੋਂ ਪਹੁੰਚੇ ਅਰਵਿੰਦ ਨਾਰਾਇਣ ਮਿਸ਼ਰਾ ਨੇ ਦੱਸਿਆ ਕਿ ਅਕਾਦਮੀ ਦੇ ਨਿਰਦੇਸ਼ਕ ਕਾਮਤਾ ਪ੍ਰਸਾਦ ਜੀ ਦੇ ਸਹਿਯੋਗ ਨਾਲ ਉੱਤਰ ਪ੍ਰਦੇਸ਼ ਸੂਬੇ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਬਣਦਾ ਸਨਮਾਨ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਰਬ-ਵਿਆਪਕ ਦ੍ਰਿਸ਼ਟੀ ਨੂੰ ਗ਼ੈਰ-ਪੰਜਾਬੀਆਂ ਤੱਕ ਪਹੁੰਚਾਉਣ ਦੇ ਮਨੋਰਥ ਨਾਲ ਮਹਾਤਮਾ ਗਾਂਧੀ ਬਾਲਿਕਾ ਵਿਦਿਆਲਾ (ਪੀ.ਜੀ.) ਕਾਲਜ, ਫਿਰੋਜ਼ਾਬਾਦ ਦੀ ਸਾਂਝੀ ਸਰਪ੍ਰਸਤੀ ਹੇਠ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜੋ ਸਫ਼ਲਤਾ ਨਾਲ ਸੰਪੰਨ ਹੋਇਆ।
ਇਸ ਮੌਕੇ ਕੇਂਦਰੀ ਹਿੰਦੀ ਸੰਸਥਾਨ ਆਗਰਾ ਦੇ ਸਹਾਇਕ ਪ੍ਰੋਫ਼ੈਸਰ ਅਨੁਪਮ ਸ੍ਰੀਵਾਸਤਵ, ਖੋਜਾਰਥੀ ਕ੍ਰਿਸ਼ਨ ਕੁਮਾਰ 'ਕਨਕ' ਅਤੇ ਮਨੋਜ ਕਨੌਜੀਆ ਨੇ ਆਪਣੇ ਖੋਜ-ਪੱਤਰ ਪੜ੍ਹੇ। ਪ੍ਰੋਗਰਾਮ ਦੀ ਸਮਾਪਤੀ 'ਤੇ ਡਾ. ਦੀਪਾ ਕੰਨੌਜੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੁਚੱਜਾ ਮੰਚ ਸੰਚਾਲਨ ਡਾ. ਪ੍ਰੀਤੀ ਸਿੰਘ ਪਟੇਲ ਨੇ ਕੀਤਾ।
ਇਸ ਮੌਕੇ ਸਕੱਤਰ ਸਤੀਸ਼ ਚੰਦਰ ਗੁਪਤਾ, ਖਜ਼ਾਨਚੀ ਅਨੁਪਮ ਗੁਪਤਾ, ਮੰਡਲ ਸਕੱਤਰ ਐਡਵੋਕੇਟ ਅਨੂਪ ਚੰਦਰ ਜੈਨ, ਮੈਂਬਰ ਮਾਧਵ ਪ੍ਰਸਾਦ ਮਿੱਤਲ, ਪ੍ਰੋ. ਪੂਨਮ, ਡਾ. ਨਿਸ਼ਠਾ ਸ਼ਰਮਾ, ਸੋਨਾਲੀ ਭੱਟਾਚਾਰਜੀ ਸਮੇਤ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ, ਖੋਜਾਰਥੀ, ਵਿਦਿਆਰਥੀ, ਸਿੱਖਿਆ ਸ਼ਾਸਤਰੀ ਅਤੇ ਫਿਰੋਜ਼ਾਬਾਦ ਦੇ ਪਤਵੰਤੇ ਮਹਿਮਾਨ ਹਾਜ਼ਰ ਰਹੇ। ਸਾਰਿਆਂ ਨੇ ਹੀ ਇਸ ਵਿਸ਼ੇ ਉੱਤੇ ਸੈਮੀਨਾਰ ਕਰਵਾਉਣ ਲਈ ਸੈਮੀਨਾਰ ਦੀ ਕਨਵੀਨਰ ਡਾਕਟਰ ਸੰਧਿਆ ਦਿਵੇਦੀ ਦੇ ਅਣਥੱਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

City Air News

