ਜੀ ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਅੰਤਰਰਾਸ਼ਟਰੀ ਗਜ਼ਲ ਦਰਬਾਰ ਕਰਵਾਇਆ

ਪ੍ਰਧਾਨਗੀ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕੀਤੀ

ਜੀ ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਅੰਤਰਰਾਸ਼ਟਰੀ ਗਜ਼ਲ ਦਰਬਾਰ ਕਰਵਾਇਆ

ਲੁਧਿਆਣਾ, 22 ਨਵੰਬਰ, 2025: ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਅੰਤਰਰਾਸ਼ਟਰੀ ਗ਼ਜ਼ਲ ਦਰਬਾਰ ਦਾ ਆਯੋਜਨ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ  ਨੇ ਕੀਤੀ।

ਪ੍ਰੋਗਰਾਮ ਦੇ ਆਰੰਭ ਵਿੱਚ ਡਾ ਸ .ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਸਟੀ ਅੰਮ੍ਰਿਤਸਰ ਵੱਲੋਂ ਉਦਘਾਟਨੀ ਸ਼ਬਦ ਸਾਂਝੇ ਕੀਤੇ ਗਏ। ਉਹਨਾਂ ਨੇ ਇਸ ਆਨਲਾਈਨ ਗ਼ਜ਼ਲ ਦਰਬਾਰ ਵਿੱਚ ਸ਼ਾਮਿਲ ਵੱਖ ਵੱਖ ਮੁਲਕਾਂ ਦੇ ਗ਼ਜ਼ਲਗੋਆਂ ਨੂੰ ਜੀ ਆਇਆਂ ਕਿਹਾ ਅਤੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਵਿੱਚ ਗਏ ਇਹ ਲੇਖਕ ਆਪਣੀ ਮਾਤ ਭਾਸ਼ਾ ਅਤੇ ਸਾਹਿਤ ਸਿਰਜਣਾ ਦੇ ਅਮਲ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਵੀ ਨਿਰੰਤਰ ਜੀਵੰਤ ਰੱਖਣ ਵਿੱਚ ਕਾਮਯਾਬ ਹੋਏ ਹਨ। ਗ਼ਜ਼ਲ ਦੀ ਬਣਤਰ ਵਿਕਾਸ ਅਤੇ ਪੰਜਾਬੀ ਗ਼ਜ਼ਲ ਬਾਰੇ ਉਘੇ ਸ਼ਾਇਰ ਤੇ ਆਲੋਚਕ ਪ੍ਰੋ. ਸੁਰਜੀਤ ਜੱਜ ਵੱਲੋਂ ਵਿਚਾਰ ਚਰਚਾ ਕੀਤੀ ਗਈ। ਪ੍ਰੋਫੈਸਰ ਸੁਰਜੀਤ ਜੱਜ ਪੰਜਾਬੀ ਗ਼ਜ਼ਲ ਦੇ ਮੁੱਢ ਬਾਰੇ ਵਿਚਾਰ ਕਰਦਿਆਂ ਦੱਸਿਆ ਕਿ ਆਮ ਧਾਰਨਾ ਇਹ ਹੈ ਕਿ ਪੰਜਾਬੀ ਗ਼ਜ਼ਲ ਉਰਦੂ ਤੋਂ ਰੂਪ ਧਾਰਨ ਕਰਦੀ ਹੈ ਪਰ ਉਰਦੂ ਸ਼ਾਇਰੀ ਵਿੱਚ ਅਤੇ ਪੰਜਾਬੀ ਸਾਹਿਤ ਵਿੱਚ ਗ਼ਜ਼ਲ ਵਿਧਾ ਲਗਭਗ ਇੱਕੋ ਸਮੇਂ ਹੀ ਪ੍ਰਵੇਸ਼ ਕਰਦੀ ਹੈ
ਉਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਪੰਜਾਬੀ ਗ਼ਜ਼ਲ  ਦਾ ਸੁਭਾਅ ਉਰਦੂ ਗ਼ਜ਼ਲ ਦੇ ਸੁਭਾਅ ਤੋਂ ਬਿਲਕੁਲ ਵੱਖਰਾ ਹੈ ਅਤੇ ਪੰਜਾਬੀ ਗ਼ਜ਼ਲ ਨੇ ਆਪਣੀ ਸਥਾਪਤੀ ਤੋਂ ਬਾਅਦ ਵੀ ਉਰਦੂ ਗ਼ਜ਼ਲ ਵਾਂਗ ਛੜੱਪੇ ਮਾਰਨ ਦੀ ਪ੍ਰਵਿਰਤੀ ਨਹੀਂ ਅਪਣਾਈ ਬਲਕਿ ਇਸ ਤੋਂ ਮੁਕਤ ਹੀ ਰਹੀ ।ਉਹਨਾਂ ਨੇ ਪੰਜਾਬੀ ਸਾਹਿਤ ਦੇ ਪ੍ਰਮੁੱਖ ਗ਼ਜ਼ਲਗੋਆਂ ਦੀ ਦੇਣ ਬਾਰੇ ਵੀ ਚਰਚਾ ਕੀਤੀ। ਇਸ ਉਪਰੰਤ ਪ੍ਰੋਫੈਸਰ ਸ਼ਰਨਜੀਤ ਕੌਰ ਨੇ ਗ਼ਜ਼ਲ ਦਰਬਾਰ ਦਾ ਆਰੰਭ ਕੀਤਾ ,ਜਿਸ ਵਿੱਚ ਅਮਰੀਕਾ ਤੋਂ ਹਰਜਿੰਦਰ ਕੰਗ , ਸੁਰਿੰਦਰ ਸੀਰਤ, ਸੁਰਜੀਤ ਸਖੀ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਦਿਲ ਨਿੱਝਰ ਅਤੇ ਕੈਨੇਡਾ ਤੋਂ ਮੋਹਨ ਗਿੱਲ, ਗੁਰਮਿੰਦਰ ਸਿੱਧੂ, ਕਵਿੰਦਰ  ਚਾਂਦ,ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ ,ਬਿੰਦੂ ਮਠਾੜੂ  ਅਤੇ ਇਟਲੀ ਤੋਂ ਦਲਜਿੰਦਰ ਰਹਿਲ, ਆਸਟਰੇਲੀਆ (ਸਿਡਨੀ) ਤੋਂ ਡਾ਼ ਅਮਰਜੀਤ ਸਿੰਘ ਟਾਂਡਾ ਨੇ ਆਪਣੀਆਂ ਖ਼ੂਬਸੂਰਤ ਤੇ ਭਾਵਪੂਰਤ ਗ਼ਜ਼ਲਾਂ ਨਾਲ  ਸਰੋਤਿਆਂ ਦਾ ਮਨ ਮੋਹ ਲਿਆ।
ਇਨਾਂ ਕਵੀਆਂ ਨੇ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਦਾ ਧੰਨਵਾਦ ਵੀ ਕੀਤਾ ਕਿ ਉਹ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਉਲੀਕ ਕੇ ਪਰਵਾਸੀ ਪੰਜਾਬੀ ਕਲਮਾਂ ਨੂੰ ਮਾਣ ਬਖਸ਼ਦੇ ਹਨ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਦੇ ਇਸ ਗ਼ਜ਼ਲ ਦਰਬਾਰ ਨੂੰ ਸੁਣ ਕੇ ਇੱਕ ਸੁੱਚਤਾ ਅਤੇ ਤਾਜ਼ਗੀ ਦਾ ਅਹਿਸਾਸ ਹੋਇਆ ਹੈ। ਉਹਨਾਂ ਨੇ ਬਾਬਾ ਫਰੀਦ, ਸ਼ਾਹ ਹੁਸੈਨ ਕਿੱਸਾਕਾਰ ਹਾਸ਼ਮ ਸ਼ਾਹ ਦੇ ਹਵਾਲੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਗ਼ਜ਼ਲ ਤੋਂ ਇਲਾਵਾ ਕੋਈ ਵੀ ਸਾਹਿਤ ਰੂਪ ਜਿਹੜਾ ਆਪਣੀ ਮਿੱਟੀ ਦੀ ਮਹਿਕ ਤੋਂ ਕੋਰਾ ਹੈ ਉਸ ਦੀ ਹਾਲਤ ਇਕ ਨਿਰਜਿੰਦ ਮਨੁੱਖ ਵਾਂਗ ਹੈ। ਇਹ ਸਹੀ ਹੈ ਕਿ ਗ਼ਜ਼ਲ ਵਿੱਚ ਪਿੰਗਲ ਅਤੇ ਅਰੂਜ਼ ਫਾਰਸੀ ਅਦਬ ਦੀ ਦੇਣ ਹੈ ਪਰ ਪੰਜਾਬੀ ਗਜ਼ਲ ਦਾ ਇੱਕ ਆਪਣਾ ਨਿਵੇਕਲਾ ਮੁਹਾਂਦਰਾ ਅਤੇ ਸਥਾਨ ਹੈ। ਉਹਨਾਂ ਨੇ ਗ਼ਜ਼ਲ ਦਰਬਾਰ ਵਿੱਚ ਸ਼ਾਮਿਲ ਸਾਰੇ ਹੀ ਗਜ਼ਲਗੋਆਂ ਦੀਆਂ ਲਿਖਤਾਂ ਬਾਰੇ ਵੀ ਆਪਣੇ ਮੁੱਲਵਾਨ ਵਿਚਾਰ ਸਾਂਝੇ ਕੀਤੇ। ਗਜ਼ਲ ਦਰਬਾਰ ਦੇ ਅਖ਼ੀਰ ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਜਿੰਦਰ ਕੌਰ ਮਲਹੋਤਰਾ ਵੱਲੋਂ ਵੱਖ-ਵੱਖ ਮੁਲਕਾਂ ਤੋਂ  ਸ਼ਾਮਿਲ ਹੋਏ ਸ਼ਾਇਰਾਂ ਅਤੇ ਹੋਰ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਗਿਆ ।ਉਹਨਾਂ ਨੇ ਪ੍ਰੋ. ਸੁਰਜੀਤ ਜੱਜ ,ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਗ਼ਜ਼ਲ ਅਤੇ ਪੰਜਾਬੀ ਗ਼ਜ਼ਲ ਸਬੰਧੀ ਮਹੱਤਵਪੂਰਨ ਜਾਣਕਾਰੀ ਇਸ ਮੰਚ ਤੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਲੇਖਕ ਸਾਡੇ ਇਸ ਕੇਂਦਰ ਦੇ ਹਰ ਸੱਦੇ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਮਾਣ ਬਖਸ਼ਦੇ ਹਨ। ਇਸ ਇਸ ਪ੍ਰੋਗਰਾਮ ਦਾ ਆਯੋਜਨ ਅਤੇ ਸੰਚਾਲਨ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਕੌਰ ਵੱਲੋਂ  ਕੀਤਾ ਗਿਆ। ਇਸ ਗਜ਼ਲ ਦਰਬਾਰ ਵਿੱਚ ਕਨੇਡਾ ਤੋਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਕਹਾਣੀਕਾਰ ਜਸਬੀਰ ਮਾਨ, ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਰਡੀਨੇਟਰ ਡਾ. ਤਜਿੰਦਰ ਕੌਰ ਅਤੇ ਰਜਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।