ਨਵਾਂਸ਼ਹਿਰ ਦੇ ਮਿਊਂਸਪਲ ਇਲਾਕੇ ’ਚ ਲੰਗਰ ਦੀ ਵੰਡ 13 ਤੋਂ 16 ਅਪਰੈਲ ਤੱਕ ਮੁਲਤਵੀ

ਬਿਮਾਰੀ ਨਾ ਫ਼ੈਲਣ ਦੀਆਂ ਸਾਵਧਾਨੀਆਂ ਵਿਚਾਰਨ ਬਾਅਦ ਹੀ ਕੀਤੀ ਜਾਵੇਗੀ ਸ਼ੁਰੂਆਤ

ਨਵਾਂਸ਼ਹਿਰ ਦੇ ਮਿਊਂਸਪਲ ਇਲਾਕੇ ’ਚ ਲੰਗਰ ਦੀ ਵੰਡ 13 ਤੋਂ 16 ਅਪਰੈਲ ਤੱਕ ਮੁਲਤਵੀ
ਨਵਾਂਸ਼ਹਿਰ ਮਿਊਂਸਪਲ ਇਲਾਕੇ ’ਚ ਸੋਮਵਾਰ ਤੋਂ ਲੰਗਰ ਦੀ ਵੰਡ ਮੁਲਤਵੀ ਕਰਨ ਸਬੰਧੀ ਸਮਾਜ ਸੇਵੀ ਸੰਸਥਾਂਵਾਂ ਨਾਲ ਮੀਟਿੰਗ ਕਰਦੇ ਹੋਏ ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਅਤੇ ਡੀ ਐਸ ਪੀ ਰਾਜ ਕੁਮਾਰ।

ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਤੇ ਡੀ ਐਸ ਪੀ ਰਾਜ ਕੁਮਾਰ ਵੱਲੋਂ ਸਮਾਜ ਸੇਵੀਆਂ ਤੇ ਦਾਨੀ ਸੱਜਣਾਂ ਨਾਲ ਮੀਟਿੰਗ
ਨਵਾਂਸ਼ਹਿਰ
: ਨਵਾਂਸ਼ਹਿਰ ਮਿਊਂਸਪਲ ਇਲਾਕੇ ’ਚ ਵੱਖ-ਵੱਖ ਸੰਸਥਾਂਵਾਂ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਲੰਗਰ (ਤਿਆਰ ਕੀਤਾ ਖਾਣਾ) 13 ਅਪਰੈਲ ਤੋਂ 16 ਅਪਰੈਲ ਤੱਕ ਮੁਲਤਵੀ ਕਰ ਗਏ ਹਨ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਡੀ ਐਸ ਪੀ ਰਾਜ ਕੁਮਾਰ ਦੀ ਮੌਜੂਦਗੀ ’ਚ ਲੰਗਰ ਵੰਡ ’ਚ ਲੱਗੀਆਂ ਸਮਾਜ ਸੇਵੀ ਸੰਸਥਾਂਵਾਂ ਅਤੇ ਦਾਨੀ ਸੱਜਣਾਂ ਦੀ ਹੋਈ ਮੀਟਿੰਗ ’ਚ ਡੇਰਾਬਸੀ ਨੇੜੇ ਜਵਾਹਰਪੁਰ ਪਿੰਡ ਦੀ ਘਟਨਾ ਤੋਂ ਬਾਅਦ ਪੱਕੇ ਹੋਏ ਖਾਣੇ ਦੀ ਵੰਡ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ।
ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਅਤੇ ਡੀ ਐਸ ਪੀ ਰਾਜ ਕੁਮਾਰ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਂਵਾਂ ਅਤੇ ਦਾਨੀ ਸੱਜਣਾਂ ਵੱਲੋਂ ਲੋੜਵੰਦ ਲੋਕਾਂ ਦੀ ਮੱਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਕੋਰਨਾ ਵਾਇਰਸ ਤੋਂ ਲੋਕਾਂ ਦਾ ਬਚਾਅ ਵੀ ਅਹਿਮ ਹੈ। ਉਨ੍ਹਾਂ ਕਿਹਾ ਕਿ ਜਵਾਹਰ ਵਾਲਾ ਦੀ ਘਟਨਾਸਾਡੇ ਸਭ ਲਈ ਇੱਕ ਵੱਡਾ ਸਬਕ ਹੈ ਤੇ ਸਾਨੂੰ ਅੱਗੇ ਵਧਣ ਤੋਂ ਪਹਿਲਾਂ ਅਜਿਹਾ ਕਿਸੇ ਹੋਰ ਥਾਂ ਨਾ ਵਾਪਰਣ ਲਈ ਸਾਵਧਾਨੀਆਂ ਵਰਤਣੀਆਂ ਪੈਣਗੀਆਂ।
ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਂਵਾਂ ਅਤੇ ਦਾਨੀ ਸੱਜਣਾਂ ਨੂੰ ਲੰਗਰ ਦੀ ਥਾਂ ਸੁੱਕਾ ਰਾਸ਼ਨ ਵੰਡਣ ਦਾ ਸੁਝਾਅ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋੜਵੰਦ ਇਲਾਕਿਆਂ ਦੀ ਪਹਿਲਾਂ ਹੀ ਸ਼ਨਾਖਤ ਕੀਤੀ ਹੋਈ ਹੈ ਅਤੇ ਇਨ੍ਹਾਂ ਸੰਸਥਾਂਵਾਂ ਨੂੰ ਉਨ੍ਹਾਂ ਦੀ ਸਹੂਲਤ ਮੁਤਾਬਕ ਇਹ ਇਲਾਕੇ ਅਲਾਟ ਕਰ ਦਿੱਤੇ ਜਾਣਗੇ।
ਮੀਟਿੰਗ ’ਚ ਤਹਿਸੀਲਦਾਰ ਕੁਲਵੰਤ ਸਿੰਘ ਨਵਾਂਸ਼ਹਿਰ ਵੀ ਮੌਜੂਦ ਸਨ।