ਜ਼ਿਲ੍ਹਾ ਪੁਲਿਸ ਹੈਡਕੁਆਰਟਰ ਵਿਖੇ ‘ਡਿਸਇਨਫੈਕਟੈਂਟ ਟਨਲ’ ਅਤੇ ਹੱਥ ਧੋਣ ਵਾਲਾ ਸਟੇਸ਼ਨ ਸਥਾਪਿਤ

ਐਸ ਐਸ ਪੀ ਅਲਕਾ ਮੀਨਾ ਵੱਲੋਂ ਕੀਤੀ ਗਈ ਸ਼ੁਰੂਆਤ

ਜ਼ਿਲ੍ਹਾ ਪੁਲਿਸ ਹੈਡਕੁਆਰਟਰ ਵਿਖੇ ‘ਡਿਸਇਨਫੈਕਟੈਂਟ ਟਨਲ’ ਅਤੇ ਹੱਥ ਧੋਣ ਵਾਲਾ ਸਟੇਸ਼ਨ ਸਥਾਪਿਤ
ਜ਼ਿਲ੍ਹਾ ਪੁਲਿਸ ਹੈਡਕੁਆਰਟਰ ਵਿਖੇ ਸਥਾਪਿਤ ਡਿਸਇਨਫੈਕਟੈਂਟ ਟਨਲ ਨਾਲ ਨਜ਼ਰ ਆ ਰਹੇ ਹਨ ਐਸ ਐਸ ਪੀ ਅਲਕਾ ਮੀਨਾ ਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਨਜ਼ਰ ਆ ਰਹੇ ਹਨ।

ਨਵਾਂਸ਼ਹਿਰ: ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਨਵਾਂਸ਼ਹਿਰ ‘ਡਿਸਇਨਫੈਕਟੈਂਟ ਟਨਲ’ ਅਤੇ ਹੈਂਡ ਵਾਸ਼ ਸਟੇਸ਼ਨ ਨਾਲ ਲੈਸ ਜ਼ਿਲ੍ਹੇ ਦਾ ਪਹਿਲਾ ਸਰਕਾਰੀ ਦਫ਼ਤਰ ਬਣ ਗਿਆ ਹੈ। ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੇ ਕਲ੍ਹ ਸ਼ਾਮ ਮੁਕੰਮਲ ਹੋਏ ਇਸ ‘ਰੋਗਾਣੂਨਾਸ਼ਕ ਪ੍ਰਣਾਲੀ’ ਅਤੇ ਹੱਥ ਧੋਣ ਵਾਲੇ ਸਟੇਸ਼ਨ ਨੂੰ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਨੂੰ ਰਸਮੀ ਤੌਰ ’ਤੇ ਸਮਰਪਿਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਹੈਡਕੁਆਰਟਰ ਆਉਣ ਵਾਲਾ ਇਸ ਦਾ ਲਾਭ ਲੈ ਸਕੇਗਾ।
ਉਨ੍ਹਾਂ ਕਿਹਾ ਕਿ ਪੁਲਿਸ ਬਲ ਇਸ ਮੁਸ਼ਕਿਲ ਭਰੇ ਸਮੇਂ ’ਚ ਆਪਣੇ ਪਰਿਵਾਰਾਂ ਨੂੰ ਛੱਡ ਕੇ, ਜਿਹੋ-ਜਿਹੇ ਹਾਲਾਤਾਂ ’ਚ ਕੰਮ ਕਰ ਰਹੇ ਹਨ, ਉਸ ਮੌਕੇ ਉਨ੍ਹਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਹੈਡਕੁਆਰਟਰ ਵਿਖੇ ਆਉਣ ਜਾਣ ਲਈ ਇਹ ਪ੍ਰਣਾਲੀ ਕਾਰਗਰ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਕਿਆਂ ’ਤੇ ਖੜੇ੍ਹ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੂੰਹ ’ਤੇ ਮਾਸਕ ਲੈਣ ਅਤੇ ਹੱਥ ਵਾਰ-ਵਾਰ ਸੈਨੇਟਾਈਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਰਾਤ ਨੂੰ ਨਾਕਿਆਂ ’ਤੇ ਖੜ੍ਹੇ ਪੁਲਿਸ ਕਰਮੀਆਂ ਦਾ ਮਨੋਬਲ ਵਧਾਉਣ ਲਈ ਚੱਕਰ ਲਾੳਂੁਦੇ ਹਨ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫ਼ਿਊ ਦੀ ਉਲੰਘਣਾ ਨਾ ਕਰਨ ਬਲਕਿ ਆਪਣੇ ਘਰਾਂ ’ਚ ਬੈਠਣ ਤਾਂ ਜੋ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰਨਾ ਵਾਇਰਸ ਇੱਕ ਪੀੜਤ ਵਿਅਕਤੀ ਤੋਂ ਦੂਸਰੇ ਕਈਆਂ ’ਚ ਫੈਲਣ ਦੇ ਡਰ ਕਾਰਨ, ਸਾਡਾ ਘਰ ਰਹਿਣਾ ਹੀ ਠੀਕ ਹੈ ਤਾਂ ਜੋ ਇਸ ਦੇ ਫੈਲਣ ਦੀ ਚੇਨ ਨੂੰ ਤੋੜਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਦੇ ਨਾਲ ਐਸ ਪੀ (ਐਚ) ਬਲਵਿੰਦਰ ਸਿੰਘ ਭੀਖੀ, ਐਸ ਪੀ (ਡੀ) ਵਜ਼ੀਰ ਸਿੰਘ, ਡੀ ਐਸ ਪੀ ਦੀਪਿਕਾ ਸਿੰਘ ਵੀ ਮੌਜੂਦ ਸਨ।