ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਂਡੂ ਕੋਵਿਡ ਫਤਿਹ ਪ੍ਰੋਗਰਾਮ ਤਹਿਤ ਸਰਪੰਚਾਂ ਨਾਲ ਕੀਤਾ ਗਿਆ ਵਰਚੂਅਲ ਸੰਵਾਦ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਂਡੂ ਕੋਵਿਡ ਫਤਿਹ ਪ੍ਰੋਗਰਾਮ ਤਹਿਤ ਸਰਪੰਚਾਂ ਨਾਲ ਕੀਤਾ ਗਿਆ ਵਰਚੂਅਲ ਸੰਵਾਦ

ਫ਼ਿਰੋਜ਼ਪੁਰ: ਸੂਬਾ ਸਰਕਾਰ ਵੱਲੋਂ ਐਲਾਨੇ ਪੇਂਡੂ ਕੋਵਿਡ ਫਤਿਹ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਪਿੰਡ ਪੱਧਰ ਤੇ ਲਾਗੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਪਿੰਡਾਂ ਦੇ ਸਰਪੰਚਾਂ ਨਾਂਲ ਵਰਚੂਅਲ ਸੰਵਾਦ ਕੀਤਾ। ਇਸ ਮੌਕੇ ਉਨਾਂ ਨੇ ਪੰਚਾਇਤਾਂ ਨੂੰ ਕੋਵਿਡ ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਤੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਗੁਰਪਾਲ ਸਿੰਘ ਚਾਹਲ, ਵਧੀਕ  ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਵੀ ਇਸ ਸਮਾਗਮ ਵਿਚ ਜੁੜੇ ।  

     ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਜਿਹੜੀਆਂ ਪੰਚਾਇਤਾਂ 100 ਫੀਸਦੀ ਵੈਕਸੀਨੇਸਨ ਕਰਵਾਉਣਗੀਆਂ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਵਿਸੇਸ਼ ਵਿਕਾਸ ਗ੍ਰਾਂਟ ਦਿੱਤੀ ਜਾਵੇਗੀ। ਉਨਾਂ ਨੇ ਇਸ ਮੌਕੇ ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਜਿੰਨਾਂ ਲੋਕਾਂ ਨੂੰ ਕਰੋਨਾ ਦੇ ਲੱਛਣ ਹਨ ਉਨਾਂ ਦੇ ਟੈਸਟ ਕਰਵਾਉਣ ਅਤੇ ਬਾਕੀ ਲੋਕਾਂ ਨੂੰ ਵੈਕਸੀਨ ਲਗਵਾਉਣ। ਉਨਾਂ ਨੇ ਕਿਹਾ ਕਿ ਪੋਜੇਟਿਵ ਆਏ ਲੋਕਾਂ ਦੀ ਪੰਚਾਇਤਾਂ ਮਦਦ ਕਰਨ। ਉਨਾਂ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਂਵੇਗਾ ਅਤੇ ਜੇਕਰ ਕੋਈ ਲੋੜਵੰਦ ਪਰਿਵਾਰ ਨੂੰ ਕਰੋਨਾ ਪੋਜੇਟਿਵ ਹੁੰਦਾ ਹੈ ਤਾਂ ਉਸਨੂੰ ਭੋਜਨ ਦੀ ਕਿੱਟ ਵੀ ਸਰਕਾਰ ਦੇਵੇਗੀ ਤਾਂ ਜੋ ਭੋਜਨ ਪੱਖੋ ਬੇਫਿਕਰ ਹੋ ਕਿ ਇਕਾਂਤਵਾਸ ਰਹਿ ਕੇ ਆਪਣਾ ਇਲਾਜ ਕਰਵਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਮਰੀਜਾਂ ਦੇ ਇਲਾਜ ਲਈ ਦਵਾਈਆਂ ਅਤੇ ਆਕਸੀਜਨ ਦੇ ਨਾਲ ਨਾਲ ਵੈਕਸੀਨ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।

     ਇਸ ਤੋਂ ਪਹਿਲਾਂ ਪੇਂਡੂ ਵਿਕਾਸ ਮੰਤਰੀ ਸ੍ਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਠੀਕਰੀ ਪਹਿਰੇ ਦੇਣ ਅਤੇ ਲੋਕਾਂ ਨੂੰ ਟੈਸਟਿੰਗ ਲਈ ਪ੍ਰੇਰਿਤ ਕਰਨ। ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਜਲਦੀ ਟੈਸਟ ਹੋ ਜਾਵੇ ਅਤੇ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਕੇਸ ਵਿਗੜਦਾ ਨਹੀਂ ਹੈ ਅਤੇ ਲੋਕ ਆਪਣੇ ਘਰ ਵਿਚ ਹੀ ਰਹਿ ਕੇ ਠੀਕ ਹੋ ਸਕਦੇ ਹਨ। ਪਰ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਹਿਰ ਡਾਕਟਰ ਤੋਂ ਹੀ ਦਵਾਈ ਲੈਣ ਅਤੇ ਆਪਣੇ ਆਪ ਲਈਆਂ ਦਵਾਈਆਂ ਨੁਕਸਾਨ ਕਰਦੀਆਂ ਹਨ। ਉਨਾਂ ਨੇ ਕਿਹਾ ਕਿ ਪੰਚਾਇਤਾਂ ਦੇ ਸਹਿਯੋਗ ਬਿਨਾਂ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ।

    ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਸਰਕਾਰ ਵੱਲੋਂ ਕੋਵਿਡ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲੇ ਪੰਚਾਇਤਾਂ ਨਾਲ ਸਾਂਝੇ ਕੀਤੇ। ਡਾ: ਕੇਕੇ ਤਲਵਾਰ ਨੇ ਇਸ ਪ੍ਰੋਗਰਾਮ ਦੀ ਪੂਰੀ ਰੂਪਰੇਖਾ ਪੰਚਾਇਤਾਂ ਨਾਲ ਸਾਂਝੀ ਕੀਤੀ। ਸ੍ਰੀਮਤੀ ਸੀਮਾ ਜੈਨ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਵਿਭਾਗ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ।

    ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਕੋਵਿਡ ਦੇ ਪ੍ਰਬੰਧਨ ਲਈ ਸਾਰੇ ਵਿਭਾਗਾਂ ਨੂੰ ਪਹਿਲਾਂ ਹੀ ਮੁਸਤੈਦੀ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ। ਉਨਾਂ ਨੇ ਲੋਕਾਂ ਨੂੰ ਕੋਵਿਡ ਦੇ ਲੱਛਣ ਹੋਣ ਤੇ ਬਿਨਾਂ ਦੇਰੀ ਟੈਸਟ ਕਰਵਾਉਣ ਦੀ ਅਪੀਲ ਕੀਤੀ।